ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਲਈ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ 7 ਮਈ ਨੂੰ ਸਵੇਰੇ ਲਗਭਗ 1.30 ਵਜੇ ਭਾਰਤ ਵਲੋਂ ਪਾਕਿ ਸਥਿਤ ਅੱਤਵਾਦੀ ਸੰਗਠਨਾਂ ਦੇ ਮੁੱਖ ਟਿਕਾਣਿਆਂ ਨੂੰ ਮਿਜ਼ਾਈਲਾਂ ਅਤੇ ਸੈਂਟਰਲ ਗਰਿੱਡ ਸਿਸਟਮ ਦੁਆਰਾ ਨਿਸ਼ਾਨਾ ਬਣਾਇਆ ਗਿਆ। ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਸੈਂਟਰ ਮੁੱਖ ਤੌਰ 'ਤੇ ਭਾਰਤੀ ਫ਼ੌਜ ਦੇ ਨਿਸ਼ਾਨੇ 'ਤੇ ਸਨ। ਇਨ੍ਹਾਂ ਹਮਲਿਆਂ 'ਚ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਮੈਂਬਰਾਂ ਸਮੇਤ 100 ਤੋਂ ਵੱਧ ਅੱਤਵਾਦੀ ਮਾਰੇ ਗਏ ਅਤੇ ਪਾਕਿ ਦੇ ਕਈ ਦੇ ਹਵਾਈ ਅੱਡੇ ਤਬਾਹ ਹੋ ਗਏ। ਭਾਰਤੀ ਫ਼ੌਜ ਨੇ ਇਸ 'ਆਪ੍ਰੇਸ਼ਨ ਸੰਧੂਰ' ਦੌਰਾਨ ਵਿਸ਼ੇਸ਼ ਤੌਰ 'ਤੇ ਬਹਾਵਲਪੁਰ, ਮੁਰੀਦਕੇ, ਕੋਟਲੀ, ਭਿੰਬਰ, ਬਾਗ ਅਤੇ ਮੁਜ਼ੱਫਰਾਬਾਦ ਆਦਿ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੇ ਜਵਾਬ 'ਚ ਪਾਕਿ ਨੇ ਭਾਰਤ ਵਿਰੁੱਧ 'ਬੁਨਯਾਨ-ਅਲ-ਮਰਸੂਸ' (ਪਵਿੱਤਰ ਕੁਰਾਨ ਦੀ ਇਕ ਅਰਬੀ ਆਇਤ, ਜਿਸ ਦਾ ਅਰਥ ਹੁੰਦਾ ਹੈ 'ਲੋਹੇ ਦੀ ਕੰਧ') ਦੇ ਨਾਂਅ 'ਤੇ ਫ਼ੌਜੀ ਕਾਰਵਾਈ ਕਰਦਿਆਂ ਪਠਾਨਕੋਟ ਹਵਾਈ ਅੱਡੇ, ਊਧਮਪੁਰ ਦੇ ਹਵਾਈ ਅੱਡੇ, ਗੁਜਰਾਤ ਦੇ ਹਵਾਈ ਅੱਡੇ, ਰਾਜਸਥਾਨ ਦੇ ਹਵਾਈ ਅੱਡੇ, ਆਦਮਪੁਰ ਦੇ ਹਵਾਈ ਅੱਡੇ ਅਤੇ ਬ੍ਰਹਮੋਸ ਸਟੋਰ ਕਰਨ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਇਨ੍ਹਾਂ ਹਵਾਈ ਹਮਲਿਆਂ ਦੌਰਾਨ ਜਦੋਂ ਦੋਵੇਂ ਮੁਲਕ ਲਗਭਗ ਜੰਗ ਦੇ ਮੁਹਾਣੇ 'ਤੇ ਪਹੁੰਚ ਚੁੱਕੇ ਸਨ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਸ ਦੀ ਵਿਚੋਲਗੀ ਨਾਲ ਦੋਵਾਂ ਮੁਲਕਾਂ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਭਾਰਤ ਨੇ ਇਸ ਮਾਮਲੇ 'ਚ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ।
