ਮੇਰਾ ਅੱਜ ਦਾ ਸਵਾਲ ਇਹ ਹੈ ਕਿ, ਕੀ ਕੋਈ ਕਾਂਗਰਸ ਪਾਰਟੀ ਦੇ ਅੰਦਰੋਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਿਹਾ ਹੈ? ਜੇਕਰ ਜਵਾਬ ਹਾਂ ਹੈ ਤਾਂ ਸਮਝਣਾ ਜ਼ਰੂਰੀ ਹੈ ਕਿ ਰਾਹੁਲ ਨੂੰ ਇਹ ਅੰਦਰੂਨੀ ਚੁਣੌਤੀ ਕੌਣ ਦੇ ਰਿਹਾ ਹੈ? ਪਰ ਰਾਹੁਲ ਕਾਂਗਰਸ ਪਾਰਟੀ ਦੇ ਅੰਦਰ ਮਜ਼ਬੂਤੀ ਨਾਲ ਇੰਨੇ ਸਥਾਪਿਤ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕੋਈ ਵੀ ਅਚਨਚੇਤ ਚੁਣੌਤੀ ਨਹੀਂ ਮਿਲ ਸਕਦੀ। ਇਸ ਲਈ ਜੇਕਰ ਕੋਈ ਚੁਣੌਤੀ ਹੈ ਵੀ ਤਾਂ ਹੌਲੀ-ਹੌਲੀ ਪਾਰਟੀ ਦੇ ਅੰਦਰ ਆਪਣਾ ਇਕ ਸਮਾਨਾਂਤਰ ਅਕਸ ਸਥਾਪਤ ਕਰਨ ਦੀ ਕੋਸ਼ਿਸ਼ ਦੀ ਹੈ ਤੇ ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਸ ਨੂੰ ਕਿਸ ਦਾ ਸਮਰਥਨ ਮਿਲ ਰਿਹਾ ਹੈ? ਉਹ ਕਿਹੜੀਆਂ ਤਾਕਤਾਂ ਹਨ ਜੋ ਉਸ ਨੂੰ ਅਜਿਹਾ ਕਰਨ ਲਈ ਜ਼ਮੀਨ ਪ੍ਰਦਾਨ ਕਰ ਰਹੀਆਂ ਹਨ? ਕੀ ਉਹ ਤਾਕਤਾਂ ਪਾਰਟੀ ਅੰਦਰ ਹਨ ਜਾਂ ਉਨ੍ਹਾਂ ਦੇ ਬਾਹਰੀ ਤਾਕਤਾਂ ਨਾਲ ਵੀ ਸਬੰਧ ਹਨ? ਮੈਂ ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਤੇ ਬਿਹਾਰ ਵਿਚ 'ਵੋਟਰ ਅਧਿਕਾਰ ਯਾਤਰਾ' ਦੌਰਾਨ ਸਪੱਸ਼ਟ ਲਿਖਿਆ ਸੀ ਕਿ ਰਾਹੁਲ ਨੂੰ ਹੁਣ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾਲਾਂਕਿ ਹਾਲ ਹੀ ਦੀਆਂ ਘਟਨਾਵਾਂ ਨੇ ਮੈਨੂੰ ਵੀ ਆਪਣੀ ਰਾਇ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ।
