12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

62 ਸਾਲਾਂ ਦਾ ਯਾਦਗਾਰੀ ਸਫ਼ਰ

Ad Position 21
No active advertisement
ਅਜੀਤ ਡੈਸਕ 27-09-2025

62 ਸਾਲਾਂ ਦੇ ਲੰਮੇ ਅਤੇ ਚੁਣੌਤੀਆਂ ਭਰਪੂਰ ਸਫ਼ਰ ਤੋਂ ਬਾਅਦ ਅਖ਼ੀਰ ਮਿਗ-21 ਜਹਾਜ਼ਾਂ ਨੂੰ ਚੰਡੀਗੜ੍ਹ ਵਿਚ ਵਿਦਾਇਗੀ ਦੇ ਦਿੱਤੀ ਗਈ ਹੈ। ਇਨ੍ਹਾਂ 'ਸੁਪਰ ਸੋਨਿਕ ਮਿਗ-21' ਲੜਾਕੂ ਜਹਾਜ਼ਾਂ ਨੇ 6 ਦਹਾਕਿਆਂ ਤੋਂ ਵਧੇਰੇ ਸਮੇਂ ਤੱਕ ਭਾਰਤ ਦੀ ਹਵਾਈ ਫ਼ੌਜ ਦੀ ਸ਼ਾਨ ਬਣਾਈ ਰੱਖੀ। ਇਸ ਦੌਰਾਨ ਇਨ੍ਹਾਂ ਜਹਾਜ਼ਾਂ ਨੇ ਵੱਡੀਆਂ ਜੰਗਾਂ ਵਿਚ ਆਪਣੇ ਜੌਹਰ ਦਿਖਾਉਂਦਿਆਂ ਦੇਸ਼ ਦਾ ਮਾਣ ਵਧਾਇਆ। ਪਾਕਿਸਤਾਨ ਨਾਲ 1965 ਦੀ ਜੰਗ ਅਤੇ ਬਾਅਦ ਵਿਚ 1971 'ਚ ਬੰਗਲਾਦੇਸ਼ ਦੀ ਆਜ਼ਾਦੀ ਦੇ ਮੁੱਦੇ 'ਤੇ ਉਸ ਨਾਲ ਮੁੜ ਹੋਈ ਲੜਾਈ ਅਤੇ ਫਿਰ 1999 ਵਿਚ ਕਾਰਗਿਲ ਦੀ ਜੰਗ ਦੌਰਾਨ ਵੀ ਹਵਾਈ ਖੇਤਰ ਵਿਚ ਇਹ ਜਹਾਜ਼ ਦੁਸ਼ਮਣ ਲਈ ਖ਼ੌਫ਼ ਬਣੇ ਰਹੇ।
ਸਾਲ 2019 ਵਿਚ ਭਾਰਤ ਵਲੋਂ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੇ ਗਏ ਹਮਲੇ ਦੌਰਾਨ ਇਨ੍ਹਾਂ ਜਹਾਜ਼ਾਂ ਨੇ ਪੂਰੀ ਸਫ਼ਲਤਾ ਪ੍ਰਾਪਤ ਕੀਤੀ। ਇਸ ਲੰਮੇ ਸਫ਼ਰ ਵਿਚ ਇਨ੍ਹਾਂ ਜਹਾਜ਼ਾਂ ਦੇ ਬਹੁਤ ਸਾਰੇ ਹਾਦਸੇ ਵੀ ਹੋਏ। ਇਨ੍ਹਾਂ ਹਾਦਸਿਆਂ ਵਿਚ 200 ਦੇ ਲਗਭਗ ਪਾਇਲਟ ਅਤੇ 60 ਨਾਗਰਿਕ ਮਾਰੇ ਗਏ। ਇਨ੍ਹਾਂ ਜਹਾਜ਼ਾਂ ਵਿਚ ਹੋਰ ਨਵੀਆਂ ਤੋਂ ਨਵੀਆਂ ਤਬਦੀਲੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ। ਇਨ੍ਹਾਂ ਨੂੰ ਟੋਹੀ ਜਹਾਜ਼ਾਂ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਰਿਹਾ। ਹਵਾਈ ਜੰਗਾਂ ਵਿਚ ਇਨ੍ਹਾਂ ਦੀ ਚਰਚਾ ਗਲੀ-ਗਲੀ ਹੁੰਦੀ ਰਹੀ ਸੀ। ਸਾਲ 1963 ਵਿਚ ਇਨ੍ਹਾਂ ਜਹਾਜ਼ਾਂ ਨੂੰ ਰੂਸ ਤੋਂ ਲਿਆਂਦਾ ਗਿਆ ਸੀ। ਇਨ੍ਹਾਂ ਦੀ ਪਹਿਲੀ ਸਕਾਰਡਨ ਚੰਡੀਗੜ੍ਹ ਵਿਚ ਬਣੀ ਸੀ। ਇਨ੍ਹਾਂ ਵਿਚ ਉਸ ਸਮੇਂ ਮਿਜ਼ਾਈਲਾਂ ਅਤੇ ਹੋਰ ਹਥਿਆਰ ਲਿਜਾਣ ਦੀ ਵੀ ਸਮਰੱਥਾ ਸੀ। ਇਨ੍ਹਾਂ ਜਹਾਜ਼ਾਂ ਨੂੰ ਟ੍ਰੇਨਰਾਂ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਲੰਮੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਹੁੰਦੀ ਰਹਿਣ ਅਤੇ ਕੁਝ ਤਕਨੀਕੀ ਰੱਖ-ਰਖਾਅ ਦੀਆਂ ਕਮੀਆਂ ਕਾਰਨ ਇਹ ਜਹਾਜ਼ ਦੁਰਘਟਨਾਗ੍ਰਸਤ ਵੀ ਹੁੰਦੇ ਰਹੇ, ਜਿਸ ਕਰਕੇ ਇਨ੍ਹਾਂ ਨੂੰ 'ਉੱਡਦੇ ਤਾਬੂਤਾਂ' ਦਾ ਨਾਂਅ ਵੀ ਦਿੱਤਾ ਜਾਂਦਾ ਰਿਹਾ ਅਤੇ ਇਨ੍ਹਾਂ ਨੂੰ ਬਦਲਣ ਦੀਆਂ ਆਵਾਜ਼ਾਂ ਵੀ ਉੱਠਦੀਆਂ ਰਹੀਆਂ ਸਨ। ਇਸੇ ਹੀ ਸਮੇਂ ਦੌਰਾਨ ਭਾਰਤ ਦੀਆਂ ਏਅਰੋਨਾਟਿਕਸ ਕੰਪਨੀਆਂ ਨੇ ਵੀ ਤਕਨੀਕੀ ਪੱਖ ਤੋਂ ਵੱਡੀਆਂ ਸਫ਼ਲਤਾਵਾਂ ਹਾਸਿਲ ਕੀਤੀਆਂ ਹਨ। ਹਵਾਈ ਫ਼ੌਜ ਨੇ ਆਪਣੀ ਤਾਕਤ ਨੂੰ ਵਧਾਉਣ ਲਈ ਨਵੀਂ ਤਕਨਾਲੋਜੀ ਅਤੇ ਬਣਤਰ ਵਾਲੇ 'ਤੇਜਸ' ਅਤੇ 'ਜੈਗੁਆਰ' ਜਹਾਜ਼ਾਂ ਨੂੰ ਵੀ ਆਪਣੀ ਵਰਤੋਂ ਵਿਚ ਲਿਆਂਦਾ ਹੈ। ਅਖ਼ੀਰ ਮਿਗ-21 ਜਹਾਜ਼ਾਂ ਨੂੰ ਉਮਰ-ਵਿਹਾਅ ਚੁੱਕੇ ਹੋਣ ਕਰਕੇ ਚੰਡੀਗੜ੍ਹ ਵਿਚ ਬਹੁਤ ਹੀ ਸ਼ਾਨਦਾਰ ਸਮਾਰੋਹ ਵਿਚ ਵਿਦਾਇਗੀ ਦਿੱਤੀ ਗਈ ਹੈ, ਜਿਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਸੈਨਾ ਦੇ ਸਾਰੇ ਵਿੰਗਾਂ ਦੇ ਮੁਖੀ ਸ਼ਾਮਿਲ ਹੋਏ।
