ਮੌਸਮ ਨੇ ਕਰਵਟ ਲੈ ਲਈ ਹੈ ਅਤੇ ਹੁਣ ਰਾਤ ਅਤੇ ਸਵੇਰ ਵੇਲੇ ਠੰਢ ਹੋਣੀ ਸ਼ੁਰੂ ਹੋ ਗਈ ਹੈ। ਮੌਸਮ ਵਿਗਿਆਨ ਨੇ ਵੀ ਆਉਣ ਵਾਲੇ ਦਿਨਾਂ ਵਿਚ ਸੀਤ ਲਹਿਰ ਹੋਰ ਤੇਜ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਠੰਢ ਵਿਚ ਵਾਧਾ ਜਿਵੇਂ-ਜਿਵੇਂ ਹੋ ਰਿਹਾ ਹੈ ਉਸ ਤੋਂ ਬਚਣ ਲਈ ਉਪਰਾਲਿਆਂ ਵਿਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਮੋਟੇ ਅਤੇ ਗਰਮ ਕੱਪੜਿਆਂ ਦੇ ਨਾਲ-ਨਾਲ ਅੱਗ ਬਾਲ ਕੇ ਸੇਕਣਾ ਇਕ ਆਮ ਗੱਲ ਹੈ। ਜਗ੍ਹਾ-ਜਗ੍ਹਾ ਸੜਕ ਕਿਨਾਰੇ ਅਤੇ ਘਰਾਂ ਵਿਚ ਅੱਗ ਬਾਲ ਕੇ ਸੇਕੀ ਜਾਂਦੀ ਹੈ, ਪਰੰਤੂ ਬੰਦ ਕਮਰੇ ਵਿਚ ਅੱਗ ਜਾਂ ਅੰਗੀਠੀ ਬਾਲਣਾ ਖ਼ਤਰਿਆਂ ਨੂੰ ਸੱਦਾ ਦੇਣਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਬੰਦ ਕਮਰਿਆਂ ਵਿਚ ਅੰਗੀਠੀ ਬਾਲ ਕੇ ਕਿਓਂ ਨਹੀਂ ਸੌਣਾ ਚਾਹੀਦਾ ਜਾਂ ਬੰਦ ਕਮਰੇ ਵਿਚ ਅੰਗੀਠੀ ਕਿਉਂ ਨਹੀਂ ਬਾਲਣੀ ਚਾਹੀਦੀ, ਇਸ ਦਾ ਜਵਾਬ ਸਾਨੂੰ ਵਿਗਿਆਨ ਦਿੰਦਾ ਹੈ। ਅਸੀਂ ਜਾਣਦੇ ਹਾਂ ਕਿ ਮਨੁੱਖ ਦੇ ਜਿਉਂਦੇ ਰਹਿਣ ਲਈ ਆਕਸੀਜਨ ਗੈਸ ਬਹੁਤ ਜ਼ਰੂਰੀ ਹੈ। ਮਨੁੱਖ ਸਾਹ ਰਾਹੀਂ ਆਕਸੀਜਨ ਗੈਂਸ ਅੰਦਰ ਲੈ ਕੇ ਜਾਂਦਾ ਹੈ ਅਤੇ ਕਾਰਬਨ ਡਾਈਆਕਸਾਈਡ (3®੨) ਗੈਸ ਬਾਹਰ ਕੱਢਦਾ ਹੈ। ਕਮਰਾ ਬੰਦ ਹੋਣ ਕਰਕੇ ਕਮਰੇ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ । ਜਦੋਂ ਬੰਦ ਕਮਰੇ ਵਿਚ ਅੰਗੀਠੀ ਬਾਲੀ ਜਾਂਦੀ ਹੈ ਤਾਂ ਅੰਗੀਠੀ ਵਿਚੋਂ ਨਿਕਲ ਰਿਹਾ ਧੂੰਆਂ ਸਾਡੇ ਫੇਫੜਿਆਂ ਵਿਚ ਜਾ ਕੇ ਹੀਮੋਗਲੋਬਿਨ ਨਾਲ ਮਿਲ ਕੇ ਕਾਰਬੋਕਸੀਹੀਮੋਗਲੋਬਿਨ ਬਣਾ ਲੈਂਦਾ ਹੈ ਜ਼ੋ ਸਿਹਤ ਲਈ ਹਾਨੀਕਾਰਕ ਹੈ, ਜਿਸ ਨਾਲ ਵਿਅਕਤੀ ਨੂੰ ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ। ਇਸ ਲਈ ਬੰਦ ਕਮਰੇ ਵਿਚ ਅੰਗੀਠੀ ਬਾਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਨਾ ਵਾਪਰ ਸਕੇ।
-ਪਿੰਡ ਕਾਲਝਰਾਣੀ, ਡਾਕਖਾਨਾ ਚੱਕ ਅਤਰ ਸਿੰਘ ਵਾਲਾ, ਤਹਿਸੀਲ ਅਤੇ ਜਿਲ੍ਹਾ ਬਠਿੰਡਾ
ਮੋਬਾਈਲ : 70873-67969