ਕ੍ਰਿਸਮਸ ਦੇ ਤਿਉਹਾਰ ਵਿਚ ਚਾਰ-ਪੰਜ ਦਿਨ ਬਾਕੀ ਸਨ। ਹੈਰੀ ਇਸ ਤਿਉਹਾਰ ਨੂੰ ਬੇਸਬਰੀ ਨਾਲ ਉਡੀਕ ਰਿਹਾ ਸੀ। ਹੈਰੀ ਦੇ ਪਾਪਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਉਹ ਉਸ ਨੂੰ ਸੇਂਟਾ ਵਾਲੀ ਪੁਸ਼ਾਕ ਲੈ ਕੇ ਦੇਣਗੇ।
ਹੈਰੀ ਸਕੂਲ ਤੋਂ ਘਰ ਆ ਰਿਹਾ ਸੀ। ਰਾਹ ਵਿਚ ਉਸ ਨੇ ਦੇਖਿਆ ਕਿ ਕਈ ਦੁਕਾਨਾਂ ਦੇ ਬਾਹਰ ਸਾਂਤਾ ਕਲਾਜ਼ ਦੀਆਂ ਪੁਸ਼ਾਕਾਂ ਟੰਗੀਆਂ ਹੋਈਆਂ ਸਨ। ਹੈਰੀ ਨੇ ਇਕ ਦੁਕਾਨ ਦੇ ਬਾਹਰ ਟੰਗੀ ਸੈਂਟਾ ਵਾਲੀ ਪੁਸ਼ਾਕ ਮਨ ਹੀ ਮਨ ਪਸੰਦ ਕਰ ਲਈ ਸੀ ਕਿ ਉਹ ਇਸ ਵਾਰ ਪਾਪਾ ਨੂੰ ਇਹੋ ਪੁਸ਼ਾਕ ਲੈ ਕੇ ਦੇਣ ਲਈ ਕਹੇਗਾ। ਹੈਰੀ ਦੇ ਪਾਪਾ ਇਕ ਫੈਕਟਰੀ ਵਿਚ ਕੰਮ ਕਰਦੇ ਸਨ ਜੋ ਕਿ ਘਾਟੇ ਵਿਚ ਚੱਲ ਰਹੀ ਸੀ ਤੇ ਜਿਸ ਕਾਰਨ ਫੈਕਟਰੀ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਸੀ ਮਿਲਦੀ। ਫਿਰ ਹੈਰੀ ਦੇ ਪਾਪਾ ਦੀ ਤਨਖਾਹ ਵੀ ਕੁਝ ਜ਼ਿਆਦਾ ਨਹੀਂ ਸੀ ਜਿਸ ਕਾਰਨ ਉਹ ਹੈਰੀ ਦੀ ਪੜ੍ਹਾਈ ਤੋਂ ਇਲਾਵਾ ਉਸ ਦੇ ਦੂਜੇ ਖ਼ਰਚੇ ਵੀ ਚੁੱਕ ਸਕਦੇ। ਫਿਰ ਇਸ ਮਹੀਨੇ ਫੈਕਟਰੀ ਵਿਚ ਹੜਤਾਲ ਦੇ ਚਲਦਿਆਂ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਸੀ ਮਿਲੀ। ਕ੍ਰਿਸਮਸ ਦੇ ਦਿਨ ਹੈਰੀ ਆਪਣੇ ਦੋਸਤਾਂ ਨਾਲ ਕ੍ਰਿਸਮਸ ਰੁੱਖ ਸਜਾ ਰਿਹਾ ਸੀ। ਉਸ ਦੇ ਪਾਪਾ ਨੇ ਸੋਚਿਆ ਕਿ ਚਲੋ ਹੈਰੀ ਸੇਂਟਾ ਵਾਲੀ ਪੁਸ਼ਾਕ ਲੈਣਾ ਭੁੱਲ ਗਿਆ ਹੈ। ਇਹੋ ਤਾਂ ਉਹ ਚਾਹੁੰਦੇ ਸਨ। ਪਰ ਇਹ ਕੀ ਜਿਵੇਂ ਹੀ ਹੈਰੀ ਥੋੜ੍ਹਾ ਵਿਹਲਾ ਹੋਇਆ ਤਾਂ ਉਸ ਨੇ ਆਪਣੇ ਪਾਪਾ ਨੂੰ ਝੱਟ ਆਖਿਆ, 'ਪਾਪਾ, ਸੇਂਟਾ ਦੀ ਪੁਸ਼ਾਕ...ਯਾਦ ਐ ਨਾ...?'
'...ਹਾਂ ਹਾਂ ਯਾਦ ਐ ਯਾਦ ਐ...ਤੂੰ ਤਿਆਰ ਹੋ ਜਾਹ, ਆਪਾਂ ਬਾਜ਼ਾਰ ਚਲਦੇ ਆਂ।'' ਕਹਿ ਕੇ ਉਸ ਦੇ ਪਾਪਾ ਅਣਮੰਨੇ ਜਿਹੇ ਮਨ ਨਾਲ ਕਮਰੇ ਅੰਦਰ ਚਲੇ ਗਏ ਤੇ ਆਪਣੀ ਜੇਬ ਵਿਚੋਂ ਪੈਸੇ ਕੱਢ ਕੇ ਗਿਣਨ ਲੱਗੇ ਪਰ ਪੈਸੇ ਕਾਫੀ ਘੱਟ ਸੀ। ਉਹ ਜਾਣਦੇ ਸਨ ਕਿ ਇੰਨੇ ਪੈਸਿਆਂ ਵਿਚ ਤਾਂ ਇਸ ਮਹਿੰਗਾਈ ਦੇ ਯੁੱਗ ਵਿਚ ਪੁਸ਼ਾਕ ਨਹੀਂ ਸੀ ਮਿਲਣੀ। ਹੈਰੀ ਦੇ ਪਾਪਾ ਨੇ ਹੈਰੀ ਵੱਲ ਦੇਖਿਆ ਉਹ ਖਿੜੇ ਚਿਹਰੇ ਨਾਲ ਪਾਪਾ ਨੂੰ ਕਹਿਣ ਲੱਗਾ, 'ਚਲੋ ਚੱਲੀਏ, ਸੇਂਟਾ ਬਣ ਕੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਵਿਖਾਵਾਂਗਾ ਤੇ ਫਿਰ ਉਨ੍ਹਾਂ ਨਾਲ ਖੂਬ ਮਸਤੀ ਕਰਾਂਗਾ। ਦਾੜ੍ਹੀ ਮੁੱਛ ਵਿਚ ਉਹ ਮੈਨੂੰ ਪਛਾਣ ਹੀ ਨਾ ਸਕਣਗੇ, ਕਿਉਂ ਪਾਪਾ...?'
'ਬਿਲਕੁਲ...।' ਉਸ ਦੇ ਪਾਪਾ ਨੇ ਕਿਹਾ ਤੇ ਫਿਰ ਦੋਵੇਂ ਬਾਜ਼ਾਰ ਚਲੇ ਗਏ। ਬਾਜ਼ਾਰ ਵਿਚੋਂ ਗੁਜ਼ਰਦਿਆਂ ਹੈਰੀ ਵਾਰ ਵਾਰ ਆਪਣੇ ਪਾਪਾ ਵੱਲ ਵੇਖਦਾ ਤੇ ਕੋਈ ਨਾ ਕੋਈ ਸਵਾਲ ਕਰਦਾ, "ਪਾਪਾ ਤੁਸੀਂ ਕਦੇ ਸੇਂਟਾ ਬਣੇ ਹੋ...?''
ਪਰ ਹੈਰੀ ਦੇ ਪਾਪਾ ਸੋਚੀਂ ਪਏ ਸਨ ਕਿ ਜੇਕਰ ਪੁਸ਼ਾਕ ਲੈਣ ਵੇਲੇ ਪੈਸੇ ਘਟ ਗਏ ਤਾਂ ਕੀ ਦੁਕਾਨਦਾਰ ਉਨ੍ਹਾਂ ਨੂੰ ਉਧਾਰ ਦੇਵੇਗਾ ? ਇਸ ਨਾਲ ਹੈਰੀ ਦਾ ਮਨ ਉਦਾਸ ਹੋ ਜਾਵੇਗਾ। ਸੋਚੇਗਾ ਉਸ ਦੇ ਪਾਪਾ ਅੱਜ ਦੇ ਦਿਨ ਉਸ ਦੀ ਨਿੱਕੀ ਜਿਹੀ ਇੱਛਾ ਵੀ ਪੂਰੀ ਨਾ ਕਰ ਸਕੇ। ਇਸੇ ਉਧੇੜਬੁਣ ਵਿਚ ਅਚਾਨਕ ਉਨ੍ਹਾਂ ਦੀ ਬਾਂਹ ਨੂੰ ਹਿਲਾ ਕੇ ਹੈਰੀ ਨੇ ਪੁੱਛਿਆ,"ਪਾਪਾ ਕਿਧਰ ਗੁਆਚ ਗਏ...ਦੁਕਾਨ ਆ ਗਈ...ਵੇਖੋ ਕਿੰਨੀ ਸੋਹਣੀ ਪੁਸ਼ਾਕ ਐ ਸੇਂਟਾ ਦੀ...ਇਹੋ ਤਾਂ ਮੈਂ ਲੈਣੀ ਐ ...। ''
ਉਸ ਦੇ ਪਾਪਾ ਨੇ ਦੁਕਾਨਦਾਰ ਤੋਂ ਪੁਸ਼ਾਕ ਦੀ ਕੀਮਤ ਪੁੱਛੀ ਤਾਂ ਸੁਣ ਕੇ ਸਿਰ ਝੁਕਾ ਲਿਆ। ਫਿਰ ਝੁਕੇ ਸਿਰ ਨਾਲ ਆਪਣੀ ਜੇਬ ਵੱਲ ਨਜ਼ਰ ਮਾਰੀ ਜਿਸ ਵਿਚ ਪੁਸ਼ਾਕ ਦੇ ਪੂਰੇ ਪੈਸੇ ਨਹੀਂ ਸਨ। ਦੁਕਾਨਦਾਰ ਨੇ ਹੈਰੀ ਨੂੰ ਪੁਸ਼ਾਕ ਪਹਿਨਾ ਕੇ ਵੇਖੀ ਤਾਂ ਉਹ ਉਸ ਦੇ ਨਾਪ ਦੀ ਸੀ। ਹੈਰੀ ਉਸ ਵਿਚ ਬੜਾ ਜਚ ਰਿਹਾ ਸੀ। ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਪਰ ਉਸ ਦੇ ਪਾਪਾ ਦੇ ਚਿਹਰੇ 'ਤੇ ਖੁਸ਼ੀ ਨਹੀਂ ਸੀ। ਉਸ ਦੇ ਪਾਪਾ ਦੁਕਾਨਦਾਰ ਨਾਲ ਅੱਖਾਂ ਨਹੀਂ ਸਨ ਮਿਲਾ ਰਹੇ। ਉਹ ਹੁਣ ਦੁਕਾਨਦਾਰ ਨੂੰ ਕਿਵੇਂ ਆਖਣ ਕਿ ਬਾਕੀ ਦੇ ਪੈਸੇ ਫਿਰ ਲੈ ਲਵੇ? ਉਹ ਦੁਕਾਨਦਾਰ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਸੀ। ਫਿਰ ਉਨ੍ਹਾਂ ਨੇ ਝਿਜਕਦੇ ਹੋਏ ਆਪਣੀ ਜੇਬ ਵਿਚੋਂ ਪੈਸੇ ਕੱਢੇ ਤੇ ਦੁਕਾਨਦਾਰ ਨੂੰ ਦਬੀ ਜਿਹੀ ਆਵਾਜ਼ ਵਿਚ ਕਿਹਾ, 'ਮੇਰੇ ਕੋਲ ਐਨੇ ਹੀ ਪੈਸੇ ਨੇ ਜੇਕਰ ਤੁਹਾਨੂੰ ਠੀਕ ਲੱਗਦਾ ਹੈ ਤਾਂ ਪੁਸ਼ਾਕ ਦੇ ਦਿਓ...।'
'ਨਹੀਂ ਇਹ ਤਾਂ ਬਹੁਤ ਹੀ ਜ਼ਿਆਦਾ ਘੱਟ ਨੇ। ਮੈਂ ਥੋੜ੍ਹੇ ਬਹੁਤ ਹੀ ਘੱਟ ਕਰ ਸਕਦਾ ਹਾਂ। ਤੁਸੀਂ ਕਿਸੇ ਹੋਰ ਦੁਕਾਨ ਤੇ ਜਾਓ', ਦੁਕਾਨਦਾਰ ਨੇ ਦੋ ਟੁਕ ਕਿਹਾ।
ਪਰ ਹੈਰੀ ਤਾਂ ਪੁਸ਼ਾਕ ਲਾਹੁਣ ਲਈ ਤਿਆਰ ਨਹੀਂ ਸੀ। ਉਸ ਨੂੰ ਤਾਂ ਹਰ ਹਾਲ ਵਿਚ ਪੁਸ਼ਾਕ ਚਾਹੀਦੀ ਸੀ। ਉਹ ਰੋਣ ਲੱਗ ਪਿਆ। ਉਸ ਦੇ ਪਾਪਾ ਇਸੇ ਸ਼ਸ਼ੋਪੰਜ ਵਿਚ ਸਨ ਕਿ ਹੁਣ ਕੀ ਕਰਨ? ਤਦੇ ਦੁਕਾਨਦਾਰ ਦਾ ਬੇਟਾ ਲਾਰੈਂਸ ਅੰਦਰ ਆਇਆ ਤੇ ਹੈਰੀ ਨੂੰ ਵੇਖ ਕੇ ਬੋਲਿਆ, 'ਹੈਲੋ ਹੈਰੀ ਕੀ ਹਾਲ ਐ...?' ਹੈਰੀ ਵੀ ਹੁਣ ਚੁੱਪ ਹੋ ਗਿਆ ਤੇ ਮੁਸਕਰਾ ਕੇ ਲਾਰੈਂਸ ਨਾਲ ਗਲੇ ਮਿਲਿਆ ਤੇ ਦੋਵੇਂ ਇਕ ਦੂਜੇ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦੇਣ ਲੱਗੇ।
