08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਆਕਾਸ਼ ਦੀ ਉਡਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਭਾਰਤ ਸਹੀ ਅਰਥਾਂ 'ਚ 'ਭਾਰਤੀ ਪੁਲਾੜ ਖੋਜ ਸੰਸਥਾ' (ਇਸਰੋ) ਦੀਆਂ ਪ੍ਰਾਪਤੀਆਂ 'ਤੇ ਮਾਣ ਕਰ ਸਕਦਾ ਹੈ, ਜਿਸ ਨੇ ਦੇਸ਼ ਨੂੰ ਪੁਲਾੜ ਖੋਜ ਦੇ ਖੇਤਰ ਵਿਚ ਅੰਤਰਰਾਸ਼ਟਰੀ ਪਹਿਚਾਣ ਦਿਵਾਈ ਹੈ। ਇਸ ਦੀ ਸ਼ੁਰੂਆਤ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਉਤਸ਼ਾਹ ਨਾਲ ਉਸ ਸਮੇਂ ਦੇ ਪ੍ਰਸਿੱਧ ਪੁਲਾੜ ਵਿਗਿਆਨੀ ਵਿਕਰਮ ਅੰਬਾਲਾਲ ਸਾਰਾਭਾਈ ਨੇ ਕੀਤੀ ਸੀ। ਉਸ ਤੋਂ ਬਾਅਦ ਇਸ ਸੰਸਥਾ ਨੇ ਪੁਲਾੜ ਦੇ ਖੇਤਰ 'ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਨਵੀਆਂ ਤੋਂ ਨਵੀਆਂ ਖੋਜਾਂ ਕਰਕੇ ਇਸ ਖੇਤਰ ਰਾਹੀਂ ਭਾਰਤ ਨੂੰ ਹੀ ਨਹੀਂ ਸਗੋਂ ਧਰਤੀ ਦੇ ਵੱਡੇ ਹਿੱਸੇ ਨੂੰ ਪੁਲਾੜ ਯੁੱਗ ਨਾਲ ਜੋੜ ਕੇ ਇਸ ਦਾ ਨਕਸ਼ਾ ਬਦਲ ਦੇਣ ਵਿਚ ਇਸ ਨੇ ਆਪਣਾ ਵੱਡਾ ਯੋਗਦਾਨ ਪਾਇਆ ਹੈ।
ਅੱਜ ਦੇ ਯੁੱਗ 'ਚ ਉਪ-ਗ੍ਰਹਿਆਂ ਦੀ ਤਕਨੀਕ ਨਾਲ ਧਰਤੀ 'ਤੇ ਰਹਿਣ ਵਾਲੇ ਲੋਕਾਂ ਨੂੰ ਸੰਚਾਰ ਦੇ ਖੇਤਰ ਵਿਚ ਵੱਡੀਆਂ ਸਹੂਲਤਾਂ ਮਿਲੀਆਂ ਹਨ। ਨਵੀਆਂ ਖੋਜਾਂ ਨੇ ਦੁਨੀਆ ਦੇ ਰੰਗ-ਢੰਗ ਹੀ ਬਦਲ ਦਿੱਤੇ ਹਨ। ਇਸ ਸੰਬੰਧ ਵਿਚ, ਭਾਰਤ 'ਚ ਇਸਰੋ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਪੁਲਾੜ ਖੇਤਰ 'ਚ ਇਸਰੋ ਦੀਆਂ ਪ੍ਰਾਪਤੀਆਂ ਨਾਲ ਅਨੇਕਾਂ ਸ਼ਾਨਦਾਰ ਅਧਿਆਏ ਜੁੜੇ ਹਨ। ਭਾਰਤ ਦਾ ਆਉਂਦੇ ਵਰ੍ਹਿਆਂ ਵਿਚ ਗਗਨਯਾਨ ਮਿਸ਼ਨ ਵੀ ਜਾਰੀ ਹੈ, ਜਿਸ ਦੇ ਸਫਲ ਹੋਣ ਸੰਬੰਧੀ ਪੂਰੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਆਂਧਰਾ ਪ੍ਰਦੇਸ਼ ਸਥਿਤ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਇਕ ਅਮਰੀਕੀ ਸੰਚਾਰ ਉਪ-ਗ੍ਰਹਿ ਭਾਵ 'ਬਲੂਬਰਡ ਬਲਾਕ-2' ਨੂੰ ਭਾਰਤੀ ਰਾਕਟ ਐਲ.