ਭਾਰਤ ਲਈ ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਬੰਗਲਾਦੇਸ਼ ਵਿਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਉੱਥੇ ਦੇ ਭਾਰਤ ਵਿਰੋਧੀ ਕਈ ਇਸਲਾਮਿਕ ਸੰਗਠਨਾਂ ਨੇ ਆਪਣਾ ਪ੍ਰਚਾਰ ਹੋਰ ਵੀ ਤੇਜ਼ ਕਰ ਦਿੱਤਾ ਹੈ। ਪਿਛਲੇ ਦਿਨੀਂ ਇਕ ਵਿਦਿਆਰਥੀ ਆਗੂ ਉਸਮਾਨ ਹਾਦੀ ਦੀ ਕੁਝ ਨਕਾਬਪੋਸ਼ਾਂ ਵਲੋਂ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਹਾਲਾਤ ਹੋਰ ਵੀ ਵਿਗੜ ਗਏ ਹਨ। ਉਸਮਾਨ ਹਾਦੀ ਪਿਛਲੇ ਸਾਲ ਸ਼ੇਖ਼ ਹਸੀਨਾ ਦੇ ਪ੍ਰਸ਼ਾਸਨ ਵਿਰੁੱਧ ਫੈਲੀ ਗੜਬੜ ਦੀ ਅਗਵਾਈ ਕਰਨ ਵਾਲਾ ਵੱਡਾ ਆਗੂ ਮੰਨਿਆ ਜਾਂਦਾ ਸੀ, ਜੋ ਆਉਂਦੇ ਸਾਲ ਫਰਵਰੀ ਦੇ ਮਹੀਨੇ ਵਿਚ ਉੱਥੇ ਐਲਾਨੀਆਂ ਸੰਭਾਵਿਤ ਚੋਣਾਂ ਲਈ ਵੀ ਉਮੀਦਵਾਰ ਸੀ। ਉਸ ਦੀ ਹੱਤਿਆ ਤੋਂ ਬਾਅਦ ਫੈਲੀ ਹਿੰਸਾ ਦੇ ਚਲਦਿਆਂ ਹੀ ਬੰਗਲਾਦੇਸ਼ ਦੇ ਸ਼ਹਿਰ ਖੁਲਨਾ ਵਿਚ ਹਿੰਸਕ ਅੰਦੋਲਨ ਦੇ ਦੂਸਰੇ ਆਗੂ ਮੋਤਾ ਲੇਬ ਸਿਕੰਦਰ ਦੀ ਵੀ ਬੰਦੂਕਧਾਰੀਆਂ ਵਲੋਂ ਹੱਤਿਆ ਕਰ ਦਿੱਤੀ ਗਈ।
ਸ਼ੇਖ਼ ਹਸੀਨਾ ਦੇ ਦੇਸ਼ ਛੱਡ ਜਾਣ ਤੋਂ ਬਾਅਦ ਭੜਕੇ ਸਮੂਹਾਂ ਵਲੋਂ ਜਿਨ੍ਹਾਂ ਵਿਚ ਇਸਲਾਮਿਕ ਸੰਗਠਨ ਸ਼ਾਮਿਲ ਹਨ, ਨੇ ਅਸਥਾਈ ਤੌਰ 'ਤੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੁਨਸ ਨੂੰ ਕੰਮ ਚਲਾਊ ਮੁਖੀ ਥਾਪ ਦਿੱਤਾ ਸੀ। ਮੁਹੰਮਦ ਯੂਨੁਸ ਨੇ ਇਸ ਗੜਬੜ ਦੌਰਾਨ ਮਿਲੇ ਅਧਿਕਾਰਾਂ ਦੀ ਵਰਤੋਂ ਤਾਂ ਕੀ ਕਰਨੀ ਸੀ, ਸਗੋਂ ਉਸ ਦੇ ਪ੍ਰਸ਼ਾਸਨ ਵਿਚ ਇਕ ਤਰ੍ਹਾਂ ਨਾਲ ਕੱਟੜ ਸੰਗਠਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ, ਜਿਸ ਕਰਕੇ ਪਿਛਲੇ 16 ਮਹੀਨਿਆਂ ਤੋਂ ਘੱਟ ਗਿਣਤੀ ਹਿੰਦੂਆਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਇਸ ਸਾਰੇ ਸਮੇਂ ਵਿਚ ਘੱਟ ਗਿਣਤੀ ਫਿਰਕੇ ਉੱਥੇ ਬੁਰੀ ਤਰ੍ਹਾਂ ਸਹਿਮੇ ਰਹੇ ਹਨ। 1971 ਵਿਚ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉੱਥੇ 18 ਕੁ ਫ਼ੀਸਦੀ ਦੇ ਲਗਭਗ ਹਿੰਦੂ ਭਾਈਚਾਰੇ ਦੇ ਲੋਕ ਵਸੇ ਹੋਏ ਸਨ, ਜਿਨ੍ਹਾਂ ਦੀ ਗਿਣਤੀ ਹੁਣ 8 ਫ਼ੀਸਦੀ ਦੇ ਲਗਭਗ ਹੀ ਰਹਿ ਗਈ ਹੈ। ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇੱਥੇ ਵੀ ਘੱਟ ਗਿਣਤੀਆਂ ਦਾ ਹਸ਼ਰ ਪਾਕਿਸਤਾਨ ਵਰਗਾ ਹੀ ਹੋਵੇਗਾ। ਪਿਛਲੇ ਦਿਨੀਂ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ਨੇ ਸਖ਼ਤ ਇਤਰਾਜ਼ ਤਾਂ ਪ੍ਰਗਟ ਕੀਤਾ ਹੈ ਅਤੇ ਹਾਲਤ ਨੂੰ ਦੇਖਦਿਆਂ ਉੱਥੇ ਚਟਗਾਓਂ ਵਿਚ ਆਪਣੀਆਂ ਵੀਜ਼ਾਂ ਸੇਵਾਵਾਂ ਵੀ ਰੋਕ ਦਿੱਤੀਆਂ ਹਨ। ਅਜਿਹੇ ਹਾਲਾਤ ਵਿਚ ਉੱਥੇ ਹੋਣ ਵਾਲੀਆਂ ਚੋਣਾਂ ਦੀ ਸੰਭਾਵਨਾ 'ਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਨਜ਼ਰ ਆਉਂਦਾ ਹੈ।
