18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਲੱਦਾਖ ਦੀ ਹਿੰਸਾ

Ad Position 21
No active advertisement
ਅਜੀਤ ਡੈਸਕ 26-09-2025

ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਜਿਸ ਤਰ੍ਹਾਂ ਅਸ਼ਾਂਤੀ ਫੈਲੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਉਥੋਂ ਗੜਬੜ ਦੀਆਂ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ ਨਾਲ ਕੇਂਦਰ ਸਰਕਾਰ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ ਹੈ। ਪਹਿਲਾਂ ਜੰਮੂ-ਕਸ਼ਮੀਰ ਅਤੇ ਲੱਦਾਖ ਇਕ ਹੀ ਰਾਜ ਸੀ। ਪਿਛਲੇ ਲੰਮੇ ਸਮੇਂ ਵਿਚ ਕਸ਼ਮੀਰ ਘਾਟੀ ਵਿਚ ਭਾਵੇਂ ਵੱਡੀ ਪੱਧਰ 'ਤੇ ਗੜਬੜ ਹੁੰਦੀ ਰਹਿੰਦੀ ਸੀ, ਪਰ ਲੱਦਾਖ ਆਮ ਤੌਰ 'ਤੇ ਸ਼ਾਂਤ ਹੀ ਰਹਿੰਦਾ ਸੀ, ਇਥੇ ਦਾ ਸੱਭਿਆਚਾਰ ਵੀ ਜੰਮੂ-ਕਸ਼ਮੀਰ ਤੋਂ ਵੱਖਰਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜੰਮੂ-ਕਸ਼ਮੀਰ 'ਤੇ ਅਧਿਕਾਰ ਜਮਾਉਣ ਤੋਂ ਬਾਅਦ ਬੜੀ ਮੁਸ਼ਕਿਲ ਅਤੇ ਹਿੰਮਤ ਨਾਲ ਲੱਦਾਖ ਨੂੰ ਵੀ ਆਪਣੇ ਕਬਜ਼ੇ ਅਧੀਨ ਕਰ ਲਿਆ ਸੀ। ਉਸ ਤੋਂ ਪਹਿਲਾਂ ਇਹ ਇਕ ਆਜ਼ਾਦ ਦੇਸ਼ ਦਾ ਦਰਜਾ ਰੱਖਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ 10 ਸਾਲਾਂ ਦੇ ਅਰਸੇ ਵਿਚ ਹੀ ਅੰਗਰੇਜ਼ਾਂ ਨੇ ਪੰਜਾਬ ਸਮੇਤ ਉਸ ਦੀ ਹਕੂਮਤ ਵਾਲੇ ਹੋਰ ਸਾਰੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਆਜ਼ਾਦੀ ਤੋਂ ਬਾਅਦ ਲੱਦਾਖ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਰਿਹਾ।
ਸਾਲ 2019 ਵਿਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਇਕ ਵੱਖਰੀ ਇਕਾਈ ਮੰਨ ਕੇ ਉਥੇ ਅਤੇ ਇਸ ਦੇ ਨਾਲ ਹੀ ਲੱਦਾਖ ਨੂੰ ਇਕ ਵੱਖਰੀ ਇਕਾਈ ਮੰਨਦਿਆਂ ਦੋਹਾਂ ਨੂੰ ਕੇਂਦਰੀ ਸ਼ਾਸਿਤ ਰਾਜ ਐਲਾਨ ਦਿੱਤਾ ਸੀ। ਫ਼ਰਕ ਸਿਰਫ਼ ਏਨਾ ਸੀ ਕਿ ਜੰਮੂ-ਕਸ਼ਮੀਰ ਨੂੰ ਵਿਧਾਨ ਸਭਾ ਵਾਲਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਪਰ ਲੱਦਾਖ ਵਿਚ ਵਿਧਾਨ ਸਭਾ ਬਣਾਉਣ ਦੀ ਵਿਵਸਥਾ ਨਹੀਂ ਸੀ ਰੱਖੀ ਗਈ। ਉਸ ਸਮੇਂ ਤੋਂ ਹੀ ਜੰਮੂ-ਕਸ਼ਮੀਰ ਵਿਚ ਇਹ ਆਵਾਜ਼ਾਂ ਤੇਜ਼ ਹੁੰਦੀਆਂ ਰਹੀਆਂ ਹਨ ਕਿ ਉਸ ਨੂੰ ਦੁਬਾਰਾ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ। ਚਾਹੇ ਇਸ ਤੋਂ ਬਾਅਦ ਉਥੇ ਪ੍ਰਾਂਤਕ ਚੋਣਾਂ ਵੀ ਹੋਈਆਂ ਅਤੇ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਵੀ ਚੱਲ ਰਹੀ ਹੈ ਪਰ ਰਾਜ ਬਣਾਉਣ ਦੀ ਮੰਗ ਉਥੇ ਵੀ ਜ਼ੋਰ ਫੜ ਰਹੀ ਹੈ। ਇਸ ਦੇ ਨਾਲ ਹੀ ਲੱਦਾਖ ਵਿਚ ਵੀ ਇਹ ਮੰਗ ਉੱਠਦੀ ਰਹੀ ਹੈ ਕਿ ਉਸ ਨੂੰ ਵੀ ਰਾਜ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।
ਲੱਦਾਖ ਇਕ ਪਹਾੜੀ ਇਲਾਕਾ ਹੈ। ਇਸ ਦਾ ਖੇਤਰਫਲ 60 ਹਜ਼ਾਰ ਵਰਗ ਕਿੱਲੋਮੀਟਰ ਦੇ ਲਗਭਗ ਹੈ ਅਤੇ ਆਬਾਦੀ 3 ਲੱਖ ਦੇ ਲਗਭਗ ਹੈ। ਲੱਦਾਖ ਵਾਸੀਆਂ ਨੂੰ ਚਿਰਾਂ ਤੋਂ ਇਹ ਗਿਲਾ ਵੀ ਰਿਹਾ ਹੈ ਕਿ ਉਨ੍ਹਾਂ ਦੇ ਖੇਤਰ ਵੱਲ ਸਰਕਾਰਾਂ ਦੀ ਅਕਸਰ ਬੇਧਿਆਨੀ ਰਹੀ ਹੈ, ਜਿਸ ਕਰਕੇ ਉਥੇ ਸਮਾਜਿਕ ਸਮੱਸਿਆਵਾਂ ਦੇ ਨਾਲ-ਨਾਲ ਨੌਜਵਾਨਾਂ ਵਿਚ ਰੁਜ਼ਗਾਰ ਦੀ ਸਮੱਸਿਆ ਵੀ ਬਣੀ ਰਹੀ ਹੈ। ਇਸ ਦੇ ਨਾਲ-ਨਾਲ ਲੱਦਾਖੀਆਂ ਵਿਚ ਇਸ ਗੱਲ ਦਾ ਡਰ ਵੀ ਬਣਿਆ ਰਿਹਾ ਹੈ ਕਿ ਬਹੁਤੇ ਬਾਹਰਲੇ ਲੋਕਾਂ ਦੇ ਇਥੇ ਆ ਕੇ ਵਸ ਜਾਣ ਨਾਲ ਉਨ੍ਹਾਂ ਦੇ ਆਪਣੇ ਸੱਭਿਆਚਾਰ ਨੂੰ ਖੋਰਾ ਲੱਗੇਗਾ। ਇਸ ਦੀ ਖ਼ਾਸ ਪਹਿਚਾਣ ਬਣਾਈ ਰੱਖਣ ਲਈ ਇਸ ਨੂੰ ਇਕ ਵੱਖਰੇ ਰਾਜ ਦੇ ਨਾਲ-ਨਾਲ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿਚ ਵੀ ਸ਼ਾਮਿਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ, ਤਾਂ ਜੋ ਵਿਸ਼ੇਸ਼ ਪ੍ਰਬੰਧਾਂ ਅਧੀਨ ਇਸ ਦੇ ਸੱਭਿਆਚਾਰ ਨੂੰ ਸੁਰੱਖਿਆ ਦਿੱਤੀ ਜਾ ਸਕੇ।