ਕਾਂਗਰਸ ਹਾਈਕਮਾਨ 'ਚ ਕੁੱਲ 4 ਲੋਕ: ਰਾਹੁਲ ਗਾਂਧੀ, ਉਨ੍ਹਾਂ ਦੀ ਮਾਂ ਸੋਨੀਆ ਗਾਂਧੀ, ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਹਨ। ਕਾਂਗਰਸ ਇਨ੍ਹਾਂ ਚਾਰਾਂ ਦੇ ਦਬਦਬੇ ਹੇਠ ਚੱਲ ਰਹੀ ਹੈ, ਜਿਨ੍ਹਾਂ 'ਚੋਂ 3 ਇਕੋ ਪਰਿਵਾਰ ਦੇ ਹੋਣ ਕਰਕੇ ਉਨ੍ਹਾਂ ਦੀ ਆਪਸ 'ਚ ਡੂੰਘੀ ਸਮਝ ਹੈ। ਇਹ ਖੜਗੇ ਦੀ ਸੀਨੀਅਰਤਾ ਤੇ ਤਜਰਬੇ ਨੂੰ ਆਪਣੇ ਨਾਲ ਜੋੜ ਕੇ 100 ਲੋਕ ਸਭਾ ਸੰਸਦ ਮੈਂਬਰਾਂ ਵਾਲੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦਾ ਪ੍ਰਬੰਧਨ ਕਰ ਰਹੇ ਹਨ। ਪਹਿਲੀ ਨਜ਼ਰ 'ਚ ਇਹ ਪ੍ਰਬੰਧ ਬਹੁਤ ਆਰਾਮਦਾਇਕ ਤੇ ਭਰੋਸੇਯੋਗ ਜਾਪਦਾ ਹੈ।, ਪਰ ਮੇਰਾ ਮੰਨਣਾ ਹੈ ਕਿ ਇਹ ਇਕ ਗਲਤੀ ਹੋ ਸਕਦੀ ਹੈ। ਰਾਜਨੀਤਿਕ ਪਰਿਵਾਰਾਂ ਅੰਦਰ ਵੀ ਦੁਸ਼ਮਣੀ ਹੁੰਦੀ ਹੈ, ਜਿਵੇਂ ਬਿਹਾਰ ਚੋਣਾਂ ਹਾਰਨ ਤੋਂ ਬਾਅਦ ਲਾਲੂ ਯਾਦਵ ਪਰਿਵਾਰ ਦੀ ਅੰਦਰੂਨੀ ਲੜਾਈ ਜੱਗ ਜਾਹਰ ਹੋਈ ਹੈ। ਤਾਮਿਲਨਾਡੂ 'ਚ ਕਰੁਣਾਨਿਧੀ ਦੇ ਪੁੱਤਰਾਂ ਵਿਚਕਾਰ ਉੱਤਰਾਧਿਕਾਰ ਨੂੰ ਲੈ ਕੇ ਲੜਾਈ ਹੋਈ ਸੀ। ਸ਼ਾਇਦ ਕਾਂਗਰਸ ਅੰਦਰ ਅਜਿਹਾ ਬਦਸੂਰਤ ਦ੍ਰਿਸ਼ ਸਾਹਮਣੇ ਨਾ ਆਵੇ।
ਅੱਜਕਲ੍ਹ ਪ੍ਰਿਅੰਕਾ ਗਾਂਧੀ ਕਾਫ਼ੀ ਸਰਗਰਮ ਹੈ। ਪਰ ਉਨ੍ਹਾਂ ਦੀ ਦੋ ਧਾਵਾਂ 'ਤੇ ਮੌਜੂਦਗੀ-ਪਹਿਲੀ ਉਨ੍ਹਾਂ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਅਤੇ ਦੂਜੀ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਦਿੱਤੀ ਗਈ ਚਾਹ ਪਾਰਟੀ ਮੌਕੇ ਉਨ੍ਹਾਂ ਦੀ ਹਾਜ਼ਰੀ ਸਵਾਲ ਖੜ੍ਹੇ ਕਰਦੀ ਹੈ। ਕੀ ਪ੍ਰਿਅੰਕਾ ਤੇ ਪ੍ਰਸ਼ਾਂਤ ਕਿਸ਼ੋਰ ਨਾਲ ਉਨ੍ਹਾਂ ਦੀ ਮੁਲਾਕਾਤ ਅਤੇ ਓਮ ਬਿਰਲਾ ਦੀ ਚਾਹ ਪਾਰਟੀ ਵਿਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਹਾਈਕਮਾਂਡ ਦੇ 3 ਹੋਰ ਮੈਂਬਰਾਂ ਦੀ ਪ੍ਰਵਾਨਗੀ ਸੀ।
ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਮੈਂ ਪ੍ਰਿਅੰਕਾ ਗਾਂਧੀ ਦੇ ਰਾਜਨੀਤਿਕ ਕੈਰੀਅਰ 'ਤੇ ਇਕ ਨਜ਼ਰ ਮਾਰਨ ਲਈ ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਾਂਗਾ। ਸਭ ਤੋਂ ਪਹਿਲਾਂ ਉਹ ਅਮੇਠੀ ਤੇ ਰਾਏਬਰੇਲੀ ਹਲਕਿਆਂ 'ਚ ਆਪਣੀ ਮਾਂ ਤੇ ਭਰਾ ਲਈ ਚੋਣ ਪ੍ਰਬੰਧਕ ਵਜੋਂ ਜ਼ਿੰਮੇਵਾਰੀ ਨਿਭਾਉਂਦਿਆ ਉਹ ਆਪਣੇ ਆਪ ਨੂੰ ਇਕ ਵੱਡੀ ਰਾਜਨੀਤਿਕ ਭੂਮਿਕਾ ਲਈ ਤਿਆਰ ਕਰ ਰਹੀ ਸੀ। ਕਾਂਗਰਸੀ ਵਰਕਰਾਂ ਤੇ ਗਾਂਧੀ ਪਰਿਵਾਰ ਦੇ ਪ੍ਰਸ਼ੰਸਕਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਕਈ ਉਸ 'ਚ ਇੰਦਰਾ ਗਾਂਧੀ ਦਾ ਅਕਸ ਦੇਖਦੇ ਹਨ, ਵਰਕਰ ਉਸ ਨੂੰ ਪਸੰਦ ਕਰਦੇ ਹਨ, ਕਿਉਂਕਿ ਉਹ ਚੰਗੀਆਂ ਗੱਲਾਂ ਬੋਲਦੀ ਹੈ। ਜਦੋਂ ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿਚ ਉਤਾਰਿਆ ਗਿਆ ਤਾਂ ਉਹ ਸਮਾਗਮ ਸਫਲ ਰਿਹਾ ਸੀ ਤੇ ਇਸ ਦੀ ਵਿਆਪਕ ਚਰਚਾ ਵੀ ਹੋਈ ਸੀ।
ਪ੍ਰਿਅੰਕਾ ਗਾਂਧੀ ਦੇ ਰਾਜਨੀਤਿਕ ਕੈਰੀਅਰ ਦੇ ਦੂਜੇ ਪੜਾਅ ਦੀ ਸ਼ੁਰੂਆਤ ਪਾਰਟੀ ਰਣਨੀਤੀਕਾਰ ਤੇ ਯੋਜਨਾਕਾਰ ਵਜੋਂ ਉਸ ਸਮੇਂ ਹੋਈ ਜਦੋ ਉਸ ਨੇ ਪੰਜਾਬ 'ਚ ਕਾਂਗਰਸ ਦੇ ਸੰਕਟ ਨੂੰ ਸੰਭਾਲਿਆ। ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪਸੰਦ ਨਹੀਂ ਕਰਦੀ ਸੀ ਤੇ ਉਸ ਨੇ ਨਵਜੋਤ ਸਿੰਘ ਸਿੱਧੂ ਨੂੰ ਮੂਹਰੇ ਲਿਆਂਦਾ। ਅਮਰਿੰਦਰ ਆਪਣੀ ਪਤਨੀ ਦੇ ਨਾਲ ਭਾਜਪਾ ਵਿਚ ਸ਼ਾਮਿਲ ਹੋ ਗਏ, ਉਧਰ ਲੋਕਾਂ ਨੇ ਸਿੱਧੂ ਨੂੰ ਵੀ ਰੱਦ ਕਰ ਦਿੱਤਾ। ਉੱਤਰ ਪ੍ਰਦੇਸ਼ 'ਚ ਪ੍ਰਿਅੰਕਾ ਨੇ ਨਿੱਜੀ ਤੌਰ 'ਤੇ ਅਗਵਾਈ ਪ੍ਰਦਾਨ ਕਰਦਿਆਂ 'ਲੜਕੀ ਹੂੰ, ਲੜ ਸਕਦੀ ਹੂੰ' ਦਾ ਆਕਰਸ਼ਕ ਨਾਅਰਾ ਦਿੱਤਾ, ਪਰ ਕਾਂਗਰਸ ਨੂੰ ਬੇਮਿਸਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹਿਮਾਚਲ ਪ੍ਰਦੇਸ਼ ਵਿਚ ਰਾਜੀਵ ਸ਼ੁਕਲਾ ਨੂੰ ਅੱਗੇ ਕਰਕੇ ਉਹ ਸੂਬੇ 'ਚ ਕਾਂਗਰਸ ਦੀ ਸਰਕਾਰ ਡਿੱਗਣ ਤੋਂ ਬਚਾਉਣ 'ਚ ਕਾਮਯਾਬ ਹੋ ਗਈ। ਉਸ ਦੀ ਰਾਜਨੀਤਿਕ ਰਣਨੀਤੀਕਾਰ ਤੇ ਪ੍ਰਬੰਧਕ ਵਜੋਂ ਭੂਮਿਕਾ ਨੂੰ ਦੇਖਦਿਆਂ ਦਿੱਲੀ ਦੇ ਮੀਡੀਆ ਸਰਕਲਾਂ ਵਿਚ ਘੁਸਰ-ਮੁਸਰ ਹੋਣ ਲੱਗੀ ਹੈ ਕਿ ਜੇਕਰ ਸੋਨੀਆ ਗਾਂਧੀ 2009 ਦੀ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਨੂੰ ਰਾਜਨੀਤੀ ਵਿਚ ਨਾ ਲਿਆਉਂਦੀ ਤਾਂ ਕਾਂਗਰਸ ਪਾਰਟੀ ਦਾ ਇੰਨਾ ਬੁਰਾ ਹਾਲ ਨਾ ਹੁੰਦਾ । ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਤਕ ਤੌਰ 'ਤੇ ਅਪਮਾਨ ਕਰਨ ਨੇ ਮੋਦੀ ਨੂੰ ਮਨਮੋਹਨ ਸਿੰਘ ਨੂੰ ਕਾਂਗਰਸ ਦਾ ਕਮਜ਼ੋਰ ਪ੍ਰਧਾਨ ਮੰਤਰੀ ਕਹਿਣ ਦਾ ਮੌਕਾ ਦੇ ਦਿੱਤਾ ਸੀ। ਪ੍ਰਿਅੰਕਾ ਦੇ ਰਾਜਨੀਤਿਕ ਕੈਰੀਅਰ ਦਾ ਤੀਜਾ ਪੜਾਅ ਉਦੋਂ ਸ਼ੁਰੂ ਹੋਇਆ ਜਦੋਂ ਉਸ ਨੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਬਣ ਕੇ ਸੰਸਦ ਵਿਚ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ। ਹਾਲ ਹੀ ਵਿਚ ਵੰਦੇ ਮਾਤਰਮ 'ਤੇ ਹੋਈ ਬਹਿਸ ਦੌਰਾਨ ਉਸ ਨੇ ਇਕ ਸ਼ਾਨਦਾਰ ਭਾਸ਼ਣ ਦਿੰਦਿਆਂ ਮੋਦੀ ਦੀਆਂ ਟਿੱਪਣੀਆਂ ਦਾ ਤੱਥਾਂ ਨਾਲ ਖੰਡਨ ਕੀਤਾ। ਜਦੋਂ ਹਰ ਕੋਈ ਪ੍ਰਿਅੰਕਾ ਦੀ ਭਾਸ਼ਣ ਕਲਾ ਦੀ ਪ੍ਰਸ਼ੰਸਾ ਕਰ ਰਿਹਾ ਸੀ ਤਾਂ ਉਸ ਦੀਆਂ ਕੁਝ ਅਜਿਹੀਆਂ ਸਰਗਰਮੀਆਂ ਸਾਹਮਣੇ ਆਈਆਂ ਜਿਨ੍ਹਾਂ 'ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਕੀ ਪ੍ਰਿਅੰਕਾ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕਾਂਗਰਸ ਹਾਈਕਮਾਨ ਦੁਆਰਾ ਤੈਅ ਰਣਨੀਤੀ ਦਾ ਹਿੱਸਾ ਸੀ ਅਤੇ ਕੀ ਉਹ ਪਾਰਟੀ ਹਾਈਕਮਾਨ ਦੀ ਸਹਿਮਤੀ ਨਾਲ ਓਮ ਬਿਰਲਾ ਦੀ ਚਾਹ ਪਾਰਟੀ ਵਿਚ ਸ਼ਾਮਲ ਹੋਈ ਸੀ? ਜਦੋਂ ਪ੍ਰਸ਼ਾਂਤ ਕਿਸ਼ੋਰ ਤੇ ਕਾਂਗਰਸ ਵੱਖ ਹੋਏ ਤਾਂ ਕੁੜੱਤਣ ਬਹੁਤ ਵਧ ਗਈ ਸੀ। ਲੋਕ ਪ੍ਰਸ਼ਾਂਤ ਕਿਸ਼ੋਰ ਵਲੋਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਨੂੰ ਭੁੱਲੇ ਨਹੀਂ ਸਨ ਕਿ ਪ੍ਰਿਅੰਕਾ ਦੀ ਪ੍ਰਸ਼ਾਂਤ ਨਾਲ ਮੁਲਾਕਾਤ ਦੇ ਚਰਚੇ ਸ਼ੁਰੂ ਹੋ ਗਏ। ਅਫਵਾਹਾਂ ਫੈਲਣ ਲੱਗੀਆਂ ਕਿ ਪ੍ਰਸ਼ਾਂਤ ਆਪਣੀ 'ਸਵਰਾਜ ਪਾਰਟੀ' ਨੂੰ ਕਾਂਗਰਸ ਵਿਚ ਮਿਲਾਉਣ ਵਾਲੇ ਹਨ ਤੇ ਉਸ ਨੂੰ ਉੱਤਰ ਪ੍ਰਦੇਸ਼, ਕੇਰਲ ਤੇ ਬੰਗਾਲ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਪਰ ਲੋਕ ਓਮ ਬਿਰਲਾ ਦੀ ਚਾਹ ਪਾਰਟੀ ਵਿਚ ਪ੍ਰਿਅੰਕਾ ਦੀ ਸ਼ਮੂਲੀਅਤ 'ਤੇ ਚੁੱਪ ਹਨ। ਦਰਅਸਲ ਇਸ ਸਰਗਰਮੀ 'ਤੇ ਇਤਰਾਜ਼ ਦਾ ਮੁੱਖ ਕਾਰਨ ਇਹ ਹੈ ਕਿ ਭਾਜਪਾ ਉਸ ਦਾ ਵਿਰੋਧ ਕਰਨ ਵਾਲੇ ਰਾਜਨੀਤਿਕ ਪਰਿਵਾਰਾਂ ਵਿਚ ਘੁਸਪੈਠ ਕਰਕੇ ਚੁੱਪਚਾਪ ਪਰਿਵਾਰ ਦੇ ਕਿਸੇ 'ਮਹੱਤਵਾਕਾਂਖੀ' ਮੈਂਬਰ 'ਤੇ ਆਪਣਾ ਹੱਥ ਰੱਖ ਦਿੰਦੀ ਹੈ। ਉਸ ਨੇ ਮੁਲਾਇਮ ਪਰਿਵਾਰ ਵਿਚ ਸ਼ਿਵਪਾਲ, ਲਾਲੂ ਪਰਿਵਾਰ ਵਿਚ ਤੇਜ ਪ੍ਰਤਾਪ ਤੇ ਸ਼ਰਦ ਪਵਾਰ ਪਰਿਵਾਰ 'ਚ ਅਜੀਤ ਪਵਾਰ ਦੇ ਸਿਰ 'ਤੇ ਆਪਣਾ ਹੱਥ ਰੱਖਿਆ ਹੋਇਆ ਹੈ। ਹੁਣ ਸਵਾਲ ਇਹ ਹੈ ਕੀ ਭਾਜਪਾ ਗਾਂਧੀ ਪਰਿਵਾਰ 'ਚ ਪ੍ਰਿਅੰਕਾ ਗਾਂਧੀ 'ਤੇ ਆਪਣਾ ਹੱਥ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪ੍ਰਿਅੰਕਾ ਦੀ ਲਾਪਰਵਾਹੀ ਉਸ ਨੂੰ ਇਹ ਮੌਕਾ ਪ੍ਰਦਾਨ ਕਰ ਰਹੀ ਹੈ।
