ਇਕ ਖੌਫ਼-ਏ-ਬੇ-ਪਨਾਹ ਹੈ ਆਖੋਂ ਕੇ ਆਰ-ਪਾਰ
ਤਾਰੀਕੀਓਂ ਮੇਂ ਡੂਬਤਾ ਲਮਹਾ ਹੈ ਸਾਹਮਣੇ।
(ਤਾਰੀਕੀਓਂ-ਹੇਰਿਆਂ)
ਸੁਲਤਾਨ ਅਖ਼ਤਰ ਦਾ ਇਹ ਸ਼ਿਅਰ ਮੈਨੂੰ ਇਸ ਵੇਲੇ ਸਿੱਖ ਕੌਮ ਦੀ ਹਾਲਤ ਵੱਲ ਵੇਖਦਿਆਂ ਯਾਦ ਆਇਆ ਹੈ। ਅਸਲੀਅਤ ਇਹ ਹੈ ਕਿ ਭਾਵੇਂ ਇਸ ਵੇਲੇ ਨਾ ਤਾਂ ਸਿੱਖ ਕੌਮ ਸਾਹਮਣੇ ਕੋਈ ਕਿਲ੍ਹਾ ਛੱਡਣ ਦਾ ਸਵਾਲ ਹੈ, ਨਾ ਹੀ ਕਿਸੇ ਛੋਟੇ-ਵੱਡੇ ਘੱਲੂਘਾਰੇ ਦਾ ਡਰ ਤੇ ਨਾ ਹੀ 1984 ਵਰਗੇ ਸਿੱਖ ਕਤਲੇਆਮ ਦਾ ਮਾਹੌਲ ਹੈ, ਪਰ ਫਿਰ ਵੀ ਅੱਜ ਦੇ ਹਾਲਾਤ ਸਿੱਖ ਕੌਮ ਲਈ ਉਨ੍ਹਾਂ ਸਮਿਆਂ ਤੋਂ ਵੀ ਜ਼ਿਆਦਾ ਖੌਫ਼ ਤੇ ਡਰ ਵਾਲੇ 'ਤੇ ਜ਼ਿਆਦਾ ਹਨੇਰੇ ਵਾਲੇ ਜਾਪਦੇ ਹਨ, ਕਿਉਂਕਿ ਉਨ੍ਹਾਂ ਸਮਿਆਂ ਵਿਚ ਸਿੱਖ ਕੌਮ ਲੀਡਰ-ਲੈਸ ਕੌਮ ਨਹੀਂ ਸੀ, ਜਿਸ ਤਰ੍ਹਾਂ ਕਿ ਅੱਜ ਹੈ। ਇਸ ਵੇਲੇ ਇਕ ਪਾਸੇ ਵਿਦੇਸ਼ਾਂ ਵਿਚ ਵਸਦਾ ਸਿੱਖ ਭਾਈਚਾਰਾ ਜੋ ਕੌਮ ਲਈ ਸ਼ਾਨ ਤੇ ਤਾਕਤ ਦਾ ਪ੍ਰਤੀਕ ਹੈ, ਖੁਦ ਹੀ ਦੇਸ਼-ਦਰ-ਦੇਸ਼ ਮੁਸ਼ਕਿਲਾਂ ਵਿਚ ਫਸਦਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਦੇਸ਼ ਤੇ ਪੰਜਾਬ ਵਿਚ ਵੀ ਕੌਮ ਸਾਹਮਣੇ ਏਨੇ ਮਸਲੇ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਜਾਪਦੀ ਹੈ।
ਇਨ੍ਹਾਂ ਵਿਚੋਂ ਸਭ ਤੋਂ ਵੱਡਾ ਮਸਲਾ ਤਾਂ ਸਿੱਖਾਂ ਕੋਲ ਕੋਈ ਵਿਸ਼ਵਾਸਯੋਗ ਰਹਿਬਰ ਦਾ ਨਾ ਹੋਣਾ ਹੀ ਹੈ। ਕੌਮ ਕੋਲ ਕੋਈ ਅਜਿਹਾ ਨੇਤਾ ਨਹੀਂ ਜੋ ਇਨ੍ਹਾਂ ਹਨੇਰੇ ਰਾਹਾਂ ਤੇ ਕੌਮ ਦੀ ਅਗਵਾਈ ਕਰ ਸਕੇ। ਕੌਮ ਦੀਆਂ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਦੀ ਹਾਲਤ ਏਨੀ ਖਰਾਬ ਹੈ ਕਿ ਉਨ੍ਹਾਂ ਦੀ ਵਿਸ਼ਵਾਸਯੋਗਤਾ ਗ਼ੈਰਾਂ ਵਿਚ ਤਾਂ ਕੀ ਖ਼ੁਦ ਕੌਮ ਦੀਆਂ ਨਜ਼ਰਾਂ ਵਿਚ ਹੀ ਸ਼ੱਕੀ ਬਣ ਗਈ ਹੈ। ਖ਼ੈਰ ਇਸ ਵੇਲੇ ਸਭ ਤੋਂ ਵੱਧ ਫਿਕਰ ਦਾ ਮਾਮਲਾ ਨਿਊਜ਼ੀਲੈਂਡ ਦੀ ਘਟਨਾ ਹੈ, ਜਿਸ ਨੇ ਇਕ ਡਰ ਪੈਦਾ ਕੀਤਾ ਹੈ ਕਿ ਕਿਤੇ ਵਿਦੇਸ਼ਾਂ ਵਿਚ ਸੁੱਖੀ ਵਸਦੇ ਸਿੱਖ ਭਾਈਚਾਰੇ ਖਿਲਾਫ਼ ਨਫ਼ਰਤ ਦੀ ਇਹ ਹਵਾ ਹਨੇਰੀ ਨਾ ਬਣ ਜਾਵੇ ਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਨਾ ਫੈਲ ਜਾਵੇ। ਨਿਊਜ਼ੀਲੈਂਡ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਵਿਰੋਧ ਨਿਊਜ਼ੀਲੈਂਡ ਦੇ ਡੈਸਟਿਨੀ ਚਰਚ ਦੇ ਸੰਸਥਾਪਕ ਬ੍ਰਾਇਨ ਤਮਾਕੀ ਨਾਲ ਸੰਬੰਧਿਤ ਸੰਗਠਨ 'ਟਰੂ ਪੈਟਰੀਆਟ ਆਫ਼ ਨਿਊਜ਼ੀਲੈਂਡ' ਨੇ ਜਿਸ ਤਰ੍ਹਾਂ ਹਾਕਾ ਡਾਂਸ ਕਰਕੇ ਕੀਤਾ ਤੇ ਇਸ ਨਗਰ ਕੀਰਤਨ ਨੂੰ ਰੋਕਿਆ ਅਤੇ ਭੜਕਾਊ ਤੇ ਚੈਲੰਜ ਕਰਨ ਵਾਲੇ ਇਸ਼ਾਰੇ ਕਰਕੇ ਸਿੱਖਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ, ਉਹ ਸੱਚਮੁੱਚ ਚਿੰਤਤ ਕਰਨ ਵਾਲੀ ਘਟਨਾ ਹੈ। ਇਹ ਚੰਗੀ ਗੱਲ ਰਹੀ ਕਿ ਸਿੱਖ ਭੜਕਾਵੇ ਵਿਚ ਨਹੀਂ ਆਏ ਤੇ ਸਥਾਨਕ ਪੁਲਿਸ ਨੇ ਮਾਮਲਾ ਸੰਭਾਲ ਲਿਆ। ਪਰ ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਦਾ ਪ੍ਰਚਾਰ ਮਿਲਿਆ ਹੈ ਤੇ ਜਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਬ੍ਰਾਇਨ ਤਮਾਕੀ ਨੇ ਦਿੱਤੀਆਂ ਹਨ, ਉਨ੍ਹਾਂ ਤੋਂ ਡਰ ਲਗਦਾ ਹੈ ਕਿ ਕਿਤੇ ਅਜਿਹਾ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਨਾ ਹੋਣਾ ਸ਼ੁਰੂ ਹੋ ਜਾਵੇ, ਕਿਉਂਕਿ ਇਸ ਵੇਲੇ ਦੁਨੀਆ ਭਰ ਵਿਚ ਬਹੁਗਿਣਤੀਆਂ ਵਿਚ ਝੂਠੀ ਰਾਸ਼ਟਰਵਾਦਿਤਾ ਦਾ ਇਕ ਦੌਰ ਜਿਹਾ ਚੱਲ ਰਿਹਾ ਹੈ ਤੇ ਨਸਲੀ ਵਿਤਕਰੇ ਦੀ ਹਵਾ ਚੱਲ ਰਹੀ ਹੈ। ਤਮਾਕੀ ਨੇ ਸਾਰੇ ਸਿੱਖਾਂ ਨੂੰ ਖਾਲਿਸਤਾਨੀ ਤੇ ਅੱਤਵਾਦੀ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦਰਮਿਆਨ ਇਸ ਹਾਕਾ ਡਾਂਸ ਤੋਂ ਫੌਰਨ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਵਿਚ ਹੋਏ ਫ੍ਰੀ ਟ੍ਰੇਡ ਐਗਰੀਮੈਂਟ (ਮੁਕਤ ਵਪਾਰ ਸਮਝੌਤਾ) ਨਾਲ ਥੋੜ੍ਹਾ ਚੰਗਾ ਮਾਹੌਲ ਬਣਿਆ ਹੈ। ਇਸ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਪਰ ਸਾਡੀ ਜਾਣਕਾਰੀ ਅਨੁਸਾਰ ਕਿਤੇ ਵੀ ਤਮਾਕੀ ਨਾਲ ਭਾਰਤ ਦੇ ਕਿਸੇ ਨੇਤਾ ਜਾਂ ਅਫਸਰ ਦੀ ਮੁਲਾਕਾਤ ਜਾਂ ਅਧਿਕਾਰਿਤ ਰੂਪ ਵਿਚ ਤਮਾਕੀ ਨਾਲ ਕਿਸੇ ਲੈਣ-ਦੇਣ ਦੀ ਕੋਈ ਸੂਚਨਾ ਨਹੀਂ ਹੈ। ਸਗੋਂ ਜੂਨ ਵਿਚ ਤਮਾਕੀ ਦੇ ਬੰਦਿਆਂ ਵਲੋਂ ਹਿੰਦੂ ਝੰਡੇ ਪਾੜਨ ਅਤੇ ਮੁਸਲਮਾਨਾਂ ਤੇ ਬੋਧੀਆਂ ਦਾ ਵਿਰੋਧ ਕਰਨ ਦੀਆਂ ਖਬਰਾਂ ਵੀ ਹਨ।
ਕੌਣ ਹੈ ਇਹ ਬ੍ਰਾਇਨ ਤਮਾਕੀ?
ਬੇਖ਼ੁਦੀ ਬੇ-ਸਬੱਬ ਨਹੀਂ ਗਾਲਿਬ,
ਕੁਛ ਤੋ ਹੈ ਜਿਸ ਕੀ ਪਰਦੇ-ਦਾਰੀ ਹੈ।
ਬ੍ਰਾਇਨ ਤਮਾਕੀ ਇਕ ਕੱਟੜ ਇਸਾਈ ਆਗੂ ਹੈ। ਉਹ ਡੈਸਟਿਨੀ ਚਰਚ ਦਾ ਬਾਨੀ ਹੈ ਤੇ ਆਪਣੇ-ਆਪ ਨੂੰ 'ਐਪੋਸਟਲ ਬਿਸ਼ਪ' ਕਹਿੰਦਾ ਹੈ। ਉਸ ਦੀ ਵਿਚਾਰਧਾਰਾ ਹੈ ਕਿ 'ਅਮੀਰੀ ਤੇ ਸਫਲਤਾ ਪ੍ਰਮਾਤਮਾ ਦੀ ਬਰਕਤ ਹੈ' ਉਹ ਨਿਊਜ਼ੀਲੈਂਡ ਨੂੰ 'ਇਸਾਈ ਨੇਸ਼ਨ' ਬਣਾਉਣਾ ਚਾਹੁੰਦਾ ਹੈ ਤੇ ਸਾਰੇ ਪ੍ਰਵਾਸੀਆਂ ਤੇ ਉਨ੍ਹਾਂ ਦੇ ਧਰਨਾਂ ਨੂੰ ਇਸਾਈਅਤ ਲਈ ਖ਼ਤਰਾ ਦੱਸਦਾ ਹੈ। ਉਸ ਦੇ ਖਿਲਾਫ਼ ਅਦਾਲਤਾਂ ਵਿਚ ਕਈ ਕੇਸ ਚੱਲੇ, ਪਰ ਹਰ ਵਾਰ ਉਹ ਸਬੂਤਾਂ ਦੀ ਘਾਟ ਜਾਂ ਕੇਸ ਵਾਪਸ ਲੈ ਲਏ ਜਾਣ ਕਾਰਨ ਉਹ ਬਚ ਨਿਕਲਿਆ। ਉਸ ਦੇ ਕਾਲੇ ਕਾਰਨਾਮਿਆਂ ਬਾਰੇ ਇਕ ਡਾਕੂਮੈਂਟਰੀ ਟੀ.ਵੀ. ਸੀਰੀਅਲ 'ਅੰਡਰ ਹਿਜ਼ ਕਮਾਂਡ' ਚਰਚਾ ਵਿਚ ਰਿਹਾ ਹੈ ਪਰ ਅਜੇ ਤੱਕ ਇਸ ਦੇ ਅਧਾਰ ਤੇ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਹ ਬਹੁਤ ਅਮੀਰੀ ਵਾਲਾ ਜੀਵਨ ਜੀਣ ਦਾ ਆਦੀ ਹੈ ਪਰ ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਦੱਸੀ ਜਾਂਦੀ। ਜੋ ਇਸ ਸ਼ੱਕ ਨੂੰ ਹੋਰ ਪੱਕਾ ਕਰਦੀ ਹੈ ਕਿ ਉਸ ਦਾ ਇਹ ਵਿਖਾਵਾ ਕਿਤੇ ਕਿਸੇ ਧਿਰ ਵਲੋਂ ਪੈਸੇ ਦੇ ਕੇ ਤਾਂ ਨਹੀਂ ਕਰਵਾਇਆ ਗਿਆ? ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੇ ਚਰਚ ਨਾਲ ਸੰਬੰਧਿਤ 'ਹਾਈ ਓ ਨਗਾ ਮਾਤਾਮੂਆ ਹੋਲਡਿੰਗ ਲਿਮਟਿਡ' ਅਤੇ 'ਵਹਾਕਾਮਨਾ ਇੰਟਰਨੈਸ਼ਨਲ ਟਰੱਸਟ' ਦੀ ਲਿਕਵੀਡੇਸ਼ਨ (ਖਤਮ) ਕਰ ਦਿੱਤੀ ਗਈ ਹੈ ਤੇ ਇਨ੍ਹਾਂ ਦੀਆਂ ਸੰਪਤੀਆਂ ਲੈਣਦਾਰਾਂ ਨੂੰ ਦੇ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਸੰਸਥਾਵਾਂ ਦੇ ਸਿਰ ਕਰੀਬ 5.08 ਮਿਲੀਅਨ ਯੂ.ਐਸ. ਡਾਲਰ ਦਾ ਕਰਜ਼ਾ ਸੀ ਜੋ ਭਾਰਤੀ ਰੁਪਏ ਵਿਚ 45 ਕਰੋੜ ਰੁਪਏ ਤੋਂ ਉੱਪਰ ਬਣਦਾ ਹੈ। ਉਸ ਦੇ ਚਰਚ ਦੀਆਂ ਕਈ ਸ਼ਾਖਾਵਾਂ ਵਿੱਤੀ ਮਜਬੂਰੀਆਂ ਕਰਕੇ ਬੰਦ ਹੋ ਗਈਆਂ ਹਨ ਜਾਂ ਬੰਦ ਹੋ ਰਹੀਆਂ ਹਨ। ਸੋ, ਇਹ ਪ੍ਰਭਾਵ ਬਣਦਾ ਹੈ ਕਿ ਉਹ ਜੋ ਵੀ ਕੱਟੜਤਾ ਫੈਲਾ ਰਿਹਾ ਹੈ, ਉਹ ਪੈਸਿਆਂ ਦੇ ਲਾਲਚ ਵਿਚ ਕਰਦਾ ਹੋ ਸਕਦਾ ਹੈ।
ਕਿਸੀ ਕੇ ਐਬ ਛੁਪਾਨਾ ਸਵਾਬ ਹੈ ਲੇਕਿਨ
ਕਭੀ ਕਭੀ ਕੋਈ ਪਰਦਾ ਉਠਾਨਾ ਪੜਤਾ ਹੈ।
(ਅਜ਼ਚਰ ਇਨਾਇਤੀ)
ਸਿੱਖ ਕੀ ਕੀ ਕਰਨ?
ਇਥੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇਸ ਸਥਿਤੀ ਨਾਲ ਨਿਪਟਣ ਲਈ ਸਿੱਖ ਕੀ ਕਰਨ, ਇਨ੍ਹਾਂ ਕਾਲਮਾਂ ਵਿਚ ਪਹਿਲਾਂ ਵੀ ਕਈ ਵਾਰ ਲਿਖਿਆ ਹੈ ਕਿ ਸਿੱਖਾਂ ਨੂੰ ਜਲੂਸਾਂ (ਜਿਨ੍ਹਾਂ ਨੂੰ ਹੁਣ ਨਗਰ ਕੀਰਤਨ ਕਿਹਾ ਜਾਂਦਾ ਹੈ) ਵਿਚ ਆਪਣੀ ਤਾਕਤ, ਸਮਾਂ, ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ। ਇਹ ਠੀਕ ਹੈ ਕਿ ਇਕ ਵਕਤ ਸੀ ਜਦੋਂ ਰਣਨੀਤੀ ਅਧੀਨ ਇਹ ਸਿੱਖ ਪਹਿਚਾਣ ਅਤੇ ਸਿੱਖ ਧਰਮ ਲਈ ਫਾਇਦੇਮੰਦ ਰਣਨੀਤੀ ਸੀ, ਕਿਉਂਕਿ ਉਸ ਵੇਲੇ ਤਾਕਤ ਤਲਵਾਰ ਦੀ ਧਾਰ ਵਿਚੋਂ ਨਿਕਲਦੀ ਸੀ, ਪਰ ਹੁਣ ਤਾਕਤ ਸਮੂਹਿਕਤਾ, ਪ੍ਰਚਾਰ ਤੇ ਪਿਆਰ ਵਿਚ ਜ਼ਿਆਦਾ ਹੈ। ਇਸ ਲਈ ਅੱਜ ਦੇ ਹਾਲਾਤ ਵਿਚ ਸਿੱਖਾਂ ਨੂੰ ਵਿਦੇਸ਼ਾਂ ਵਿਚ ਸਾਰੀਆਂ ਘੱਟ-ਗਿਣਤੀਆਂ ਅਤੇ ਇਥੋਂ ਤੱਕ ਕਿ ਉਸ ਦੇਸ਼ ਦੀ ਬਹੁਗਿਣਤੀ ਨਾਲ ਨੇੜਤਾ ਅਤੇ ਭਾਈਚਾਰਾ ਬਣਾਉਣਾ ਤੇ ਵਧਾਉਣਾ ਚਾਹੀਦਾ ਹੈ ਤਾਂ ਜੋ ਤਮਾਕੀ ਵਰਗੇ ਨਫ਼ਰਤ ਖੋਰ, ਇਸ ਤੋਂ ਪੈਸਾ ਤੇ ਤਾਕਤ ਪ੍ਰਾਪਤ ਕਰਨ ਵਿਚ ਸਫਲ ਨਾ ਹੋ ਸਕਣ। ਸਿੱਖਾਂ ਨੂੰ ਨਗਰ ਕੀਰਤਨਾਂ ਦੀ ਥਾਂ ਇਸੇ ਪੈਸੇ ਨਾਲ ਗੁਰਦੁਆਰਿਆਂ ਦੇ ਸਮਾਰੋਹਾਂ ਵਿਚ ਸਾਰੇ ਧਰਮਾਂ ਦੇ ਪ੍ਰਮੁੱਖ ਲੋਕਾਂ ਨੂੰ ਬੁਲਾ ਕੇ ਵਾਰੀ-ਵਾਰੀ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਪਿਰਤ ਵੀ ਤੋਰਨੀ ਚਾਹੀਦੀ ਹੈ। ਅੰਤਰ-ਧਰਮ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਹਨ ਤੇ ਗੁਰੂ ਨਾਨਕ ਦੇ ਸਰਬੱਤ ਦੇ ਭਲੇ, ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਸਿਧਾਂਤਾਂ ਤੋਂ ਲੁਕਾਈ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਇਸ 'ਤੇ ਅਮਲ ਕਰਦੇ ਹੋਏ ਦਸਵੰਧ ਦੀ ਰਕਮ ਜ਼ਰੂਰਤਮੰਦ ਸਿੱਖਾਂ ਤੇ ਗ਼ੈਰ-ਸਿੱਖਾਂ ਵਿਚ ਬਰਾਬਰ ਖਰਚ ਕਰਨੀ ਚਾਹੀਦੀ ਹੈ। ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕ ਸਰਬ ਪ੍ਰਵਾਨਿਤ ਗਲੋਬਲ ਸਿੱਖ ਸੰਸਥਾ ਬਣਾਉਣੀ ਚਾਹੀਦੀ ਹੈ ਤੇ ਇਸ ਵਿਚ ਪਹਿਲਾਂ ਤੋਂ ਚਲ ਰਹੀਆਂ ਵਰਲਡ ਸਿੱਖ ਕੌਂਸਲ, ਸਿੱਖ ਕੁਲੀਸ਼ਨ ਤੇ ਕੌਮਾਂਤਰੀ ਪੱਧਰ 'ਤੇ ਚੱਲ ਰਹੀਆਂ ਹੋਰ ਜਥੇਬੰਦੀਆਂ ਵੀ ਜੋੜਨੀਆਂ ਚਾਹੀਦੀਆਂ ਹਨ। ਇਸ ਵਿਚ ਦੁਨੀਆ ਭਰ ਦੇ ਦੇਸ਼ਾਂ ਵਿਚ ਜਿੱਤੇ ਸਿੱਖ ਐਮ.