ਵੀ.ਐਮ.-3 ਐਮ-6 ਜਿਸ ਨੂੰ ਛੋਟਾ ਨਾਂਅ 'ਬਾਹੂਬਲੀ' ਦਿੱਤਾ ਗਿਆ ਹੈ, ਨੇ 15 ਮਿੰਟ ਦੀ ਯਾਤਰਾ ਨਾਲ ਉਸ ਦੇ ਮਿੱਥੇ ਪੰਧ 'ਤੇ ਪਹੁੰਚਾ ਦਿੱਤਾ ਹੈ। ਇਹ ਸੰਚਾਰ ਉਪ-ਗ੍ਰਹਿ ਬੇਹੱਦ ਭਾਰੀ 6100 ਕਿਲੋਗ੍ਰਾਮ ਵਜ਼ਨ ਦਾ ਸੀ, ਜਿਸ ਨੂੰ ਉਸ ਦੇ ਨਿਸ਼ਚਿਤ ਪੰਧ 'ਤੇ ਪਾਉਣਾ ਆਪਣੇ-ਆਪ ਵਿਚ ਇਕ ਚੁਣੌਤੀ ਸੀ। ਭਾਰਤੀ ਉਪਗ੍ਰਹਿ 'ਬਾਹੂਬਲੀ' ਰਾਹੀਂ ਇਸ ਸਫਲ ਤਜਰਬੇ ਨੇ ਜਿਥੇ ਭਾਰਤੀ ਪੁਲਾੜ ਮਿਸ਼ਨ ਵਿਚ ਨਵਾਂ ਉਤਸ਼ਾਹ ਭਰਿਆ ਹੈ, ਉਥੇ ਇਸਰੋ ਦਾ ਵੀ ਹੋਰ ਮਾਣ ਵਧਿਆ ਹੈ ਤੇ ਇਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਦੇ ਸਫਲ ਹੋਣ ਦੀ ਵੱਡੀ ਆਸ ਪੈਦਾ ਹੋਈ ਹੈ। ਇਸੇ ਰਾਕਟ ਰਾਹੀਂ ਚੰਦ 'ਤੇ ਪੁੱਜਣ ਦਾ ਟੀਚਾ ਵੀ ਸਰ ਕਰਨ ਨੂੰ ਯਕੀਨੀ ਮੰਨਿਆ ਜਾਣ ਲੱਗਾ ਹੈ। ਇਸ ਮਿਸ਼ਨ ਨਾਲ ਜੁੜੀ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਅਮਰੀਕਾ ਦੇ 'ਬਲੂਬਰਡ ਬਲਾਕ-2' ਉਪ ਗ੍ਰਹਿ ਨੂੰ ਉਸ ਦੇ ਨਿਸ਼ਚਿਤ ਪੰਧ 'ਤੇ ਸਫਲਤਾ ਨਾਲ ਛੱਡਣ ਨਾਲ ਇਸਰੋ ਦੀ ਨਿਊ ਸਪੇਸ ਇੰਡੀਆ ਲਿਮਟਿਡ ਦੀ ਵਪਾਰਕ ਇਕਾਈ ਨੇ ਆਪਣੀ ਵਪਾਰਕ ਸਾਖ਼ ਵਿਚ ਵੱਡਾ ਵਾਧਾ ਕਰ ਲਿਆ ਹੈ। ਅਮਰੀਕਾ ਦੀ ਏ.ਐਸ.ਟੀ. ਸਪੇਸ ਮੋਬਾਈਲ ਕੰਪਨੀ ਨਾਲ ਇਸਰੋ ਦਾ ਵਪਾਰਕ ਸਮਝੌਤਾ ਹੋਇਆ ਸੀ। ਅਜਿਹੀ ਸ਼ੁਰੂਆਤ ਨਾਲ ਭਵਿੱਖ 'ਚ ਅਰਬਾਂ ਡਾਲਰਾਂ ਦੇ ਵਪਾਰ ਦੀਆਂ ਸੰਭਾਵਨਾਵਾਂ ਵੀ ਬਣ ਗਈਆਂ ਹਨ, ਜਿਸ ਨਾਲ ਭਾਰਤੀ ਪੁਲਾੜ ਮਿਸ਼ਨ ਅਸਮਾਨ ਦੀਆਂ ਉਚਾਈਆਂ ਦੇ ਗਹਿਰੇ ਭੇਦਾਂ ਨੂੰ ਮਾਪਣ 'ਚ ਕਾਮਯਾਬ ਹੋ ਸਕੇਗਾ। ਪੁਲਾੜ 'ਚ ਸਥਾਪਿਤ ਕੀਤੇ ਗਏ ਇਸ ਉਪ-ਗ੍ਰਹਿ ਰਾਹੀਂ ਮੋਬਾਈਲ ਕੁਨੈਕਟੀਵਿਟੀ ਵਧੇਰੇ ਮਜ਼ਬੂਤ ਹੋਵੇਗੀ। ਇਸ ਨਾਲ ਹਰ ਕਿਸੇ ਨੂੰ ਹਰ ਜਗ੍ਹਾ 'ਤੇ ਬਿਨਾਂ ਮੋਬਾਈਲ ਟਾਵਰ ਤੋਂ ਦੂਰ-ਦਰਾਡੇ ਖੇਤਰਾਂ 'ਚ ਵੀ ਨੈੱਟਵਰਕ ਮਿਲੇਗਾ, ਜਿਸ ਨਾਲ 4 ਜੀ-5 ਜੀ ਵਾਇਸ ਅਤੇ ਟੈਕਸਟ ਮੈਸੇਜ਼, ਸਟਰੀਮਿੰਗ ਵੀਡੀਓ ਕਾਲ ਤੇ ਡਾਟਾ ਦੀਆਂ ਹੋਰ ਵਧੇਰੇ ਸਹੂਲਤਾਂ ਮਿਲ ਸਕਣਗੀਆਂ। ਇਸ ਉਪ-ਗ੍ਰਹਿ ਨਾਲ ਸਿੱਧੀਆਂ ਸਮਾਰਟਫੋਨਾਂ 'ਤੇ ਹਾਈ ਸਪੀਡ ਸੈਲੂਲਰ ਬਰਾਡਬੈਂਡ ਦੀਆਂ ਸੇਵਾਵਾਂ ਵੀ ਬਾਖੂਬੀ ਲਈਆਂ ਜਾ ਸਕਣਗੀਆਂ।
ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਇਸਰੋ ਦੀ ਵਪਾਰਕ ਸ਼ਾਖਾ ਨਿਊ ਸਪੇਸ ਇੰਡੀਆ ਤੇ ਅਮਰੀਕੀ ਏ.ਐਸ.ਟੀ. ਸਪੇਸ ਮੋਬਾਈਲ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ। 'ਬਾਹੂਬਲੀ' ਰਾਕੇਟ ਨੇ ਚੰਦਰਯਾਨ-2 ਤੇ ਚੰਦਰਯਾਨ-3 ਮਿਸ਼ਨਾਂ ਦੇ ਨਾਲ-ਨਾਲ 8 ਹੋਰ ਪੁਲਾੜ ਮਿਸ਼ਨਾਂ ਵਿਚ ਆਪਣਾ ਸ਼ਾਨਦਾਰ ਯੋਗਦਾਨ ਪਾਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀਆਂ ਇਨ੍ਹਾਂ ਪ੍ਰਾਪਤੀਆਂ ਬਾਰੇ ਕਿਹਾ ਜਾਣ ਲੱਗੇਗਾ ਕਿ :
'ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ,
ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ।'

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਵਿਚ ਨਗਰ ਕੀਰਤਨ ਰੋਕੇ ਜਾਣ ਦੀ ਘਟਨਾ-ਅਜੋਕੀਆਂ ਸਥਿਤੀਆਂ ਵਿਚ ਸਿੱਖ ਭਾਈਚਾਰਾ ਕੀ ਕਰੇ? ਅਗਲੀ ਖ਼ਬਰ ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ
Ad Position 24