ਬਿਨਾਂ ਸ਼ੱਕ ਇਕ ਲੰਮੇ ਅਰਸੇ ਤੱਕ ਜਿਸ ਕਦਰ ਇਨ੍ਹਾਂ ਜਹਾਜ਼ਾਂ ਨੇ ਹਵਾਈ ਫ਼ੌਜ ਦੀ ਸੇਵਾ ਕੀਤੀ ਹੈ, ਉਸੇ ਹੀ ਮਾਣਮੱਤੇ ਢੰਗ ਨਾਲ ਇਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ। ਇਸ ਸਾਰੇ ਸਮੇਂ ਵਿਚ ਭਾਰਤ ਨੇ ਆਪਣੀ ਹਵਾਈ ਸ਼ਕਤੀ ਵਿਚ ਵੱਡਾ ਵਾਧਾ ਕੀਤਾ ਹੈ। ਇਹ ਵੀ ਕਿ ਇਸ ਨਵੇਂ ਵਿਸਥਾਰ ਤੇ ਵਿਕਾਸ ਵਿਚ ਭਾਰਤ ਦੀ 'ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਕੰਪਨੀ' ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਮਿਗ-21 ਜਹਾਜ਼ਾਂ ਦੇ ਸੇਵਾਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਹੀ ਰੱਖਿਆ ਮੰਤਰਾਲੇ ਨੇ ਇਸ ਕੰਪਨੀ ਨਾਲ 97 ਤੇਜਸ ਲੜਾਕੂ ਜਹਾਜ਼ ਖ਼ਰੀਦਣ ਲਈ ਸਮਝੌਤਾ ਕੀਤਾ ਹੈ। ਇਨ੍ਹਾਂ ਜਹਾਜ਼ਾਂ ਵਿਚ 64 ਫ਼ੀਸਦੀ ਤੋਂ ਵੀ ਵਧੇਰੇ ਪੁਰਜ਼ੇ ਸਵਦੇਸ਼ੀ ਹੋਣਗੇ। ਨਵੇਂ ਲੜਾਕੂ ਜਹਾਜ਼ਾਂ ਨੇ ਹੁਣ ਹਵਾਈ ਫ਼ੌਜ ਵਿਚ ਥਾਂ ਮੱਲ ਲਈ ਹੈ ਅਤੇ ਮਿਗ-21 ਜਹਾਜ਼ ਇਸ ਹਵਾਈ ਸਫ਼ਰ ਵਿਚ ਇਕ ਇਤਿਹਾਸ ਬਣ ਗਏ ਹਨ, ਪਰ ਆਉਂਦੇ ਲੰਮੇ ਸਮੇਂ ਤੱਕ ਇਨ੍ਹਾਂ ਜਹਾਜ਼ਾਂ ਦੀ ਸ਼ਾਨ ਅਤੇ ਪ੍ਰਭਾਵ ਬਣਿਆ ਰਹੇਗਾ ਅਤੇ ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਜੰਗੀ ਇਤਿਹਾਸ ਦਾ ਸੁਨਹਿਰਾ ਪੰਨਾ ਕਿਹਾ ਜਾਂਦਾ ਰਹੇਗਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਭ੍ਰਿਸ਼ਟਾਚਾਰ ਤੇ ਨੌਕਰਸ਼ਾਹੀ 'ਤੇ ਲਗਾਮ ਲਾਉਣ ਤੋਂ ਬਿਨਾਂ ਭਾਰਤੀ ਵਾਪਸ ਨਹੀਂ ਆਉਣਗੇ ਅਗਲੀ ਖ਼ਬਰ ਇਤਿਹਾਸ ਦੱਸਦਾ ਹੈ ਕਿ ਵੱਡੇ-ਵੱਡੇ ਜੇਤੂਆਂ ਨੂੰ ਵੀ ਜਿੱਤ ਤੋਂ ਪਹਿਲਾਂ ਹਤਾਸ਼ ਕਰ ਦੇਣ ਵਾਲੀਆਂ ਅੜਚਨਾਂ ਦਾ ਸਾਹਮਣਾ ਕਰਨਾ...
Ad Position 24