ਕਣਕ, ਛੋਲੇ ਤੇ ਤੇਲ ਬੀਜ ਫ਼ਸਲ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹਨ। ਇਨ੍ਹਾਂ ਫਸਲਾਂ 'ਤੇ ਆਉਣ ਵਾਲੇ ਕੀੜਿਆਂ ਕਾਰਨ ਨੁਕਸਾਨ ਕਾਫ਼ੀ ਜ਼ਿਆਦਾ ਹੁੰਦਾ ਹੈ, ਇਸ ਲਈ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੈ। ਇਨ੍ਹਾਂ ਕੀੜੇ ਮਕੌੜਿਆਂ ਦਾ ਸਹੀ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਅਤੇ ਗੁਣਵੱਤਾ ਵਿਚ ਸੁਧਾਰ ਕਰ ਸਕਦਾ ਹੈ।
ਤੇਲ ਬੀਜ ਫ਼ਸਲ
ਸਲੇਟੀ ਸੁੰਡੀ: ਇਹ ਸੁੰਡੀ ਫ਼ਸਲ ਦੀ ਛੋਟੀ ਅਵਸਥਾ 'ਤੇ ਹਮਲਾ ਕਰਦੀ ਹੈ ਅਤੇ ਵੱਡੀ ਗਿਣਤੀ 'ਚ ਪੱਤੇ ਖਾ ਕੇ ਨੁਕਸਾਨ ਕਰਦੀ ਹੈ। ਬੂਟਿਆਂ ਨੂੰ ਥੋੜ੍ਹਾ ਜਿਹਾ ਹੀ ਹਿਲਾੳਣ 'ਤੇ ਇਹ ਹੇਠਾਂ ਡਿੱਗ ਜਾਂਦੀਆਂ ਹਨ ਅਤੇ ਕਾਫ਼ੀ ਦੇਰ ਤੱਕ ਇਸੇ ਅਵਸਥਾ 'ਚ ਪਈਆਂ ਰਹਿੰਦੀਆਂ ਹਨ। ਸ਼ੁਰੂਆਤੀ ਅਵਸਥਾ 'ਚ ਹਮਲਾ ਹੋਣ ਕਾਰਨ ਕਈ ਵਾਰ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ।
ਰੋਕਥਾਮ: ਇਸ ਦੀ ਰੋਕਥਾਮ 250 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਪ੍ਰਤੀ ਏਕੜ ਦਾ 60 ਤੋਂ 80 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ।
ਰਾਇਆ ਦਾ ਚੇਪਾ: ਚੇਪਾ ਸਰ੍ਹੋਂ ਦੀ ਫ਼ਸਲ ਦਾ ਮੁੱਖ ਹਾਨੀਕਾਰਕ ਕੀੜਾ ਹੈ। ਸਰ੍ਹੋਂ 'ਤੇ ਇਹ ਆਮ ਕਰਕੇ ਜਨਵਰੀ ਤੋਂ ਲੈ ਕੇ ਅੱਧ ਮਾਰਚ ਤੱਕ ਵਧੇਰੇ ਨੁਕਸਾਨ ਕਰਦਾ ਹੈ। ਇਹ ਕੀੜਾ ਆਮ ਕਰਕੇ ਸਰ੍ਹੋਂ ਦੀਆਂ ਫੁੱਲਾਂ ਵਾਲੀਆਂ ਸ਼ਾਖਾਵਾਂ 'ਤੇ ਵੱਡੀ ਗਿਣਤੀ 'ਚ ਝੁੰਡਾਂ ਦੇ ਰੂਪ ਵਿਚ ਚਿਪਕਿਆ ਹੋਇਆ ਨਜ਼ਰ ਆਉਂਦਾ ਹੈ ਅਤੇ ਪੱਤੇ, ਫੁੱਲ ਤੇ ਫਲੀਆਂ ਦਾ ਰਸ ਚੂਸਦਾ ਹੈ। ਸਿੱਟੇ ਵਜੋਂ ਬੂਟੇ ਆਕਾਰ 'ਚ ਛੋਟੇ ਰਹਿ ਜਾਂਦੇ ਹਨ, ਫੁੱਲ ਅਤੇ ਫ਼ਲੀਆਂ ਮੁਰਝਾਅ ਜਾਂਦੇ ਹਨ ਅਤੇ ਫਲੀਆਂ 'ਚ ਦਾਣੇ ਵੀ ਪੂਰੀ ਤਰ੍ਹਾਂ ਨਹੀਂ ਬਣਦੇ। ਭਾਰੀ ਹਮਲੇ ਦੀ ਸੂਰਤ ਵਿਚ ਫ਼ਸਲ ਮੁਰਝਾਈ ਹੋਈ ਜਾਪਦੀ ਹੈ ਅਤੇ ਇਸ ਤੋਂ ਝਾੜ ਵੀ ਕੋਈ ਖ਼ਾਸ ਪ੍ਰਾਪਤ ਨਹੀਂ ਹੁੰਦਾ। ਇਸ ਕੀੜੇ ਦੇ ਵਾਧੇ ਲਈ ਘੱਟ ਤਾਪਮਾਨ (ਘੱਟ ਤੋਂ ਘੱਟ 4-120 ਸੈਂਟੀਗ੍ਰੇਡ ਅਤੇ ਵੱਧ ਤੋਂ ਵੱਧ 16-300ਸੈਂਟੀਗ੍ਰੇਡ) ਅਤੇ ਔਸਤ ਨਾਲੋਂ ਵੱਧ ਹਵਾ 'ਚ ਨਮੀ (50-78%) ਕਾਫ਼ੀ ਸਹਾਈ ਹੁੰਦੇ ਹਨ।
ਰੋਕਥਾਮ: (ੳ) ਫ਼ਸਲ ਦੀ ਬਿਜਾਈ ਅਗੇਤੀ ਕਰੋ। ਹੋ ਸਕੇ ਤਾਂ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਹੋ ਜਾਣੀ ਚਾਹੀਦੀ ਹੈ। (ਅ) ਖਾਦਾਂ ਦੀ ਸਿਫ਼ਾਰਸ਼ ਕੀਤੀ ਮਿਕਦਾਰ ਹੀ ਪਾਓ। (ੲ) ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਕੀੜਿਆਂ ਦੀ ਪੌਦਿਆਂ 'ਤੇ ਗਿਣਤੀ ਅਤੇ ਉਨ੍ਹਾਂ ਦੇ ਨੁਕਸਾਨ ਕਰਨ ਦੀ ਸਮਰੱਥਾ ਦੇ ਆਧਾਰ 'ਤੇ ਕਰੋ। ਇਸ ਦਾ ਅੰਦਾਜ਼ਾ ਹੇਠ ਲਿਖੇ ਢੰਗਾਂ ਨਾਲ ਲਾਇਆ ਜਾ ਸਕਦਾ ਹੈ: ਇਕ ਏਕੜ ਰਕਬੇ 'ਚੋਂ 12 ਤੋਂ 16 ਬੂਟੇ ਜੋ ਕਿ ਖੇਤ 'ਚ ਇਕ-ਦੂਜੇ ਤੋਂ ਦੂਰ-ਦੂਰ ਹੋਣ, ਹਫ਼ਤੇ ਵਿਚ ਦੋ ਵਾਰ ਚੁਣੋ। ਇਹ ਕੰਮ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰ ਦਿਓ। ਜੇਕਰ ਪੌਦੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ 'ਤੇ ਚੇਪੇ ਦੀ ਗਿਣਤੀ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ 'ਤੇ ਹੋਵੇ ਤਾਂ ਛਿੜਕਾਅ ਕਰਨਾ ਚਾਹੀਦਾ ਹੈ ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀਮੀਟਰ ਚੇਪੇ ਨਾਲ ਢਕਿਆ ਜਾਵੇ ਜਾਂ ਜਦੋਂ 40 ਤੋਂ 50% ਪੌਦਿਆਂ 'ਤੇ ਚੇਪਾ ਨਜ਼ਰ ਆਵੇ (ਇਸ ਲਈ ਪ੍ਰਤੀ ਏਕੜ 100 ਪੌਦਿਆਂ ਦੀ ਪਰਖ ਕਰੋ)। ਜਦੋਂ ਕੀੜਿਆਂ ਦੀ ਗਿਣਤੀ ਉੱਪਰ ਦਿੱਤੇ ਪੱਧਰਾਂ 'ਤੇ ਪਹੁੰਚ ਜਾਵੇ ਤਾਂ ਹੇਠ ਲਿਖੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਚੇਪੇ ਦੀ ਰੋਕਥਾਮ ਹੋ ਸਕਦੀ ਹੈ। ਜੇਕਰ ਕੀੜਿਆਂ ਦੀ ਗਿਣਤੀ ਦੁਬਾਰਾ ਉੱਪਰ ਲਿਖੇ ਪੱਧਰ ਤੱਕ ਪਹੁੰਚ ਜਾਵੇ ਤਾਂ ਸਮੇਂ-ਸਮੇਂ 'ਤੇ ਛਿੜਕਾਅ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ।
ਰੋਕਥਾਮ: ਇਸ ਦੀ ਰੋਕਥਾਮ ਐਕਟਾਰਾ 25 ਡਬਲਯੂਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ 400 ਮਿਲੀਲਿਟਰ ਮੈਟਾਸਿਸਟਾਕਸ 25 ਈਸੀ (ਆਕਸੀਡੈਮੀਟੋਨ ਮੀਥਾਈਲ) ਜਾਂ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਜਾਂ ਡਰਸਬਾਨ/ਕੋਰੋਬਾਨ 20 ਈਸੀ (ਕਲੋਰਪਾਈਰੀਫਾਸ) 600 ਮਿਲੀਲਿਟਰ ਪ੍ਰਤੀ ਏਕੜ ਦਾ 80 ਤੋਂ 125 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਆਮ ਤੌਰ 'ਤੇ ਚੇਪੇ ਦਾ ਹਮਲਾ ਜਨਵਰੀ ਦੇ ਅੱਧ 'ਚ ਜ਼ਿਆਦਾ ਹੁੰਦਾ ਹੈ। ਇਸ ਲਈ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬੂਟਿਆਂ 'ਤੇ ਇਸ ਦੀ ਗਿਣਤੀ ਬਾਰੇ ਸੁਚੇਤ ਹੋਣ ਦੀ ਲੋੜ ਹੈ। ਇਸ 'ਤੇ ਕਾਬੂ ਪਾਉਣ ਦੇ ਢੰਗ ਅਤੇ ਸਮੇਂ ਬਾਰੇ ਫ਼ੈਸਲਾ ਕਰਨ ਲਈ ਲਗਾਤਾਰ ਦਿੱਤੇ ਗਏ ਸਮੇਂ ਦੇ ਵਕਫ਼ੇ ਅਨੁਸਾਰ ਪੌਦਿਆਂ 'ਤੇ ਇਸ ਦੀ ਗਿਣਤੀ ਕਰਦੇ ਰਹਿਣਾ ਚਾਹੀਦਾ ਹੈ। ਕੀਟਨਾਸ਼ਕਾਂ ਦਾ ਛਿੜਕਾਅ ਦੁਪਿਹਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ, ਜਦੋਂ ਪਰ-ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਘੱਟ ਹਰਕਤ 'ਚ ਹੁੰਦੇ ਹਨ।
ਛੋਲਿਆਂ ਦੀ ਫ਼ਸਲ
ਛੋਲਿਆਂ ਦੀ ਸੁੰਡੀ: ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੰਡੇ ਅਤੇ ਦਾਣਿਆਂ ਨੂੰ ਖਾਂਦੀ ਹੈ, ਜਿਸ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤਿਆਂ, ਡੋਡੀਆਂ ਵਿਚ ਮੋਰੀਆਂ, ਬੂਟਿਆਂ ਹੇਠਾਂ ਜ਼ਮੀਨ 'ਤੇ ਗੂੜ੍ਹੇ ਹਰੇ ਰੰਗ ਦੀਆਂ ਬਿੱਠਾਂ ਤੋਂ ਲਗਦਾ ਹੈ। ਜੇਕਰ ਹਮਲੇ ਵਾਲੇ ਬੂਟੇ ਨੂੰ ਜ਼ੋਰ ਨਾਲ ਹਿਲਾਇਆ ਜਾਵੇ ਤਾਂ ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ 'ਤੇ ਡਿੱਗ ਪੈਂਦੀਆਂ ਹਨ।
ਰੋਕਥਾਮ: ਛੋਲਿਆਂ ਦੀ ਸੁੰਡੀ ਦੀ ਰੋਕਥਾਮ ਲਈ ਜੈਵਿਕ ਸਰਵਪੱਖੀ ਕੀਟ ਪ੍ਰਬੰਧ (ਬੀ.ਆਈ.ਪੀ.ਐਮ.) ਨੂੰ ਅਪਣਾਓ।
(ੳ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਛੋਲਿਆਂ ਦੀਆਂ ਸੁਧਰੀਆਂ ਕਿਸਮਾਂ ਬੀਜੋ। (ਅ) ਛੋਲਿਆਂ ਦੀ ਸੁੰਡੀ ਦੇ ਨੁਕਸਾਨ ਨੂੰ ਘਟਾਉਣ ਲਈ ਛੋਲਿਆਂ ਦੀਆਂ ਹਰ 20 ਕਤਾਰਾਂ ਤੋਂ ਬਾਅਦ ਅਲਸੀ ਦੀਆਂ 2 ਕਤਾਰਾਂ ਅੰਤਰ ਫ਼ਸਲ ਵਜੋਂ ਬੀਜੋ। (ੲ) ਖੇਤ 'ਚ ਪਤੰਗੇ ਦੀ ਗਤੀਵਿਧੀ ਦੀ ਨਿਗਰਾਨੀ ਲਈ ਫਿਰੋਮੋਨ ਟਰੈਪ 02 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਓ। (ਸ) ਫੁੱਲ ਆਉਣ ਤੇ 1750 ਮਿਲੀਲੀਟਰ ਘਰ 'ਚ ਬਣੇ ਨਿੰਮ ਦੇ ਘੋਲ ਨੂੰ 80-100 ਲਿਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। (ਹ) ਆਰਥਿਕ ਕਗਾਰ ਪੱਧਰ (ਈ.ਟੀ.ਐੱਲ.) 'ਤੇ ਸੁੰਡੀ ਦੇ ਹਮਲੇ ਨੂੰ ਦੇਖਣ ਲਈ 10 ਵੱਖੋ-ਵੱਖਰੀਆਂ ਥਾਵਾਂ ਤੋਂ 100 ਬੂਟਿਆਂ ਨੂੰ ਝਾੜਨ 'ਤੇ ਜੇ 16 ਜਾਂ ਵੱਧ ਸੁੰਡੀਆਂ ਪ੍ਰਤੀ ਮੀਟਰ ਦੇ ਹਿਸਾਬ ਨਾਲ ਦਿਖਣ ਤਾਂ ਹੇਠ ਲਿਖੇ ਜੈਵਿਕ ਕੀਟਨਾਸ਼ਕ ਵਰਤੋ: 800 ਗ੍ਰਾਮ ਬੈਸੀਲਸ ਥੁਰੀਨਜਿਐਨਸਿਸ 0.5 ਡਬਲਯੂਪੀ (4®R 2t-1) ਜਾਂ 200 ਮਿਲੀਲਿਟਰ ਹੈਲੀਕੋਪ 2 ਏਐਸ (8a©PV) ਨੂੰ 80-100 ਲਿਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਤੇ ਲੋੜ ਪੈਣ 'ਤੇ 10 ਦਿਨਾਂ ਬਾਅਦ ਦੁਹਰਾਓ।
ਕਾਸ਼ਤਕਾਰੀ ਢੰਗਾਂ ਦੁਆਰਾ ਰੋਕਥਾਮ: ਛੋਲਿਆਂ ਦੀ ਸੁੰਡੀ ਦੇ ਨੁਕਸਾਨ ਨੂੰ ਘਟਾਉਣ ਲਈ ਛੋਲਿਆਂ ਦੀਆਂ ਹਰ 20 ਕਤਾਰਾਂ ਤੋਂ ਬਾਅਦ 2 ਕਤਾਰਾਂ ਅਲਸੀ ਦੀਆਂ ਬੀਜੋ।
2 ਕੀਟਨਾਸ਼ਕਾਂ ਦੁਆਰਾ ਰੋਕਥਾਮ: ਸੁੰਡੀ ਦੇ ਹਮਲੇ ਨੂੰ ਦੇਖਣ ਲਈ ਡੱਡੇ ਬਣਨ ਸਮੇਂ ਫ਼ਸਲ ਦਾ ਸਰਵੇਖਣ ਕਰੋ। ਇਕ ਏਕੜ ਰਕਬੇ ਪਿੱਛੇ 10 ਵੱਖੋ-ਵੱਖਰੀਆਂ ਥਾਵਾਂ ਤੋਂ ਬੂਟਿਆਂ ਨੂੰ ਝਾੜ ਕੇ ਸੁੰਡੀਆਂ ਦੀ ਗਿਣਤੀ ਪ੍ਰਤੀ ਮੀਟਰ ਕਤਾਰ ਦੇ ਹਿਸਾਬ ਨਾਲ ਰਿਕਾਰਡ ਕਰੋ। ਜੇ 10 ਥਾਵਾਂ (100 ਬੂਟੇ) ਤੋਂ 16 ਜਾਂ ਵੱਧ ਸੁੰਡੀਆਂ ਮਿਲਣ ਤਾਂ ਇਸ ਦੀ ਰੋਕਥਾਮ ਲਈ 800 ਗ੍ਰਾਮ ਬੈਸੀਲਸ ਥੁਰੀਨਜਿਐਨਸਿਸ 0.5 ਡਬਲਯੂਪੀ (4®R 2t-1) ਜਾਂ 200 ਮਿਲੀਲਿਟਰ ਹੈਲੀਕੋਪ 2 ਏਐਸ (8a©PV) ਜਾਂ 50 ਮਿਲੀਲਿਟਰ ਕੋਰਾਜ਼ਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸਜੀ (ਐਮਾਮੈਕਟਿਨ ਬੈਨਜ਼ੋਏਟ) ਜਾਂ 160 ਮਿਲੀਲਿਟਰ ਰਿਮੌਨ 10 ਈਸੀ (ਨੋਵਾਲਿਓਰਾਨ) ਨੂੰ 80-100 ਲਿਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇ ਲੋੜ ਪਵੇ ਤਾਂ 2 ਹਫ਼ਤਿਆਂ ਪਿੱਛੋਂ ਕੀਟਨਾਸ਼ਕ ਦੀ ਵਰਤੋਂ ਫੇਰ ਦੁਹਰਾਓ। ਪਹਿਲੇ ਛਿੜਕਾਅ ਲਈ ਜੈਵਿਕ ਕੀਟਨਾਸ਼ਕਾਂ ਨੂੰ ਤਰਜੀਹ ਦਿਓ ਅਤੇ ਜੇ ਲੋੜ ਪਵੇ ਤਾਂ ਹਫ਼ਤੇ ਬਾਅਦ ਦੁਬਾਰਾ ਛਿੜਕਾਅ ਕਰੋ।
ਚਿਤਾਵਨੀ: ਕੋਰਾਜ਼ਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਦੇ ਛਿੜਕਾਅ ਤੋਂ 3 ਦਿਨ ਬਾਅਦ ਫ਼ਸਲ ਤੋਂ ਭੁਰਜੀ ਜਾਂ ਛੋਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ।
ਤੇਲ ਬੀਜ ਤੇ ਛੋਲਿਆਂ ਦੀ ਫ਼ਸਲ ਦੇ ਕੀੜਿਆਂ ਦੀ ਸਰਬਪੱਖੀ ਰੋਕਥਾਮ
ਅਜੀਤ ਡੈਸਕ
09-12-2025