ਸ਼ਹਿਰਾਂ ਦੀਆਂ ਸੜਕਾਂ ਹੋਣ ਜਾਂ ਪਿੰਡਾਂ ਦੀ ਡੰਡੀਆਂ, ਹਰ ਥਾਂ 'ਟਨ-ਟਨ' ਅਤੇ 'ਠਕ-ਠਕ' ਦੀ ਆਵਾਜ਼ ਦੇ ਨਾਲ ਜੇਕਰ ਕੋਈ ਪੱਛਮੀ ਸੱਭਿਅਤਾ ਸਕਿੰਟਾਂ ਵਿਚ ਛਾ ਗਈ ਹੈ, ਤਾਂ ਉਹ ਹੈ ਫਾਸਟ ਫੂਡ ਦਾ ਵਧਦਾ ਰੁਝਾਨ।
ਹਰ ਕਿਸੇ ਦੀ ਜੀਭ 'ਤੇ ਫਾਸਟ ਫੂਡ ਦਾ ਸਵਾਦ ਚੜ੍ਹ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਸ਼ਹਿਰਾਂ ਵਿਚ ਤਾਂ ਭਰਮਾਰ ਹੈ ਹੀ, ਨਾਲ ਦੀ ਨਾਲ ਹੁਣ ਪਿੰਡਾਂ ਵਿਚ ਵੀ ਥਾਂ-ਥਾਂ ਠੇਲੇ 'ਤੇ ਫਾਸਟ ਫੂਡ ਦੇ ਸਟਾਲ ਮਿਲ ਜਾਣਗੇ।
ਫਾਸਟ ਫੂਡ ਜਾਂ ਜੰਕ ਫੂਡ ਦੇ ਫੈਸ਼ਨ ਦਾ ਚਸਕਾ ਸਭ ਤੋਂ ਜ਼ਿਆਦਾ ਕਿਸੇ ਨੂੰ ਲੱਗਿਆ ਹੈ ਤਾਂ ਉਹ ਹੈ ਨੌਜਵਾਨ ਵਰਗ। ਅੱਜ ਨੌਜਵਾਨ ਮੁੰਡੇ-ਕੁੜੀਆਂ ਤੇ ਅੱਲ੍ਹੜਾਂ ਵਿਚ ਫਾਸਟ ਫੂਡ ਦੀ ਵਰਤੋਂ ਏਨੀ ਜ਼ਿਆਦਾ ਹੋ ਗਈ ਹੈ ਕਿ ਉਨ੍ਹਾਂ ਦੀ ਜੇਬ ਵਿਚ ਦੋ ਪੈਸੇ ਰਹਿਣ ਜਾਂ ਨਾ ਰਹਿਣ ਪਰ ਫਾਸਟ ਫੂਡ ਚਾਹੀਦਾ ਹੈ, ਭਾਵੇਂ ਜਿਵੇਂ ਵੀ ਹੋਵੇ।
ਜਿਸ ਫਾਸਟ ਫੂਡ ਜਾਂ ਜੰਕ ਫੂਡ ਲਈ ਅੱਲੜ੍ਹ ਮੁੰਡੇ-ਕੁੜੀਆਂ ਅਤਿ ਗੰਭੀਰ ਕਦਮ ਚੁੱਕ ਕੇ ਪਰਿਵਾਰਿਕ ਰਿਸ਼ਤਿਆਂ, ਆਚਰਣ, ਵਿਹਾਰ ਨੂੰ ਵਿਗਾੜ ਲੈਂਦੇ ਹਨ, ਉਹੀ ਫਾਸਟ ਫੂਡ ਸਿਹਤ ਸਰੀਰ ਲਈ ਅਤਿ ਹਾਨੀਕਾਰਕ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਫਾਸਟ ਫੂਡ ਜਾਂ ਜੰਕ ਫੂਡ ਵਰਗੇ ਪਦਾਰਥਾਂ ਦੀ ਵਰਤੋਂ ਸਰੀਰ ਲਈ ਜ਼ਹਿਰ ਬਰਾਬਰ ਹੈ। ਇਸ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਵਿਚ ਅਨੇਕ ਤਰ੍ਹਾਂ ਦੀਆਂ ਗੰਭੀਰ ਅਤੇ ਭਿਆਨਕ ਬਿਮਾਰੀਆਂ ਪਾਈਆਂ ਜਾਂਦੀਆਂ ਹਨ।
ਜਿਵੇਂ ਕਿ ਸਭ ਲੋਕ ਜਾਣਦੇ ਹਨ ਕਿ ਸਾਡੇ ਸਰੀਰ ਵਿਚ ਰੱਖਿਆਤੰਤਰ ਹੁੰਦਾ ਹੈ, ਜੋ ਬਿਮਾਰੀਆਂ ਨਾਲ ਲੜਦਾ ਰਹਿੰਦਾ ਹੈ। ਇਹ ਜਾਣ ਕੇ ਹੋਰ ਹੈਰਾਨੀ ਹੋਵੇਗੀ ਕਿ ਸਾਡਾ ਰੱਖਿਆਤੰਤਰ ਫੂਸਟ ਫੂਡ ਦਾ ਓਨਾ ਹੀ ਵਿਰੋਧ ਕਰਦਾ ਹੈ ਅਤੇ ਉਸ ਦੇ ਵਿਰੁੱਧ ਕਦਮ ਚੁੱਕਦਾ ਹੈ ਜਿੰਨਾ ਚੋਰੀ ਦੀ ਖ਼ਬਰ 'ਤੇ ਪੁਲਿਸ ਦੌੜਦੀ ਹੈ ਅਤੇ ਐਕਸ਼ਨ ਲੈਂਦੀ ਹੈ। ਇਸ ਤਰ੍ਹਾਂ ਫਾਸਟ ਫੂਡ ਨਾਲ ਲੜਨ ਦੇ ਕਾਰਨ ਰੱਖਿਆ ਤੰਤਰ ਦੀ ਸਾਰੀ ਸ਼ਕਤੀ ਉਸੇ ਪਾਸੇ ਲਗ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਫਾਸਟ ਫੂਡ ਦੀਆਂ ਹਾਨੀਆਂ ਤੋਂ ਤਾਂ ਬਚ ਜਾਂਦਾ ਹੈ ਪਰ ਅਨੇਕ ਤਰ੍ਹਾਂ ਦੇ ਰੋਗਾਂ ਦਾ ਘਰ ਬਣ ਜਾਂਦਾ ਹੈ।
ਹਾਲ ਹੀ ਵਿਚ ਮਾਹਿਰਾਂ ਦੀ ਇਕ ਟੀਮ ਨੇ ਤਜਰਬਾ ਕੀਤਾ ਹੈ ਅਤੇ ਹੈਰਾਨ ਕਰ ਦੇਣ ਵਾਲੇ ਅਨੇਕ ਰੋਮਾਂਚਕਾਰੀ ਤੱਥਾਂ ਨੂੰ ਉਜਾਗਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੂਗਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰਾਂ ਵਿਚ ਫਾਸਟ ਫੂਡ ਜਾਂ ਜੰਕ ਫੂਡ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਸ ਤੋਂ ਵੀ ਹੈਰਾਨ ਕਰ ਦੇਣ ਵਾਲਾ ਤੱਥ ਇਹ ਹੈ ਕਿ ਫਾਸਟ ਫੂਡ ਦੀ ਵਰਤੋਂ ਨਾਲ ਹੋਏ ਸ਼ੂਗਰ ਦੇ ਸ਼ਿਕਾਰ ਮਰੀਜ਼ਾਂ ਵਿਚ ਅੱਲ੍ਹੜ ਮੁੰਡੇ-ਕੁੜੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਹ ਜ਼ਰੂਰੀ ਹੈ ਕਿ ਫਾਸਟ ਫੂਡ ਨਾਲ ਅੱਲੜ੍ਹ ਮੁੰਡੇ-ਕੁੜੀਆਂ ਹੀ ਨਹੀਂ, ਸਗੋਂ ਹਰ ਵਿਅਕਤੀ ਬਚੇ।
ਫਾਸਟ ਫੂਡ ਦੇ ਹਾਨੀਕਾਰਕ ਤੱਤਾਂ ਤੋਂ ਬਚਣ ਲਈ ਕਸਰਤ, ਯੋਗਾ ਅਭਿਆਸ, ਟਹਿਲਣਾ ਆਦਿ ਅਤਿ ਜ਼ਰੂਰੀ ਹੁੰਦਾ ਹੈ। ਖ਼ਾਸ ਕਰਕੇ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਜਿਨ੍ਹਾਂ ਨੇ ਆਪਣਾ ਸੁਨਹਿਰਾ ਭਵਿੱਖ ਬਣਾਉਣਾ ਹੈ, ਨੂੰ ਫਾਸਟ ਫੂਡ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਫਾਸਟ ਫੂਡ ਇਕ ਇਸ ਤਰ੍ਹਾਂ ਦਾ 'ਮਿੱਠਾ ਜ਼ਹਿਰ' ਹੈ, ਜੋ ਤਨ ਅਤੇ ਮਨ ਦੋਵਾਂ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ।
ਰੋਗਾਂ ਦਾ ਘਰ ਹੈ ਫਾਸਟ ਫੂਡ
ਅਜੀਤ ਡੈਸਕ
19-12-2025