ਬੇਹੱਦ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਜੇਲ੍ਹਾਂ 'ਚ ਬੰਦ ਚਲਿਆ ਆ ਰਿਹਾ ਹੈ, ਦੇ ਭਰਾ ਅਨਮੋਲ ਬਿਸ਼ਨੋਈ ਜੋ ਅਮਰੀਕਾ ਭੱਜ ਗਿਆ ਸੀ, ਨੂੰ ਅਮਰੀਕਾ ਵਲੋਂ ਭਾਰਤ ਦੇ ਹਵਾਲੇ ਕਰਨ ਨਾਲ ਇਕ ਵਾਰ ਫਿਰ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਵੱਲ ਦੇਸ਼ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਗਿਆ ਹੈ। ਪਿਛਲੇ ਦਹਾਕੇ ਭਰ ਤੋਂ ਤਰ੍ਹਾਂ-ਤਰ੍ਹਾਂ ਦੇ ਗੈਂਗਸਟਰਾਂ ਦੇ ਗਰੋਹਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਆਪੋ-ਆਪਣੇ ਗਰੋਹ ਨੂੰ ਮਜ਼ਬੂਤ ਕਰਨ ਤੇ ਦੂਜੇ ਗਰੋਹਾਂ ਤੋਂ ਵਧੇਰੇ ਤਾਕਤਵਰ ਬਣਨ ਲਈ ਗੈਂਗਸਟਰਾਂ ਦੇ ਇਹ ਗਰੋਹ ਆਪਸ 'ਚ ਵੀ ਬੁਰੀ ਤਰ੍ਹਾਂ ਉਲਝਦੇ ਰਹਿੰਦੇ ਹਨ ਤੇ ਵਿਰੋਧੀ ਗਰੋਹਾਂ ਦੇ ਮੈਂਬਰਾਂ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।
ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਵਿਰੋਧੀ ਹੋਰ ਤੱਤਾਂ ਨੇ ਵੀ ਆਪੋ-ਆਪਣੇ ਛੋਟੇ-ਛੋਟੇ ਗਰੋਹ ਬਣਾ ਲਏ ਹਨ, ਜੋ ਹਰ ਕਸਬੇ ਤੇ ਸ਼ਹਿਰ ਤੱਕ ਫੈਲ ਚੁੱਕੇ ਹਨ ਅਤੇ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ ਨੂੰ ਫਿਰੌਤੀਆਂ ਲਈ ਧਮਕੀਆਂ ਦਿੰਦੇ ਰਹਿੰਦੇ ਹਨ। ਜਿਹੜਾ ਇਨ੍ਹਾਂ ਦੀਆਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਦਾ, ਉਸ ਨੂੰ ਇਹ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਹਨ ਜਾਂ ਉਨ੍ਹਾਂ ਦੇ ਅਦਾਰਿਆਂ ਤੇ ਘਰਾਂ ਅੱਗੇ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਇਸ ਵੱਡੀ ਚੁਣੌਤੀ ਸਾਹਮਣੇ ਸਾਰੇ ਦਾਅਵਿਆਂ ਤੇ ਯਤਨਾਂ ਦੇ ਬਾਵਜੂਦ ਪ੍ਰਸ਼ਾਸਨ ਤੇ ਪੁਲਿਸ ਪੂਰੀ ਤਰ੍ਹਾਂ ਬੇਵੱਸ ਹੋਏ ਦਿਖਾਈ ਦਿੰਦੇ ਹਨ। ਅੱਜ ਇਨ੍ਹਾਂ ਗੈਂਗਸਟਰਾਂ ਨਾਲ ਨਜਿੱਠਣ ਦੀ ਵੱਡੀ ਚੁਣੌਤੀ ਸਰਕਾਰਾਂ ਸਾਹਮਣੇ ਖੜ੍ਹੀ ਹੈ, ਕਿਉਂਕਿ ਬਹੁਤੀ ਵਾਰ ਇਹੀ ਗਰੋਹ ਨਸ਼ਿਆਂ ਦੇ ਵਪਾਰੀ ਵੀ ਬਣ ਜਾਂਦੇ ਹਨ। ਇਨ੍ਹਾਂ ਕਰਕੇ ਹੀ ਸਾਡੀ ਜਵਾਨੀ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਨਸ਼ਿਆਂ ਦੀ ਲਪੇਟ ਵਿਚ ਆਏ ਲੋਕਾਂ ਨੇ ਵੀ ਸਮਾਜ ਵਿਚ ਡਰਾਉਣੀ ਸਥਿਤੀ ਪੈਦਾ ਕਰ ਰੱਖੀ ਹੈ। ਤਰ੍ਹਾਂ-ਤਰ੍ਹਾਂ ਦੇ ਗੈਂਗਸਟਰਾਂ ਦੇ ਬਣੇ ਗਰੋਹਾਂ ਵਿਚੋਂ ਲਾਰੈਂਸ ਬਿਸ਼ਨੋਈ ਦਾ ਗਰੋਹ ਵਧੇਰੇ ਮਾਰੂ ਤੇ ਖ਼ਤਰਨਾਕ ਹੋ ਕੇ ਉੱਭਰਿਆ ਹੈ, ਜੋ ਪੰਜਾਬ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਮੁੰਬਈ ਤੱਕ ਸਰਗਰਮ ਹੈ। ਮੁੰਬਈ ਵਿਚ ਇਸ ਗਰੋਹ ਵਲੋਂ ਪ੍ਰਸਿੱਧ ਫ਼ਿਲਮ ਕਲਾਕਾਰ ਸਲਮਾਨ ਖ਼ਾਨ ਦੇ ਨਾਲ-ਨਾਲ ਉਥੇ ਦੀਆਂ ਹੋਰ ਵੱਡੀਆਂ ਹਸਤੀਆਂ ਨੂੰ ਵੀ ਧਮਕੀਆਂ ਦੇ ਕੇ 'ਤੇ ਅਤੇ ਗੋਲੀਆਂ ਚਲਾ ਕੇ ਡਰਾਇਆ, ਧਮਕਾਇਆ ਜਾ ਰਿਹਾ ਹੈ।
ਚਾਹੇ ਸਮੁੱਚੇ ਸਮਾਜ ਵਿਚ ਅਜਿਹੇ ਗਰੋਹ ਆਪਣੇ ਬੇਹੱਦ ਨਾਂਹ-ਪੱਖੀ ਅਮਲਾਂ ਨਾਲ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਤੇ ਸਮਾਜ ਦੀ ਚਿੰਤਾ 'ਚ ਵਾਧਾ ਕਰਦੇ ਹਨ ਪਰ ਲਾਰੈਂਸ ਬਿਸ਼ਨੋਈ ਅਤੇ ਉਸ ਵਰਗੇ ਹੋਰ ਗੈਂਗਸਟਰ ਗਰੋਹਾਂ ਦੀ ਕਹਾਣੀ ਫ਼ਿਲਮੀ ਕਹਾਣੀਆਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਮਿਸਾਲ ਤੌਰ 'ਤੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਹੋਏ ਤੇ ਵਿਦੇਸ਼ਾਂ ਵਿਚ ਸਰਗਰਮ ਗੋਲਡੀ ਬਰਾੜ ਦਾ ਨਾਂਅ ਵੀ ਲਗਾਤਾਰ ਸੁਰਖੀਆਂ 'ਚ ਰਹਿੰਦਾ ਹੈ। ਉਸ ਨੂੰ ਭਾਰਤ ਸਰਕਾਰ ਨੇ ਫੜਨ ਲਈ ਅਨੇਕਾਂ ਯਤਨ ਕੀਤੇ ਹਨ ਪਰ ਤਾਜ਼ਾ ਸੂਚਨਾ ਅਨੁਸਾਰ ਉਹ ਹਾਲੇ ਵੀ ਕੈਨੇਡਾ 'ਚ ਘੁੰਮਦਾ ਦਿਖਾਈ ਦੇ ਰਿਹਾ ਹੈ ਅਤੇ ਆਪਣੇ ਗਰੋਹ ਦੀਆਂ ਕਾਰਵਾਈਆਂ ਨੂੰ ਸਰ-ਅੰਜਾਮ ਦੇ ਰਿਹਾ ਹੈ। ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗਰੁੱਪ ਦੀ ਕਹਾਣੀ ਦਾ ਆਗਾਜ਼ ਚੰਡੀਗੜ੍ਹ ਤੋਂ ਹੁੰਦਾ ਹੈ ਜਦੋਂ ਲਾਰੈਂਸ ਬਿਸ਼ਨੋਈ ਤੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਸਾਲ 2009 ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਦੋਵੇਂ ਹੀ ਖਿਡਾਰੀ ਸਨ। ਪ੍ਰੈਕਟਿਸ ਕਰਦਿਆਂ ਇਹ ਦੋਵੇਂ ਗੂੜ੍ਹੇ ਮਿੱਤਰ ਬਣ ਗਏ ਸਨ। ਸਾਲ 2009-10 ਵਿਚ ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਕਿਉਂਕਿ ਉਸ ਤੇ ਉਸ ਸਮੇਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਉਦੈ ਵੜਿੰਗ 'ਤੇ ਗੋਲੀ ਚਲਾਉਣ ਦਾ ਦੋਸ਼ ਲੱਗਾ ਸੀ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਨਾਲ ਰਲ ਕੇ ਆਪਣਾ ਇਕ ਗਰੁੱਪ ਬਣਾ ਲਿਆ ਸੀ, ਜਿਸ 'ਚ ਉਸ ਸਮੇਂ ਅਨਮੋਲ ਬਿਸ਼ਨੋਈ, ਸਚਿਨ ਥਾਪਾ, ਸੰਪਤ ਨਹਿਰਾ ਆਦਿ ਵੀ ਸ਼ਾਮਿਲ ਸਨ। ਉਸ ਸਮੇਂ ਇਸ ਗਰੁੱਪ ਦਾ ਮੰਤਵ ਆਪਣੇ ਵਿਰੋਧੀਆਂ ਨੂੰ ਤਾਕਤ ਨਾਲ ਦਬਾਉਣਾ ਸੀ। ਹੌਲੀ-ਹੌਲੀ ਇਹ ਗਰੁੱਪ ਇਕ ਵੱਡੇ ਗੈਂਗਸਟਰ ਗਰੋਹ ਵਿਚ ਬਦਲ ਗਿਆ ਅਤੇ ਇਸ ਦੀਆਂ ਕਾਰਵਾਈਆਂ ਦੇਸ਼-ਵਿਦੇਸ਼ ਤੱਕ ਫੈਲ ਗਈਆਂ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੈਂਗਸਟਰ ਗਰੋਹ ਦੇਸ਼ ਭਰ 'ਚ ਹੋਂਦ ਵਿਚ ਆ ਗਏ, ਜੋ ਆਮ ਲੋਕਾਂ ਲਈ ਇਥੋਂ ਤੱਕ ਕਿ ਸਰਕਾਰਾਂ ਲਈ ਵੀ ਵੱਡੀ ਚੁਣੌਤੀ ਬਣੇ ਹੋਏ ਹਨ।
ਹੁਣ ਵੀ ਭਾਰਤ ਨਾਲ ਸੰਬੰਧਤ ਅਮਰੀਕਾ 'ਚ 50 ਦੇ ਲਗਭਗ ਗੈਂਗਸਟਰ ਸਰਗਣੇ ਖੁੱਲ੍ਹੇ ਤੌਰ 'ਤੇ ਵਿਚਰ ਰਹੇ ਹਨ, ਜੋ ਵਿਦੇਸ਼ ਵਿਚ ਬੈਠ ਕੇ ਇਧਰ ਆਪਣੇ ਗਰੋਹ ਚਲਾ ਰਹੇ ਹਨ ਅਤੇ ਆਪੋ-ਆਪਣੇ ਗਰੋਹਾਂ ਦੇ ਮੈਂਬਰਾਂ ਨੂੰ ਜੁਰਮ ਕਰਨ ਲਈ ਹਦਾਇਤਾਂ ਜਾਰੀ ਕਰਦੇ ਰਹਿੰਦੇ ਹਨ। ਪਰ ਹੁਣ ਅਨਮੋਲ ਬਿਸ਼ਨੋਈ ਦੇ ਫੜੇ ਜਾਣ ਨਾਲ ਗੈਂਗਸਟਰਾਂ ਦੀ ਇਸ ਦੁਨੀਆ ਦੇ ਹੋਰ ਵੀ ਪਰਦੇ ਖੁੱਲ੍ਹਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਇਸ ਸੰਦਰਭ ਵਿਚ ਇਕ ਵੱਡੀ ਪ੍ਰਾਪਤੀ ਮੰਨੀ ਜਾਏਗੀ, ਜਿਸ ਨੂੰ ਆਧਾਰ ਬਣਾ ਕੇ ਅਜਿਹੀ ਦੁਨੀਆ 'ਚ ਵਿਚਰਦੇ ਨੌਜਵਾਨਾਂ ਨੂੰ ਸਮਝਿਆ ਤੇ ਕਾਨੂੰਨ ਦੇ ਕਟਹਿਰੇ 'ਚ ਵੀ ਲਿਆਂਦਾ ਜਾ ਸਕੇਗਾ।
-ਬਰਜਿੰਦਰ ਸਿੰਘ ਹਮਦਰਦ