ਲੱਦਾਖੀਆਂ ਨੂੰ ਭਾਜਪਾ ਦੀ ਕੇਂਦਰ ਸਰਕਾਰ 'ਤੇ ਇਸ ਕਰਕੇ ਵੀ ਗੁੱਸਾ ਹੈ ਕਿ ਸਾਲ 2019 ਦੇ ਐਲਾਨਨਾਮੇ ਵਿਚ ਉਸ ਨੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਇਸ ਨੂੰ 6ਵੀਂ ਅਨੁਸੂਚੀ ਵਿਚ ਸ਼ਾਮਿਲ ਕਰਨ ਦਾ ਵਾਅਦਾ ਕੀਤਾ ਸੀ। ਚਾਹੇ ਇਹ ਮੰਗ ਕਾਫ਼ੀ ਦੇਰ ਤੋਂ ਉੱਠਦੀ ਰਹੀ ਹੈ ਪਰ ਪਿਛਲੇ 15 ਦਿਨ ਤੋਂ ਇਥੇ ਸੋਨਮ ਵਾਂਗਚੁਕ ਦੀ ਅਗਵਾਈ ਵਿਚ ਅੰਦੋਲਨ ਤੇਜ਼ ਹੋ ਗਿਆ ਸੀ। ਵਾਂਗਚੁਕ ਨੇ ਮਰਨ ਵਰਤ ਦਾ ਐਲਾਨ ਕਰ ਦਿੱਤਾ ਸੀ। ਉਸ ਦੇ ਨਾਲ ਕੁਝ ਹੋਰ ਦਰਜਨ ਦੇ ਲਗਭਗ ਲੋਕਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਕੁਝ ਦਿਨ ਪਹਿਲਾਂ ਇਨ੍ਹਾਂ 'ਚੋਂ 2 ਵਿਅਕਤੀਆਂ ਦੀ ਹਾਲਤ ਵਿਗੜ ਜਾਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਸੀ ਅਤੇ ਇਹ ਅੰਦੋਲਨ ਹਿੰਸਕ ਹੋ ਗਿਆ ਹੈ, ਜਿਸ ਵਿਚ ਕੁਝ ਬੰਦੇ ਮਾਰੇ ਵੀ ਗਏ ਹਨ। ਇਸ ਘਟਨਾਕ੍ਰਮ ਤੋਂ ਬਾਅਦ ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਘਟਨਾਕ੍ਰਮ ਤੋਂ ਪਹਿਲਾਂ ਹੀ ਅੰਦੋਲਨਕਾਰੀਆਂ ਦੇ ਪ੍ਰਤੀਨਿਧਾਂ ਨਾਲ ਕੇਂਦਰ ਦੀ ਗੱਲਬਾਤ ਹੋਣੀ ਤੈਅ ਹੋ ਗਈ ਸੀ, ਜੋ ਕਿ ਆਉਂਦੇ ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ। ਅਜਿਹੀ ਵਾਰਤਾ ਨਾਲ ਲੱਦਾਖ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕੇਂਦਰ ਸਰਕਾਰ ਨੂੰ ਕਿਸੇ ਸੰਤੁਸ਼ਟੀਜਨਕ ਹੱਲ ਦੀ ਤਲਾਸ਼ ਕਰਨੀ ਚਾਹੀਦੀ ਹੈ, ਤਾਂ ਜੋ ਚੀਨ ਦੀ ਸਰਹੱਦ ਨਾਲ ਲਗਦੇ ਇਸ ਅਹਿਮ ਖਿੱਤੇ ਦੀ ਪੂਰੀ ਸੰਭਾਲ ਕਰਨ ਦੇ ਨਾਲ-ਨਾਲ ਉਥੇ ਦੇ ਲੋਕਾਂ ਨੂੰ ਵੀ ਸੰਤੁਸ਼ਟ ਕੀਤਾ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਕੇਂਦਰ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਅਗਲੀ ਖ਼ਬਰ ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ, ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਖ਼ਤਮ ਹੋ ਜਾਵੇ। -ਰਿਚਰਡ ਸਕਿੱਲਰ
Ad Position 24