07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭ੍ਰਿਸ਼ਟ ਨਿਜ਼ਾਮ ਦੀ ਲੰਮੀ ਉਮਰ ਦਾ ਰਾਜ਼ ਕੀ ਹੈ?

Ad Position 21
repet_subhas-goyals [Copy P29]
ਅਜੀਤ ਡੈਸਕ 29-12-2025

ਡੇਰੇ ਵਿਚ ਅਨੇਕਾਂ ਸ਼ਰਧਾਲੂ ਆਉਂਦੇ, ਮੱਥੇ ਰਗੜਦੇ, ਸੁੱਖਣਾ ਸੁੱਖਦੇ ਘਰਾਂ ਦੀ ਗਰੀਬੀ ਮੰਦਹਾਲੀ ਅਤੇ ਘਰੇਲੂ ਕਲੇਸ਼ ਤੋਂ ਨਿਜਾਤ ਪਾਉਣ ਲਈ ਅਰਦਾਸਾਂ ਬੇਨਤੀਆਂ ਕਰਦੇ। ਇਕ ਸ਼ਰਧਾਲੂ ਦੀ ਇਸ ਡੇਰੇ 'ਚ ਬੜੀ ਸ਼ਰਧਾ ਸੀ। ਉਹ ਹਰ ਕੰਮ ਡੇਰੇ ਤੋਂ ਓਟ ਆਸਰਾ ਲੈ ਕੇ ਕਰਦਾ ਸੀ। ਘਰ 'ਚ ਗਰੀਬੀ ਸੀ, ਇਸ ਦੇ ਬਾਵਜੂਦ ਵੀ ਡੇਰੇ ਲਈ ਦਸਵੰਦ ਕੱਢਦਾ, ਕਈ-ਕਈ ਦਿਨ ਡੇੇਰੇ 'ਚ ਸਫਾਈਆਂ ਕਰਦਾ। ਡੇਰੇ 'ਚ ਕਿਤੇ ਉਸਾਰੀ ਹੋ ਰਹੀ ਹੁੰਦੀ ਤਾਂ ਮਿੱਟੀ, ਬਜਰੀ, ਰੇਤਾ, ਇੱਟਾਂ ਢੋਣ ਦੀ ਸੇਵਾ ਕਰਦਾ। ਸੰਗਤਾਂ ਦੇ ਜੂਠੇ ਭਾਂਡੇ ਮਾਂਜਦਾ। ਗੱਲ ਕੀ ਹਰ ਤਰ੍ਹਾਂ ਦੇ ਔਖੇ ਤੋਂ ਔਖੇ ਕੰਮ ਕਰਨ ਨੂੰ ਉਹ ਸੇਵਾ ਸਮਝ ਕੇ ਕਰਦਾ ਤੇ ਆਪਣੇ ਧੰਨਭਾਗ ਸਮਝਦਾ। ਡੇਰੇਦਾਰ ਉਸ ਦੀ ਆਸਥਾ ਨੂੰ ਸਮਝਦਾ ਸੀ। ਇਕ ਦਿਨ ਜਦੋਂ ਡੇਰੇਦਾਰ ਡੇਰੇ ਦੀ ਪਾਰਕ ਵਿਚ ਦੁੱਧ ਧੋਤਾ ਲਿਬਾਸ ਪਾ ਕੇ ਟਹਿਲ ਰਿਹਾ ਸੀ ਤਾਂ ਉਸ ਨੇ ਉਸ ਸ਼ਰਧਾਲੂ ਨੂੰ ਬੂਟਿਆਂ ਨੂੰ ਰੂੜੀ ਪਾਉਣ ਦੀ ਸੇਵਾ ਕਰਦਿਆਂ ਵੇਖਿਆ। ਡੇਰੇਦਾਰ ਦੇ ਮਨ 'ਚ ਦਇਆ ਆਈ ਤੇ ਉਸ ਸ਼ਰਧਾਲੂ ਨੂੰ ਆਵਾਜ਼ ਮਾਰ ਕੇ ਕਿਹਾ, 'ਅਸੀਂ ਤੇਰੀ ਸੇਵਾ 'ਤੇ ਬੜੇ ਖੁਸ਼ ਹਾਂ ਅੱਜ ਜੋ ਮੰਗਣਾ ਏ ਮੰਗ ਲੈ।'
ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ। ਉਸ ਕਿਹਾ, 'ਮਹਾਰਾਜ ਮੈਨੂੰ ਤੇ ਮੇਰੇ ਪਰਿਵਾਰ ਨੂੰ ਖੁਸ਼ੀਆਂ ਦੀ ਬਖ਼ਸ਼ਿਸ਼ ਕਰੋ, ਅਸੀਂ ਸਾਰਾ ਪਰਿਵਾਰ ਸਮਰੱਥ ਜ਼ਿੰਦਗੀ ਜਿਉਣ ਦੇ ਕਾਬਲ ਹੋਈਏ।'
ਡੇੇਰੇਦਾਰ ਉਸ ਦੀ ਗੱਲ ਤੋਂ ਕੁਝ ਨਿਰਾਸ਼ ਹੋਇਆ ਬੋਲਿਆ, 'ਮੈਂ ਤੈਨੂੰ ਮੁਕਤੀ ਦਾ ਵਰ ਦਿੰਦਾ ਹਾਂ।'
ਪਰ ਮਹਾਰਾਜ ਮੈਂ ਚੰਗੀ ਜ਼ਿੰਦਗੀ ਵੀ ਜਿਊਣੀ ਚਾਹੁੰਦਾ ਹਾਂ। ਇਹ ਵੀ ਚਾਹੁੰਦਾ ਹਾਂ ਕਿ ਮੇਰੇ ਧੀਆਂ-ਪੁੱਤਰ ਵੀ ਚੰਗੀ ਜ਼ਿੰਦਗੀ ਜੀਣ ਤੇ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ।' ਸ਼ਰਧਾਲੂ ਨੇ ਕਿਹਾ।
'ਓ ਬੇਸਮਝ ਇਨਸਾਨ ਅਸੀਂ ਤੈਨੂੰ ਮੁਕਤੀ ਦੇ ਰਹੇ ਹਾਂ ਤੇ ਤੂੰ ਫਿਰ ਦੁਨਿਆਵੀ ਝੰਜਟਾਂ 'ਚ ਪਿਆ ਏਂ। ਕੁਝ ਹੋਸ਼ ਕਰ। ਕਿਹੋ ਜਿਹੀ ਜ਼ਿੰਦਗੀ ਚਾਹੀਦੀ ਹੈ ਤੈਨੂੰ ਬੋਲ?' ਚਿੱਟੇ ਲਿਬਾਸ 'ਚੋਂ ਸੋਨੇ ਦੀ ਚੇਨ ਵਾਲੀ ਘੜੀ ਚਮਕੀ।
'ਉਹੋ ਜਿਹੀ ਜ਼ਿੰਦਗੀ ਜਿਹੋ ਜਿਹੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਹੈ। ਜਦੋਂ ਤੁਹਾਡੀ ਇਹ ਮੁਕਤੀ ਮਿਲੀ ਉਦੋਂ ਤਾਂ ਮੈਂ ਹੋਣਾ ਹੀ ਨਹੀਂ ਤਾਂ ਇਹ ਮੁਕਤੀ ਮੇਰੇ ਕਿਸ ਕੰਮ? ਨਾਲੇ ਪਹਿਲਾਂ ਜ਼ਿੰਦਗੀ ਤਾਂ ਜੀਅ ਕੇ ਵੇਖ ਲਈਏ, ਫਿਰ ਮੁਕਤੀ ਬਾਰੇ ਵੀ ਵਿਚਾਰ ਕਰ ਲਵਾਂਗੇ।'
ਇਸ ਤਰ੍ਹਾਂ ਜੀਵਨ ਦੇ ਸੱਚ ਅੱਗੇ ਮੁਕਤੀ ਦਾ ਵਰਦਾਨ ਬੌਣਾ ਜਿਹਾ ਹੋ ਗਿਆ।