ਮੇਰਾ ਮੰਨਣਾ ਹੈ ਕਿ ਪ੍ਰਿਅੰਕਾ ਦੇ ਦੋਵੇਂ ਹੱਥਕੰਡੇ ਕਿਸੇ ਨਾ ਕਿਸੇ ਰੂਪ 'ਚ ਪਾਰਟੀ ਦੇ ਅੰਦਰ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰ ਸਕਦੇ ਹਨ। ਜੇਕਰ ਪ੍ਰਿਅੰਕਾ ਪਾਰਟੀ ਦੇ ਅੰਦਰ ਸੁਤੰਤਰ ਤੌਰ 'ਤੇ ਅਜਿਹੇ ਫੈਸਲੇ ਲੈ ਸਕਦੀ ਹੈ ਤਾਂ ਸਵਾਲ ਉੱਠਦਾ ਹੈ: ਕਿ, ਕੀ ਰਾਹੁਲ ਦੀ ਲੀਡਰਸ਼ਿਪ ਦੇ ਸਮਾਨਾਂਤਰ ਉਸ ਦੀ ਭੈਣ ਦੀ ਸ਼ਖਸੀਅਤ ਤਾਂ ਨਹੀਂ ਉੱਭਰ ਰਹੀ, ਜਾਂ ਉਭਾਰੀ ਜਾ ਰਹੀ ਹੈ? ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਾਂਗਰਸ ਦੇ ਭਵਿੱਖ ਲਈ ਖ਼ਤਰਾ ਪੈਦਾ ਕਰੇਗਾ। ਭਾਜਪਾ ਦੇਸ਼ ਵਿਚ ਸਿਰਫ਼ ਇਕ ਨੇਤਾ ਰਾਹੁਲ ਗਾਂਧੀ ਤੋਂ ਡਰਨ ਲੱਗੀ ਹੈ। ਭਾਜਪਾ ਕਾਂਗਰਸ ਦੇ ਅੰਦਰ ਲੀਡਰਸ਼ਿਪ ਦੇ ਸਵਾਲ ਨੂੰ ਦੁਬਾਰਾ ਖੋਲ੍ਹਣ ਲਈ ਸਪੱਸ਼ਟ ਜਾਂ ਗੁਪਤ ਤੌਰ 'ਤੇ ਹਰ ਸੰਭਵ ਕੋਸ਼ਿਸ਼ ਕਰੇਗੀ, ਜੇਕਰ ਅਜਿਹਾ ਹੁੰਦਾ ਹੈ ਤਾਂ ਹਾਈਕਮਾਨ ਦੇ ਬਾਕੀ ਦੇ ਤਿੰਨ ਮੈਂਬਰਾਂ 'ਤੇ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਪ੍ਰਿਅੰਕਾ ਤੋਂ ਪੁੱਛਣਾ ਚਾਹੀਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਤੇ ਓਮ ਬਿਰਲਾ ਦੀ ਚਾਹ ਪਾਰਟੀ ਵਿਚ ਉਹ ਕਿਸ ਹੈਸੀਅਤ ਵਿਚ ਸ਼ਾਮਿਲ ਹੋਈ ਸੀ, ਕਿਉਂਕਿ ਉਹ ਕਿਸੇ ਵੀ ਸਦਨ ਵਿਚ ਕਾਂਗਰਸ ਦੀ ਨੇਤਾ ਜਾਂ ਉਪ ਨੇਤਾ ਵੀ ਨਹੀਂ ਹੈ। ਜੋ ਵੀ ਹੋਵੇ ਸਥਿਤੀ ਵਿਗੜਨ ਤੋਂ ਪਹਿਲਾਂ ਸੋਨੀਆ ਗਾਂਧੀ ਤੇ ਖੜਗੇ ਜੀ ਨੂੰ ਸਥਿਤੀ 'ਤੇ ਕਾਬੂ ਪਾਉਣਾ ਹੋਵੇਗਾ।
-ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿਖੇ ਭਾਰਤੀ ਭਾਸ਼ਾਵਾਂ 'ਚ ਪੁਰਾਲੇਖ ਖੋਜ ਪ੍ਰੋਗਰਾਮ ਦੇ ਸਾਬਕਾ ਪ੍ਰੋਫੈਸਰ ਤੇ ਨਿਰਦੇਸ਼ਕ ਰਹਿ ਚੁੱਕੇ ਹਨ।
ਸੰਪਰਕ : abhaydubey@ csds.in