ਪੀਜ਼, ਵਿਧਾਇਕ, ਉੱਚ ਅਧਿਕਾਰੀ, ਧਨਾਢ ਸਿੱਖ, ਬੁੱਧੀਜੀਵੀ, ਮੀਡੀਆ ਹਸਤੀਆਂ ਤੇ ਹੋਰਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਸਿੱਖਾਂ ਨੂੰ ਇਸ ਦੇ ਅਧੀਨ ਇਕ ਅੰਤਰਰਾਸ਼ਟਰੀ ਫੰਡ ਵੀ ਸਥਾਪਿਤ ਕਰਨਾ ਚਾਹੀਦਾ ਹੈ, ਜੋ ਦੁਨੀਆ ਵਿਚ ਕਿਤੇ ਵੀ ਕਿਸੇ ਧਰਮ ਦੇ ਲੋਕਾਂ ਦੀ ਮੁਸ਼ਕਿਲ ਵਿਚ ਸਭ ਤੋਂ ਪਹਿਲਾਂ ਮਦਦ ਸ਼ੁਰੂ ਕਰੇ। ਸਿੱਖ ਲੀਡਰਸ਼ਿਪ ਤਮਾਕੀ ਦੇ ਵਿਰੋਧੀਆਂ ਨੂੰ ਮਿਲ ਕੇ ਜਾਣਕਾਰੀ ਹੋਵੇ ਅਤੇ ਉਸ ਦੇ ਕਾਰਨਾਮਿਆਂ ਬਾਰੇ ਬਣੇ ਸੀਰੀਅਲ 'ਅੰਡਰ ਹਿੱਜ਼ ਕਮਾਂਡ' ਵਿਚ ਲਾਏ ਦੋਸ਼ਾਂ ਦੇ ਅਧਾਰ 'ਤੇ ਸਥਾਨਕ ਨਾਗਰਿਕਾਂ ਤੋਂ 'ਨਿਊਜ਼ੀਲੈਂਡ ਸਕਿਊਰਿਟੀ ਇੰਟੈਲੀਜੈਂਸ ਸਰਵਿਸ' ਨੂੰ ਜਾਂਚ ਕਰਵਾਉਣ ਲਈ ਸ਼ਿਕਾਇਤ ਕਰਵਾਏ। ਪਰ ਜੇਕਰ ਸਰਕਾਰ ਇਨ੍ਹਾਂ ਸਬੂਤਾਂ ਨੂੰ ਘਟ ਮੰਨਦੀ ਹੈ ਤਾਂ ਸਿੱਖ ਖੁਦ ਕਿਸੇ ਪ੍ਰਾਈਵੇਟ ਏਜੰਸੀ ਤੋਂ ਉਸ ਦੀਆਂ ਚਰਚਿਤ ਕਾਰਵਾਈਆਂ ਤੇ ਉਸ ਦੇ ਪੈਸਿਆਂ ਬਾਰੇ ਜਾਂਚ ਕਰਵਾਉਣ ਤੇ ਸਬੂਤ ਇਕੱਠੇ ਕਰਨ ਲਈ ਸੇਵਾਵਾਂ ਲੈਣ। ਇਸ ਨਾਲ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਕਿਤੇ ਇਸ ਪਿੱਛੇ ਸਿੱਖਾਂ ਖਿਲਾਫ਼ ਕੋਈ ਅੰਤਰਰਾਸ਼ਟਰੀ ਸਾਜਿਸ਼ ਤਾਂ ਨਹੀਂ ਕੰਮ ਕਰ ਰਹੀ।
ਦਰਦ ਕੀ ਆਂਚ ਮੇ ਜਲਤਾ ਹੈ ਯੇ ਘਰ ਕਯਾ ਕੀਜੈ।
ਖ਼ਰਾਬ ਹੋਤੀ ਹੈ ਤਮੰਨਾ ਕੀ ਸਹਰ ਕਯਾ ਕੀਜੈ।
ਅਕਾਲੀ ਦਲ ਪੁਨਰ-ਸੁਰਜੀਤ
ਅਕਾਲੀ ਦਲ ਪੁਨਰ ਸੁਰਜੀਤ ਨੇ ਚੋਣ ਕਮਿਸ਼ਨ ਕੋਲ ਪਾਰਟੀ ਰਜਿਸਟਰ ਕਰਵਾਉਣ ਲਈ ਤਿੰਨ ਨਾਂਅ ਦਿੱਤੇ ਹਨ। ਪਹਿਲਾ ਅਕਾਲੀ ਦਲ, ਦੂਸਰਾ ਸ਼੍ਰੋਮਣੀ ਅਕਾਲੀ ਤੇ ਤੀਜਾ ਸ਼੍ਰੋਮਣੀ ਅਕਾਲੀ ਦਲ-ਪੁਨਰ ਸੁਰਜੀਤ। ਅਸੀਂ ਸਮਝਦੇ ਹਾਂ ਕਿ ਭਾਵੇਂ ਨਾਂਅ ਦੀ ਆਪਣੀ ਹੀ ਮਹੱਤਤਾ ਹੁੰਦੀ ਹੈ ਪਰ ਕੋਈ ਵੀ ਪਾਰਟੀ ਸਿਰਫ਼ ਨਾਂਅ ਨਾਲ ਹੀ ਸਫਲ ਨਹੀਂ ਹੁੰਦੀ, ਸਗੋਂ ਉਸ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਹੀ ਉਹ ਲੋਕ ਪ੍ਰਵਾਨਿਤ ਹੁੰਦੀ ਹੈ। ਹਾਂ, ਪ੍ਰਚਾਰ ਦਾ ਯੁੱਗ ਹੈ ਤੇ ਬਿਰਤਾਂਤ ਕਿਸੇ ਪਾਰਟੀ ਦੀ ਸਫਲਤਾ ਵਿਚ ਵੱਡਾ ਰੋਲ ਅਦਾ ਕਰਦੇ ਹਨ। ਹੁਣ ਤੱਕ ਇਹ ਅਕਾਲੀ ਦਲ ਖਰਗੋਸ਼ ਦੀ ਚਾਲ ਹੀ ਚੱਲ ਰਿਹਾ ਹੈ। ਹੁਣ ਇਸ ਦੇ ਨੇਤਾ ਦਾਅਵਾ ਕਰ ਰਹੇ ਹਨ ਕਿ ਪਾਰਟੀ ਪੂਰੇ ਜ਼ੋਰ ਨਾਲ ਅੱਗੇ ਵਧੇਗੀ। ਪਰ ਇਸ ਦਰਮਿਆਨ ਪਾਰਟੀ ਵਿਚ ਪੈਂਦੀਆਂ ਤਰੇੜਾਂ ਨੇ ਪਾਰਟੀ ਨੂੰ ਕਾਫੀ ਨੁਕਸਾਨ ਹੀ ਪਹੁੰਚਾਇਆ ਹੈ। ਹਾਲਤ ਇਥੋਂ ਤੱਕ ਪਹੁੰਚ ਗਈ ਦੱਸੀ ਜਾਂਦੀ ਹੈ ਕਿ ਪਾਰਟੀ ਦੀ ਇਕ ਮੀਟਿੰਗ ਵਿਚ ਪਾਰਟੀ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਤੇ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਸਤੀਫਿਆਂ ਦੀ ਪੇਸ਼ਕਸ਼ ਤਕ ਕਰ ਦਿੱਤੀ ਸੀ। ਇਸ ਦਰਮਿਆਨ ਪਾਰਟੀ ਦੇ ਇਕੋ ਇਕ ਵਿਧਾਇਕ ਅਤੇ ਉਘੇ ਨੇਤਾ ਮਨਪ੍ਰੀਤ ਸਿੰਘ ਇਆਲੀ ਦਾ ਬਿਆਨ ਕਿ 'ਮੈਂ ਇਸ ਪਾਰਟੀ ਦਾ ਹੁਣ ਹਿੱਸਾ ਨਹੀਂ' ਇਕ ਵਾਰ ਤਾਂ ਪਾਰਟੀ ਹਲਕਿਆਂ ਵਿਚ ਤਰਥੱਲੀ ਜਿਹੀ ਮਚਾ ਗਿਆ ਪਰ ਬਾਅਦ ਵਿਚ ਇਆਲੀ ਨੇ ਇਸ ਬਿਆਨ ਤੋਂ ਪਾਸਾ ਵੱਟ ਲਿਆ।
ਜੋ ਸਰਗੋਸ਼ੀਆਂ ਸਾਡੇ ਤੱਕ ਪਹੁੰਚੀਆਂ ਹਨ ਉਨ੍ਹਾਂ ਅਨੁਸਾਰ ਅਸਲ ਵਿਚ ਇਆਲੀ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਨਾਲ ਗੱਲ ਚੱਲ ਰਹੀ ਸੀ ਤੇ ਉਨ੍ਹਾਂ ਵਲੋਂ ਇਆਲੀ ਨੂੰ ਪਾਰਟੀ ਦਾ ਐਕਟਿੰਗ ਪ੍ਰਧਾਨ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਚਰਨਜੀਤ ਸਿੰਘ ਬਰਾੜ ਨੂੰ ਵੀ ਪਾਰਟੀ ਦਾ ਸੈਕਟਰੀ ਜਨਰਲ ਬਣਾਏ ਜਾਣ ਦੀ ਚਰਚਾ ਸੀ। ਪਰ ਇਆਲੀ ਦੇ ਇਸ ਬਿਆਨ ਤੋਂ ਬਾਅਦ ਪਾਰਟੀ ਨੇਤਾਵਾਂ ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾਂ ਅਤੇ ਬੀਬੀ ਸਤਵੰਤ ਕੌਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਐਕਟਿੰਗ ਪ੍ਰਧਾਨ ਬਣਾਉਣ ਦੀ ਗੱਲ ਵੀ ਲਟਕ ਗਈ। ਕਿਉਂਕਿ ਸਰਗੋਸ਼ੀਆਂ ਹਨ ਕਿ ਚਰਨਜੀਤ ਸਿੰਘ ਬਰਾੜ ਵੀ ਅਕਾਲੀ ਦਲ ਵਾਰਿਸ ਪੰਜਾਬ ਦਾ ਐਕਟਿੰਗ ਪ੍ਰਧਾਨ ਦੀ ਦੌੜ ਵਿਚ ਸ਼ਾਮਿਲ ਹੋ ਗਏ ਹਨ। ਮਾਮਲਾ ਲਟਕ ਗਿਆ ਹੈ ਤੇ ਇਆਲੀ ਵਾਪਸ ਪਰਤ ਗਏ। ਪਰ ਹੁਣ ਨਵੀਂ ਚਰਚਾ ਸ਼ੁਰੂ ਹੈ ਕਿ ਮਨਪ੍ਰੀਤ ਸਿੰਘ ਇਆਲੀ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਦਿਖਾਈ ਚੰਗੀ ਕਾਰਗੁਜ਼ਾਰੀ ਦੇ ਚਲਦਿਆਂ ਉਨ੍ਹਾਂ ਦੀ ਮੰਗ ਵਧ ਗਈ ਹੈ। ਉਹ ਦੋਵਾਂ ਧਿਰਾਂ ਵਿਚ ਆਪਣੀ ਪਕੜ ਤੇ ਨੇੜਤਾ ਦੇ ਚਲਦਿਆਂ ਦੋਵਾਂ ਧਿਰਾਂ ਵਿਚ ਏਕਤਾ ਕਰਵਾ ਕੇ ਸਾਂਝਾ ਨੇਤਾ ਬਣਨ ਦੀ ਦੌੜ ਵਿਚ ਹਨ। ਇਸ ਦਰਮਿਆਨ ਚਰਚਾ ਹੈ ਕਿ ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਬਰਾੜ ਨੂੰ ਵੀ ਪਾਰਟੀ ਵਿਚ ਸਨਮਾਨਜਨਕ ਅਹੁਦਾ ਦਿਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦਰਮਿਆਨ ਪਹਿਲਾਂ ਸਾਬਕਾ 5 ਮੈਂਬਰੀ ਕਮੇਟੀ ਦੇ ਚਾਰ ਮੈਂਬਰਾਂ ਦੀ ਗੁਪਤ ਮੀਟਿੰਗ ਤੇ ਫਿਰ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਮੀਟਿੰਗ ਵੀ ਚਰਚਾ ਵਿਚ ਹੈ, ਭਾਵੇਂ ਇਸ ਦੀ ਪੁਸ਼ਟੀ ਕੋਈ ਵੀ ਧਿਰ ਨਹੀਂ ਕਰ ਰਹੀ। ਪਤਾ ਲੱਗਾ ਹੈ ਕਿ ਇਆਲੀ ਭਾਵੇਂ ਪਹਿਲਾਂ ਬਿਆਨ ਦੇ ਕੇ ਗ਼ਲਤੀ ਕਰ ਬੈਠੇ ਸਨ ਪਰ ਹੁਣ ਨਵੀਂ ਸਥਿਤੀ ਵਿਚ ਉਨ੍ਹਾਂ ਦਾ ਮਹੱਤਵ ਹੋਰ ਵਧ ਗਿਆ ਹੈ, ਜਦੋਂਕਿ ਅਜਿਹੀ ਹੀ ਸਥਿਤੀ ਚਰਨਜੀਤ ਸਿੰਘ ਬਰਾੜ ਦੀ ਹੈ ਜੋ ਏਕਤਾ ਹੋਣ ਦੀ ਸੂਰਤ ਵਿਚ ਕਾਫੀ ਮਹੱਤਵਪੂਰਨ ਹੋ ਸਕਦੇ ਹਨ, ਪਰ ਭਵਿੱਖ ਦੇ ਗਰਭ ਵਿਚ ਅਸਲ ਵਿਚ ਕੀ ਹੈ, ਇਸ ਬਾਰੇ ਸਟੀਕ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਿਲ ਹੈ।
ਕਾਰਵਾਂ ਸੁਸਤ ਰਾਹਬਰ ਖ਼ਾਮੋਸ਼,
ਕੈਸੇ ਗੁਜ਼ਰੇਗਾ ਯੇ ਸਫ਼ਰ ਖ਼ਾਮੋਸ਼।
(ਸਾਗਰ ਨਿਜ਼ਾਮੀ)
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com