ਭਾਰਤ ਦਾ ਰਾਸ਼ਟਰੀ ਗੀਤ 'ਵੰਦੇ ਮਾਤਰਮ' ਬੰਗਾਲ ਦੇ ਪ੍ਰਸਿੱਧ ਨਾਵਲਕਾਰ ਅਤੇ ਕਵੀ ਬੰਕਿਮ ਚੰਦਰ ਚਟੋਪਾਧਿਆਏ (ਬੰਕਿਮ ਚੰਦਰ ਚੈਟਰਜੀ) ਨੇ 1870ਵਿਆਂ ਵਿਚ ਲਿਖਿਆ ਸੀ। ਉਨ੍ਹਾਂ ਦਾ ਜਨਮ 27 ਜੂੁਨ 1838 ਨੂੰ ਪੱਛਮੀ ਬੰਗਾਲ ਦੇ ਉੱਤਰੀ ਪਰਗਾਨਾਸ ਜ਼ਿਲ੍ਹੇ ਵਿਚ ਕੰਥਲਪਾੜਾ ਪਿੰਡ 'ਚ ਹੋਇਆ। ਮੂਲ ਰੂੁਪ ਵਿਚ ਵੰਦੇ ਮਾਤਰਮ ਦੀ ਭਾਸ਼ਾ ਸੰਸਕ੍ਰਿਤ ਅਤੇ ਬੰਗਲਾ ਭਾਸ਼ਾਵਾਂ ਦਾ ਮਿਸ਼ਰਨ ਹੈ। ਪਹਿਲੀ ਵਾਰ ਵੰਦੇ ਮਾਤਰਮ 7 ਨਵੰਬਰ 1875 ਨੂੰ ਸਾਹਿਤਕ ਰਸਾਲੇ 'ਬੰਗਦਰਸ਼ਨ' ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਗੀਤ ਨੂੰ ਬੰਕਿਮ ਚੰਦਰ ਚਟੋਪਾਧਿਆਏ ਨੇ ਆਪਣੇ ਪ੍ਰਸਿੱਧ ਬੰਗਾਲੀ ਨਾਵਲ 'ਆਨੰਦਮੱਠ' ਵਿਚ ਸ਼ਾਮਿਲ ਕੀਤਾ ਜੋ ਸਾਲ 1882 ਵਿਚ ਪ੍ਰਕਾਸ਼ਿਤ ਹੋਇਆ। ਇਸ ਰਾਸ਼ਟਰੀ ਗੀਤ ਨੂੰ ਪਹਿਲੀ ਵਾਰ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ 1896 'ਚ ਕਲਕੱਤਾ (ਹੁਣ ਕੋਲਕਾਤਾ) ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਜਲਾਸ ਵਿਚ ਜਨਤਕ ਤੌਰ 'ਤੇ ਗਾਇਆ ਸੀ। 24 ਜਨਵਰੀ 1950 ਨੂੰ ਸੰਵਿਧਾਨ ਸਭਾ ਨੇ ਅਧਿਕਾਰਤ ਤੌਰ 'ਤੇ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਵਜੋਂ ਅਪਣਾਇਆ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ।
ਵੰਦੇ ਦਾ ਅਰਥ ਹੈ-ਮੈਂ ਤੈਨੂੰ ਸਲਾਮ ਕਰਦਾ ਹਾਂ ਜਾਂ ਮੈਂ ਤੇਰੀ ਪ੍ਰਸ਼ੰਸਾ ਕਰਦਾ ਹਾਂ ਅਤੇ ਮਾਤਰਮ ਦਾ ਅਰਥ ਹੈ- ਮਾਂ। ਇਸ ਗੀਤ ਵਿਚ ਭਾਰਤ ਦੇਸ਼ ਨੂੰ ਮਾਂ ਕਿਹਾ ਗਿਆ ਹੈ। ਵੰਦੇ ਮਾਤਰਮ ਭਾਰਤ ਮਾਤਾ ਦੀ ਮਿੱਟੀ ਅਤੇ ਰੂਹ ਨੂੰ ਨਮਨ ਹੈ। ਇਸ ਗੀਤ ਵਿਚ ਮਾਤਰਭੂਮੀ ਦੇ ਸ਼ੀਤਲ ਜਲ, ਫ਼ਲਾਂ, ਫ਼ਸਲਾਂ, ਵਨਸਪਤੀ ਆਦਿ ਦਾ ਵਰਨਣ ਕੀਤਾ ਗਿਆ ਹੈ।
ਭਾਰਤ ਸਰਕਾਰ ਵਲੋਂ ਸਾਲ 2025 ਵਿਚ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵਿਚ ਇਸ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਗੀਤ ਰਾਸ਼ਟਰੀ ਏਕਤਾ ਦੇ ਨਾਲ ਨਾਲ ਲੋਕਾਂ ਵਿਚ ਆਪਣੀ ਮਾਤਰਭੂਮੀ ਲਈ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ। ਵੰਦੇ ਮਾਤਰਮ ਨੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਆਓ, ਆਪਾਂ ਸਾਰੇ ਇਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜ਼ਰੂਰ ਜਾਣੂ ਹੋਈਏ।
-ਮੋਬਾਈਲ : 98145-92534