2025 ਦੇ ਮਹਿਲਾ ਵਿਸ਼ਵ ਕੱਪ ਕ੍ਰਿਕਟ ਦੇ 50-50 ਓਵਰਾਂ ਦੇ ਇਕ ਰੋਜ਼ਾ ਟੂਰਨਾਮੈਂਟ ਨੂੰ ਜਿੱਤ ਕੇ ਦੁਨੀਆ ਵਿਚ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਭਾਰਤ ਦੀਆਂ ਧੀਆਂ ਨੇ ਨਾ ਸਿਰਫ਼ ਇਕ ਦੁਰਲੱਭ ਇਤਿਹਾਸ ਰਚਿਆ, ਸਗੋਂ ਇਸ ਖੇਡ ਦੇ ਰੋਮਾਂਚ ਨੂੰ ਵੀ ਵਿਸ਼ਵਵਿਆਪੀ ਬਣਾ ਦਿੱਤਾ। ਭਾਰਤੀ ਮਹਿਲਾ ਕ੍ਰਿਕਟ ਦੀ ਇਸ ਵਿਸ਼ਵਵਿਆਪੀ ਪ੍ਰਾਪਤੀ ਨੇ ਕਪਿਲ ਦੇਵ ਦੀ ਅਗਵਾਈ ਹੇਠ 1983 ਵਿਚ ਜਿੱਤੀ ਗਈ ਵਿਸ਼ਵ ਕੱਪ ਦੀ ਟਰਾਫੀ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਬੇਸ਼ੱਕ ਭਾਰਤੀ ਕ੍ਰਿਕਟ ਨੇ ਇਸ ਦੌਰਾਨ ਸੌਰਵ ਗਾਂਗੁਲੀ ਦੀ ਅਗਵਾਈ 2003 ਅਤੇ 2007, ਕੈਪਟਨ ਕੂਲ ਐਮ.ਐਸ. ਦੀ ਅਗਵਾਈ ਵਿਚ 2011 ਤੇ 2013 ਵਿਚ ਵੀ ਵਿਸ਼ਵ ਕੱਪ ਤੇ ਕਈ ਟਰਾਫੀਆਂ ਜਿੱਤੀਆਂ ਸਨ। ਧੋਨੀ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਵੀ ਭਾਰਤੀ ਟੀਮ ਨੇ 2024 ਤੇ 2025 ਵਿਚ ਵਿਸ਼ਵ ਕੱਪ ਦੀਆਂ ਟਰਾਫੀਆਂ ਜਿੱਤੀਆਂ ਹਨ। ਦੇਸ਼ ਦੀਆਂ ਬੇਟੀਆਂ ਨੇ ਵੀ ਵਿਸ਼ਵ ਕੱਪ 2025 ਦੌਰਾਨ ਪਿਛਲੇ ਦਿਨੀਂ ਸੈਮੀਫਾਈਨਲ ਵਿਚ 7 ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਹਰਾਉਣ ਬਾਅਦ ਫਾਈਨਲ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਕ ਰੋਜ਼ਾ ਕ੍ਰਿਕਟ ਟਰਾਫੀ ਜਿੱਤ ਕੇ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਹ ਜਿੱਤ ਇਸ ਲਈ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਲੀਗ ਮੈਚਾਂ ਵਿਚ ਪੁਰਸ਼ਾਂ ਦੀ ਕ੍ਰਿਕਟ ਟੀਮ ਦੀਆਂ ਲਗਾਤਾਰ 3 ਹਾਰਾਂ ਤੋਂ ਬਾਅਦ ਦੇਸ਼ ਦੇ ਲੱਖਾਂ ਕ੍ਰਿਕਟ ਪ੍ਰਸੰਸਕ ਅਨਿਸ਼ਚਿਤਤਾ ਦੀ ਸਥਿਤੀ ਵਿਚ ਸਨ। ਪਰ ਜਿਸ ਮਾਣਮੱਤੇ ਢੰਗ ਨਾਲ ਭਾਰਤੀ ਕੁੜੀਆਂ ਨੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਨੂੰ ਹਰਾਇਆ, ਉਹ ਆਪਣੇ ਆਪ ਵਿਚ ਇਕ ਵਿਲੱਖਣ ਇਤਿਹਾਸ ਬਣ ਗਿਆ ਹੈ।
ਭਾਰਤੀ ਕੁੜੀਆਂ ਇਸ ਲਈ ਹੋਰ ਵੀ ਸਤਿਕਾਰ ਦੀਆਂ ਹੱਕਦਾਰ ਹਨ ਕਿ ਜਿਸ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਤੋਂ ਲੀਗ ਮੈਚਾਂ ਦੌਰਾਨ ਹਾਰ ਜਾਣ ਬਾਅਦ ਭਾਰਤੀ ਟੀਮ 'ਤੇ ਮੁਕਾਬਲੇ ਤੋਂ ਬਾਹਰ ਹੋ ਜਾਣ ਦਾ ਖ਼ਤਰਾ ਮੰਡਰਾਉਣ ਲੱਗਾ ਸੀ, ਉਨ੍ਹਾਂ ਦੋਵੇਂ ਟੀਮਾਂ ਨੂੰ ਬਹੁਤ ਸ਼ਾਨ ਨਾਲ ਹਰਾ ਕੇ ਦੇਸ਼ ਤੇ ਰਾਸ਼ਟਰੀ ਝੰਡੇ ਦਾ ਗੌਰਵ ਵਧਾਇਆ ਹੈ। ਬਿਨਾਂ ਸ਼ੱਕ ਇਸ ਜੇਤੂ ਭਾਰਤੀ ਪਾਰੀ ਵਿਚ ਕ੍ਰਿਕਟ ਖੇਡਣ ਵਾਲੀਆਂ ਸਾਰੀਆਂ ਕੁੜੀਆਂ ਨੇ ਅਦੁੱਤੀ ਹਿੰਮਤ, ਏਕਤਾ ਅਤੇ ਟੀਮ ਵਰਕ ਦੀ ਭਾਵਨਾ ਦਿਖਾਈ ਹੈ। ਹਾਲਾਂਕਿ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ, ਆਲਰਾਊਂਡਰ ਸ਼ੈਫਾਲੀ ਵਰਮਾ ਤੇ ਦੀਪਤੀ ਸ਼ਰਮਾ ਨੇ ਵੀ ਮੈਚ ਜਿੱਤਣ ਲਈ ਆਪਣੀ ਪੂਰੀ ਸਮਰੱਥਾ, ਤਾਕਤ ਅਤੇ ਅਨੁਭਵ ਲਗਾਇਆ ਹੈ। ਸ਼ੈਫਾਲੀ ਨੂੰ 'ਪਲੇਅਰ ਆਫ਼ ਦ ਮੈਚ' ਪੁਰਸਕਾਰ ਮਿਲਿਆ, ਜਦਕਿ ਦੀਪਤੀ ਸ਼ਰਮਾ ਨੂੰ 'ਪਲੇਅਰ ਆਫ਼ ਦ ਟੂਰਨਾਮੈਂਟ' ਚੁਣਿਆ ਗਿਆ। ਦੀਪਤੀ ਸ਼ਰਮਾ ਦੀਆਂ 39 ਦੌੜਾਂ 'ਤੇ 5 ਵਿਕਟਾਂ ਨੇ ਦੱਖਣੀ ਅਫਰੀਕਾ ਦੀ ਹਾਰ ਦੀ ਕਹਾਣੀ ਲਿਖ ਦਿੱਤੀ। ਅਮਨਜੋਤ ਕੌਰ ਨੇ ਆਪਣੀ ਚੰਗੀ ਫੀਲਡਿੰਗ ਲਈ ਟਿੱਪਣੀਕਾਰਾਂ ਤੋਂ ਵਾਰ-ਵਾਰ ਪ੍ਰਸੰਸਾ ਪ੍ਰਾਪਤ ਕੀਤੀ। ਭਾਰਤ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਲਾ ਮੋੜ ਲਾਰਾ ਵੋਲਵਾਰਡਟ ਦੀ ਵਿਕਟ ਦਾ ਡਿਗਣਾ ਸੀ, ਜਿਸ ਤੋਂ ਬਾਅਦ ਅਫਰੀਕੀ ਟੀਮ ਉੱਭਰ ਨਾ ਸਕੀ। ਮੈਚ ਦੇ ਸ਼ੁਰੂ 'ਚ ਸ਼ੈਫਾਲੀ ਵਰਮਾ ਤੇ ਸਮ੍ਰਿਤੀ ਮੰਧਾਨਾ ਦੀ ਸੈਂਕੜੇ ਦੀ ਪਾਰੀ ਨੇ ਟੀਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਦੇਸ਼ ਨੂੰ ਰਿਚਾ ਘੋਸ਼ ਦੇ ਰੂਪ ਵਿਚ ਇਕ ਹੋਰ ਬੱਲੇਬਾਜ਼ ਸਨਸਨੀ ਵੀ ਮਿਲੀ।
ਬਿਨਾਂ ਸ਼ੱਕ ਦੇਸ਼ ਦੀਆਂ ਧੀਆਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਦੇਸ਼ ਸਗੋਂ ਕ੍ਰਿਕਟ ਦੀ ਦੁਨੀਆ ਵਿਚ ਵੀ ਇਤਿਹਾਸ ਰਚਿਆ ਹੈ। ਭਾਰਤ ਦਹਾਕਿਆਂ ਤੋਂ ਇਸ ਪ੍ਰਾਪਤੀ ਦੀ ਉਡੀਕ ਕਰ ਰਿਹਾ ਸੀ। ਸਖ਼ਤ ਮਿਹਨਤ ਨਾਲ ਹਾਸਿਲ ਕੀਤਾ ਗਿਆ ਕਾਮਯਾਬੀ ਦਾ ਇਹ ਫਲ ਸੱਚਮੁੱਚ ਬੇਹੱਦ ਮਿੱਠਾ ਹੈ। ਸ਼ਾਇਦ ਇਸੇ ਲਈ ਜੇਤੂ ਟੀਮ ਨੂੰ 39.5 ਕਰੋੜ ਰੁਪਏ ਦਾ ਇਨਾਮ ਮਿਲਿਆ, ਜੋ ਕਿ ਪੁਰਸ਼ ਟੀਮ ਨਾਲੋਂ ਵੀ ਵੱਧ ਹੈ। ਸਾਡਾ ਮੰਨਣਾ ਹੈ ਕਿ ਕ੍ਰਿਕਟ ਖੇਡਣ ਵਾਲੀਆਂ ਭਾਰਤੀ ਧੀਆਂ ਦੀ ਇਸ ਪ੍ਰਾਪਤੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ।
ਭਾਰਤੀ ਮਹਿਲਾ ਕ੍ਰਿਕਟਰਾਂ ਦੀ ਇਤਿਹਾਸਕ ਜਿੱਤ
ਅਜੀਤ ਡੈਸਕ
04-11-2025