ਜਿੱਥੇ ਇਸ ਸਾਲ ਦੌਰਾਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਮੁਲਕਾਂ ਦੁਆਰਾ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸੰਧੂਰ ਅਤੇ ਬੁਨਯਾਨ-ਅਲ-ਮਰਸੂਸ ਆਦਿ ਨਾਵਾਂ 'ਤੇ ਸ਼ੁਰੂ ਕੀਤੇ ਗਏ ਕੌਮਾਂਤਰੀ ਪੱਧਰ 'ਤੇ ਚਰਚਾ 'ਚ ਰਹੇ ਹਨ, ਉੱਥੇ ਹੀ ਭਾਰਤ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕਰਨ ਉਪਰੰਤ ਪਾਕਿ ਵਲੋਂ ਪਹਿਲਾਂ ਜਲ ਸੰਕਟ ਅਤੇ ਫਿਰ ਵੱਖ-ਵੱਖ ਸ਼ਹਿਰਾਂ 'ਚ ਮਾਨਸੂਨ ਬਾਰਸ਼ਾਂ ਤੋਂ ਬਾਅਦ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਿੰਧੂ ਜਲ ਸਮਝੌਤੇ ਨੂੰ ਬਹਾਲ ਕਰਨ ਲਈ ਕੌਮਾਂਤਰੀ ਪੱਧਰ 'ਤੇ ਦਰਜਨਾਂ ਵਾਰ ਪਹੁੰਚ ਕੀਤੀ। ਇਸ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕਰਦਿਆਂ ਰਾਸ਼ਟਰ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ। ਇਸ ਸੰਧੀ ਨੂੰ ਮੁੜ ਬਹਾਲ ਕਰਵਾਉਣ ਲਈ ਕੌਮਾਂਤਰੀ ਮੰਚਾਂ 'ਤੇ ਦੁਹਾਈ ਦੇਣ ਦੇ ਨਾਲ-ਨਾਲ ਪਾਕਿ ਪ੍ਰਮਾਣੂ ਯੁੱਧ ਅਤੇ ਜੰਗ ਦੀਆਂ ਧਮਕੀਆਂ ਵੀ ਦਿੰਦਾ ਆ ਰਿਹਾ ਹੈ। ਪਾਕਿ ਸਿੰਧੂ ਜਲ ਸੰਕਟ ਨੂੰ 'ਪਾਣੀ ਦਾ ਬੰਬ' ਦੱਸਦਿਆਂ ਕਈ ਵਾਰ ਦੁਹਰਾ ਚੁੱਕਿਆ ਹੈ ਕਿ ਪਾਕਿ ਦੇ ਸਾਰੇ ਬਿਜਲੀ ਪ੍ਰੋਜੈਕਟ ਅਤੇ ਡੈਮ ਸਿੰਧੂ ਨਦੀ 'ਤੇ ਬਣੇ ਹੋਏ ਹਨ। ਉਸ ਦੇ ਹਰ 10 'ਚੋਂ 9 ਲੋਕ ਇਸ ਨਦੀ 'ਤੇ ਨਿਰਭਰ ਕਰਦੇ ਹਨ ਅਤੇ ਉਸ ਦੀਆਂ 90 ਫ਼ੀਸਦੀ ਫ਼ਸਲਾਂ ਨੂੰ ਇਸ ਨਦੀ ਤੋਂ ਪਾਣੀ ਮਿਲਦਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਇਸ ਪਾਣੀ ਦੇ ਸੰਕਟ ਨੂੰ ਹੱਲ ਨਹੀਂ ਕੀਤਾ ਗਿਆ ਤਾਂ ਪਾਕਿਸਤਾਨੀ ਭੁੱਖ ਨਾਲ ਮਰ ਜਾਣਗੇ। ਉਹ ਲਗਾਤਾਰ ਸਿੰਧੂ ਬੇਸਿਨ ਨੂੰ ਆਪਣੀ ਜੀਵਨ ਰੇਖਾ ਵੀ ਦੱਸ ਰਿਹਾ ਹੈ। ਦੂਜੇ ਪਾਸੇ, ਪਾਕਿਸਤਾਨੀ ਫ਼ੌਜ ਬਿਆਨ ਜਾਰੀ ਕਰਕੇ ਭਾਰਤ ਨੂੰ ਲਗਾਤਾਰ ਧਮਕੀਆਂ ਦਿੰਦੀ ਰਹੀ ਹੈ, ਕਿ ਜੇ ਭਾਰਤ ਨੇ ਸਾਡਾ ਪਾਣੀ ਬੰਦ ਕੀਤਾ ਤਾਂ ਅਸੀਂ ਉਸ ਦਾ ਸਾਹ ਬੰਦ ਕਰ ਦੇਵਾਂਗੇ। ਪਾਕਿ ਦੇ ਕਈ ਸੀਨੀਅਰ ਸਿਆਸਤਦਾਨਾਂ ਨੇ ਤਾਂ ਸਿੰਧੂ ਨਦੀ ਦੇ ਪਾਣੀ ਨੂੰ ਲੈ ਕੇ ਭਾਰਤ ਨੂੰ ਖ਼ੂਨ-ਖ਼ਰਾਬੇ ਦੀ ਧਮਕੀ ਵੀ ਦਿੱਤੀ ਸੀ। ਉਕਤ ਸਭ ਕੁਝ ਦੇ ਬਾਵਜੂਦ ਲਗਭਗ 9 ਮਹੀਨੇ ਬੀਤਣ ਦੇ ਬਾਅਦ ਵੀ ਪਹਿਲਗਾਮ ਹਮਲਾ, ਆਪ੍ਰੇਸ਼ਨ ਸੰਧੂਰ ਅਤੇ ਸਿੰਧੂ ਜਲ ਸਮਝੌਤਾ ਕੌਮਾਂਤਰੀ ਪੱਧਰ 'ਤੇ ਚਰਚਾ 'ਚ ਹਨ ਅਤੇ ਇਨ੍ਹਾਂ ਕਾਰਨ ਦੋਵਾਂ ਮੁਲਕਾਂ ਵਿਚਾਲੇ ਬਣੀ ਨਫ਼ਰਤ ਦੀ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ।
-ਅਜੀਤ ਉਪ ਦਫ਼ਤਰ, ਅੰਮ੍ਰਿਤਸਰ
ਮੋਬਾਈਲ : 93561-27771