ਪਿਛਲੇ ਸਮੇਂ ਵਿਚ ਬੰਗਲਾਦੇਸ਼ ਵਿਚ ਪਾਕਿਸਤਾਨ ਅਤੇ ਚੀਨ ਵਧੇਰੇ ਸਰਗਰਮ ਦਿਖਾਈ ਦਿੱਤੇ ਹਨ। ਕਈ ਇਸਲਾਮਿਕ ਸੰਗਠਨਾਂ ਦੀ ਇਹ ਨੀਅਤ ਵੀ ਹੈ ਕਿ ਉੱਥੇ ਚੋਣਾਂ ਨਾ ਹੋਣ ਦਿੱਤੀਆਂ ਜਾਣ ਕਿਉਂਕਿ ਵੱਡੀ ਪਾਰਟੀ ਆਵਾਮੀ ਲੀਗ ਨੂੰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਦੂਸਰੀ ਵੱਡੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਵੀ ਜਮਾਤ-ਏ-ਇਸਲਾਮੀ ਵਰਗੇ ਸੰਗਠਨਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਿਨਾਂ ਸ਼ੱਕ ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ। 1971 ਵਿਚ ਜਦੋਂ ਪੂਰਬੀ ਪਾਕਿਸਤਾਨ ਆਜ਼ਾਦ ਹੋਇਆ ਸੀ ਤਾਂ ਪਾਕਿਸਤਾਨੀ ਫ਼ੌਜ ਨੇ ਉੱਥੇ ਆਜ਼ਾਦੀ ਲਈ ਸੰਘਰਸ਼ ਕਰਦੇ ਲੱਖਾਂ ਹੀ ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਅਜਿਹੇ ਸਮੇਂ ਭਾਰਤ ਹੀ ਉਨ੍ਹਾਂ ਦੀ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਨਾਲ ਖੜ੍ਹਾ ਹੋਇਆ ਸੀ, ਜਿਸ ਕਰਕੇ ਉਸ ਨੂੰ ਆਜ਼ਾਦੀ ਮਿਲੀ ਸੀ।
ਪਿਛਲੇ ਦਿਨੀਂ ਇਨ੍ਹਾਂ ਇਸਲਾਮਿਕ ਸੰਗਠਨਾਂ ਵਲੋਂ ਪਾਕਿਸਤਾਨ ਅਤੇ ਚੀਨ ਦੇ ਇਸ਼ਾਰੇ 'ਤੇ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਭਾਰਤ ਦੇ ਉੱਤਰ ਪੂਰਬੀ ਖਿੱਤੇ 'ਤੇ ਕਬਜ਼ਾ ਕਰਕੇ ਉੱਤਰ-ਪੂਰਬੀ ਰਾਜਾਂ ਨੂੰ ਇਸ ਨਾਲੋਂ ਕੱਟ ਦਿੱਤਾ ਜਾਏਗਾ। ਬੰਗਲਾਦੇਸ਼ ਦੀ ਭਾਰਤ ਨਾਲ ਸੀਮਾ 4 ਹਜ਼ਾਰ ਕਿਲੋਮੀਟਰ ਦੇ ਲਗਭਗ ਲੱਗਦੀ ਹੈ, ਜਿੱਥੇ ਲਗਾਤਾਰ ਸ਼ਰਨਾਰਥੀਆਂ ਦਾ, ਪਸ਼ੂਆਂ ਦਾ ਅਤੇ ਨਸ਼ਿਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਅਜਿਹੀਆਂ ਧਮਕੀਆਂ ਦੇ ਮੱਦੇਨਜ਼ਰ ਭਾਰਤ ਨੂੰ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਪੈਦਾ ਹੋਏ ਇਹ ਹਾਲਾਤ ਛੇਤੀ ਸੁਧਰਨ ਵਾਲੇ ਨਹੀਂ ਜਾਪਦੇ, ਜਿਨ੍ਹਾਂ ਕਰਕੇ ਭਾਰਤ ਲਈ ਇਕ ਹੋਰ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।
-ਬਰਜਿੰਦਰ ਸਿੰਘ ਹਮਦਰਦ