ਦੋਵੇਂ ਇਕੋ ਜਮਾਤ ਵਿਚ ਪੜ੍ਹਦੇ ਸਨ ਤੇ ਦੋਹਾਂ ਦੀ ਦੋਸਤੀ ਨਵੀਂ ਸੀ। ਇਹ ਗੱਲ ਲਾਰੈਂਸ ਦੇ ਪਾਪਾ ਤੇ ਹੈਰੀ ਦੇ ਪਾਪਾ ਨਹੀਂ ਜਾਣਦੇ ਸਨ।
'ਪਾਪਾ, ਪਿਛਲੇ ਮਹੀਨੇ ਜਦੋਂ ਮੈਂ ਲਗਾਤਾਰ ਬਿਮਾਰ ਰਿਹਾ ਤਾਂ ਮੇਰਾ ਹੋਮਵਰਕ ਹੈਰੀ ਨੇ ਹੀ ਤਾਂ ਕੀਤਾ ਸੀ। ਇਹ ਮੇਰਾ ਦੋਸਤ ਹੈਰੀ...।'
'ਲਾਰੈਂਸ ਤੂੰ ਕਦੇ ਦੱਸਿਆ ਹੀ ਨਹੀਂ ਕਿ ਤੁਹਾਡੀ ਦੁਕਾਨ ਵੀ ਹੈ...?' ਹੈਰੀ ਨੇ ਲਾਰੈਂਸ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ, 'ਦੱਸਿਆ ਸੀ ਸ਼ਾਇਦ ਤੂੰ ਹੀ ਭੁੱਲ ਗਿਆ...।'
'ਅੱਛਾ ਤਾਂ ਇਹ ਹੈਰੀ ਹੈ...। ਹੈਰੀ ਬੇਟਾ, ਤੂੰ ਔਖੇ ਸਮੇਂ ਵਿਚ ਆਪਣੇ ਦੋਸਤ ਦੀ ਮਦਦ ਕੀਤੀ। ਇਹ ਚੰਗੀ ਗੱਲ ਹੈ, ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ। ਲਾਰੈਂਸ ਤੇਰੀ ਬਹੁਤ ਤਾਰੀਫ਼ ਕਰਦਾ ਹੈ। ਇਹ ਪੁਸ਼ਾਕ ਹੁਣ ਤੇਰੀ ਹੋਈ। ਤੇਰੇ ਦੋਸਤ ਲਾਰੈਂਸ ਵਲੋਂ ਕ੍ਰਿਸਮਸ ਦਾ ਤੋਹਫ਼ਾ...।'
ਹੈਰੀ ਨੇ ਇਕ ਨਜ਼ਰ ਆਪਣੇ ਪਾਪਾ ਵੱਲ ਵੇਖਿਆ ਤਾਂ ਉਨ੍ਹਾਂ ਨੇ ਵੀ ਹੈਰੀ ਨੂੰ ਪੁਸ਼ਾਕ ਰੱਖਣ ਦੀ ਸਹਿਮਤੀ ਦੇ ਦਿੱਤੀ। ਘਰ ਮੁੜਦੇ ਸਮੇਂ ਹੈਰੀ ਦੇ ਪਾਪਾ ਨੇ ਕ੍ਰਿਸਮਸ ਦਾ ਛੋਟਾ ਜਿਹਾ ਕੇਕ ਖਰੀਦਿਆ ਤੇ ਫਿਰ ਸਭ ਨੇ ਮਿਲ ਕੇ ਕ੍ਰਿਸਮਸ ਦਾ ਤਿਉਹਾਰ ਮਨਾਇਆ।
-ਆਰ.ਟੀ.ਆਈ ਸੈੱਲ , ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98723-2596