ਅਖੌਤੀ ਧਰਮ ਪ੍ਰਚਾਰਕ, ਡੇਰੇਦਾਰ, ਪੁਜਾਰੀ ਸਾਨੂੰ ਕਿਸੇ ਅਗਲੇ ਜਨਮ ਨੂੰ ਸੋਧਣ-ਸੁਧਾਰਨ ਦੀਆਂ ਜੁਗਤਾਂ ਦੱਸ ਰਹੇ ਹਨ ਪਰ ਸਾਡੇ ਇਸ ਜੀਵਨ 'ਚ ਜੋ ਕੁਝ ਹੋ ਰਿਹਾ ਹੈ, ਉਸ ਦਾ ਫਿਕਰ ਕਿੱਥੇ ਹੈ? ਸਾਡੇ ਇਸ ਜੀਵਨ ਵਿਚ ਸਾਡੀਆਂ ਅੱਖਾਂ ਅੱਗੇ ਰੋਜ਼ਾਨਾ ਵਧੀਕੀਆਂ ਹੋ ਰਹੀਆਂ ਹਨ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਰਾਜਨੀਤਕ ਬਦਨੀਤੀਆਂ ਲੱਖਾਂ ਲੋਕਾਂ ਦੇ ਜੀਵਨ ਨੂੰ ਦੀਨ-ਹੀਣ ਬਣਾ ਰਹੀਆਂ ਹਨ, ਮਾਵਾਂ ਦੇ ਸਰੂਆਂ ਵਰਗੇ ਪੁੱਤ ਨਸ਼ਿਆਂ ਦੀ ਅੱਗ 'ਚ ਝੁਲਸ ਰਹੇ ਹਨ, ਲੋਕਾਂ ਨੂੰ ਖ਼ੈਰਾਤਾਂ ਦੇ ਪਾਤਰ ਬਣਾ ਦਿੱਤਾ ਗਿਆ ਹੈ, ਆਪਾ-ਧਾਪੀ ਤੇ ਮਾਰਾਮਾਰੀ ਦੇ ਇਸ ਦੌਰ 'ਚ ਕੁਦਰਤ ਦੇ ਖ਼ਜ਼ਾਨਿਆਂ ਨੂੰ ਹਰ ਦਿਨ ਲੁੱਟਿਆ ਜਾ ਰਿਹਾ ਹੈ ਅਤੇ ਜਲ, ਜੰਗਲ ਤੇ ਆਲੇ-ਦੁਆਲੇ ਦੀ ਏਨੀ ਤਬਾਹੀ ਮਨੁੱਖੀ ਸੱਭਿਅਤਾ ਦੇ ਕਿਸੇ ਦੌਰ 'ਚ ਨਹੀਂ ਹੋਈ ਜਿੰਨੀ, ਇਸ ਵੇਲੇ ਹੋ ਰਹੀ ਹੈ। ਇਸ ਤਬਾਹੀ 'ਚੋਂ ਮਨੁੱਖ ਦੀਆਂ ਬਿਮਾਰੀਆਂ, ਦੁਸ਼ਵਾਰੀਆਂ, ਗਰੀਬੀ, ਭੁੱਖ-ਨੰਗ, ਬੇਕਾਰੀ ਵਰਗੇ ਸੰਕਟ ਪੈਦਾ ਹੁੰਦੇ ਹਨ।
ਜੇ ਅਸੀਂ ਆਪਣੀ ਵਿਰਾਸਤ 'ਤੇ ਨਜ਼ਰ ਮਾਰੀਏ ਤਾਂ ਬੀਤੇ ਸਮਿਆਂ ਦੌਰਾਨ ਸਾਡੇ ਗੁਰੂ ਸਹਿਬਾਨ ਨੇ ਉਸ ਸਮੇਂ ਦੇ ਸ਼ਾਸਕਾਂ, ਰਾਜਿਆਂ-ਮਹਾਰਾਜਿਆਂ ਤੇ ਇਨ੍ਹਾਂ ਦੇ ਜੋਟੀਦਾਰ ਅਖੌਤੀ ਧਰਮ ਗੁਰੂਆਂ ਨੂੰ ਚੌਰਾਹੇ 'ਚ ਖੜ੍ਹਾ ਕਰਕੇ ਉਨ੍ਹਾਂ ਦੀ ਅਸਲੀਅਤ ਦੱਸੀ ਅਤੇ ਉਨ੍ਹਾਂ ਦੇ ਮੂੰਹੋਂ ਮਾਨਵਤਾ ਦਾ ਝੂਠਾ ਨਕਾਬ ਉਤਾਰ ਕੇ ਉਨ੍ਹਾਂ ਦੇ ਅਸਲੀ ਚਿਹਰੇ ਦੁਨੀਆ ਦੇ ਸਾਹਮਣੇ ਲਿਆਂਦੇ ਸਨ। ਸੱਚ ਕਹਿਣ ਦੀ ਜੁਰਅਤ ਕਰਨ ਕਰਕੇ ਉਨ੍ਹਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ। ਪਹਿਲੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ:-
ਕਾਦੀ ਕੂੜ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
(ਗੁਰੂ ਗ੍ਰੰਥ ਸਾਹਿਬ, ਅੰਗ : 662)
ਇਨ੍ਹਾਂ ਪੰਗਤੀਆਂ ਵਿਚ ਉਸ ਸਮੇਂ ਦੀ ਉਸ ਧਾਰਮਿਕ ਜਮਾਤ ਨੂੰ ਹੀ ਕਟਿਹਰੇ 'ਚ ਖੜ੍ਹਾ ਕੀਤਾ ਗਿਆ ਹੈ, ਜੋ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਮੇਂ ਦੇ ਹਾਕਮਾਂ ਦੀ ਝੋਲੀ ਚੁੱਕ ਬਣੀ ਹੋਈ ਸੀ। ਉਸ ਸਮੇਂ ਦੇ ਹਾਕਮ ਜੋ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਸਨ, ਧਨਾਢ ਬਣ ਰਹੇ ਸਨ, ਲੋਕਾਂ ਦਾ ਹੱਕ ਖਾ ਰਹੇ ਸਨ, ਉਨ੍ਹਾਂ ਹਾਕਮਾਂ ਦੇ ਕਿਰਦਾਰ ਸੰਬੰਧੀ ਗੁਰੂ ਸਾਹਿਬ ਨੇ ਫੁਰਮਾਇਆ:-
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
(ਗੁਰੂ ਗ੍ਰੰਥ ਸਾਹਿਬ, ਅੰਗ : 140 )
ਅੱਜ ਸਾਡੇ ਸਮਾਜ ਵਿਚ ਇਹ ਸਭ ਕੁਝ ਕਈ ਗੁਣਾ ਵੱਧ ਬੀਤ ਰਿਹਾ ਹੈ ਪਰ ਸਾਡੇ ਸਮਿਆਂ ਦੇ ਵੱਖ-ਵੱਖ ਸੰਪਰਦਾਵਾਂ, ਮਜ਼ਾਰਾਂ, ਡੇਰਿਆਂ, ਅਖੌਤੀ ਧਰਮ ਸਥਾਨਾਂ ਦੇ ਰਹਿਬਰਾਂ ਦੀ ਲੋਕ ਪੱਖੀ ਮਾਨਵਤਾ ਦੀ ਆਵਾਜ਼ ਕਿੱਥੇ ਹੈ? ਧਾਰਮਿਕ ਅਡੰਬਰ ਤੇ ਇਨ੍ਹਾਂ ਦੇ ਰਚਣਹਾਰੇ ਲੋਕਾਂ ਨੂੰ ਦੱਸਦੇ ਹਨ ਕਿ ਤੁਹਾਡੀਆਂ ਮੁਸ਼ਕਿਲਾਂ-ਸਮੱਸਿਆਵਾਂ ਕਿਸੇ ਰਾਜਨੀਤਕ ਭੈੜ ਕਰਕੇ ਨਹੀਂ, ਬਲਕਿ ਇਹ ਕਿਸਮਤ ਦੀਆਂ ਖੇਡਾਂ ਹਨ, ਕਰਮਾਂ ਦਾ ਲੇਖਾ-ਜੋਖਾ ਹੈ। ਜੇ ਦਫ਼ਤਰ ਜਾਂਦਿਆਂ ਤੁਹਾਡੇ ਲੀੜੇ ਲਾਹ ਲਏ ਜਾਂਦੇ ਹਨ, ਕਿਸੇ ਸਰਕਾਰੀ ਅਦਾਰੇ 'ਚ ਗੱਲ ਨਹੀਂ ਸੁਣੀ ਜਾ ਰਹੀ, ਰਸਤੇ 'ਚ ਲੁੱਟ ਲਿਆ ਜਾਂਦਾ ਹੈ, ਬੱਚਿਆਂ ਦਾ ਭਵਿੱਖ ਤਬਾਹ ਕਰ ਦਿੱਤਾ ਜਾਂਦਾ ਹੈ, ਆਲਾ-ਦੁਆਲਾ ਬਿਮਾਰੀਆਂ ਪੈਦਾ ਕਰ ਰਿਹਾ ਹੈ, ਨਕਲੀ ਖਾਣੇ ਤੇ ਨਕਲੀ ਦਵਾਈਆਂ ਮਿਲ ਰਹੀਆਂ, ਤੁਹਾਨੂੰ ਜ਼ਿਹਨੀ ਤੌਰ 'ਤੇ ਗੁਲਾਮ ਬਣਾਉਣ ਲਈ ਹਰ ਤਰ੍ਹਾਂ ਦੇ ਰੱਸੇ ਪੈੜੇ ਵੱਟੇ ਜਾ ਰਹੇ ਹਨ, ਭ੍ਰਿਸ਼ਟਾਚਾਰ ਸਮਾਜ ਦੀਆਂ ਜੜ੍ਹਾਂ ਖਾ ਰਿਹਾ ਹੈ ਤਾਂ ਇਸ ਲਈ ਸਾਡਾ ਇਹ ਭ੍ਰਿਸ਼ਟ ਨਿਜ਼ਾਮ ਜ਼ਿੰਮੇਵਾਰ ਨਹੀਂ, ਬਲਕਿ ਇਹ ਸਭ ਕੁਝ ਤਾਂ ਸਾਡੀ ਧੁਰੋਂ ਲਿਖੀ ਕਿਸਮਤ ਕਰਕੇ ਹੋ ਰਿਹਾ ਹੈ। ਜੇ ਕਿਸਮਤ ਨੂੰ ਬਦਲਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਅਖੌਤੀ ਸਾਧਾਂ ਬਾਬਿਆਂ ਦੀਆਂ ਚੌਂਕੀਆਂ ਭਰੀਏ, ਇਨ੍ਹਾਂ ਦੇ ਡੇਰਿਆਂ-ਦਰਬਾਰਾਂ 'ਤੇ ਜਾ ਕੇ ਸੇਵਾ ਕਰੀਏ ਤੇ ਮਾਇਆ ਵੀ ਭੇਟ ਕਰੀਏ। ਇਹ ਅੰਧਵਿਸ਼ਵਾਸ ਲੋਕਾਂ ਦੇ ਬਿਬੇਕ ਨੂੰ ਬੌਣਾ ਬਣਾ ਰਿਹਾ ਹੈ। ਇਸ ਮਾਨਸਿਕਤਾ ਨਾਲ ਜਿੱਥੇ ਇਸ ਭ੍ਰਿਸ਼ਟ ਨਿਜ਼ਾਮ ਦਾ ਕੱਦ ਵੱਡਾ ਹੁੰਦਾ ਹੈ, ਉੱਥੇ ਇਸ ਨਿਜ਼ਾਮ ਦੀ ਉਮਰ ਵੀ ਲੰਮੀ ਹੁੰਦੀ ਹੈ।
ਇਸੇ ਮਾਨਸਿਕਤਾ ਤਹਿਤ ਲੋਕ ਆਪਣੇ ਘਰਾਂ ਦੀ ਗਰੀਬੀ, ਬਿਮਾਰੀ, ਲੜਾਈਆਂ ਕਲੇਸ਼ ਤੋਂ ਨਿਜਾਤ ਪਾਉਣ ਲਈ ਮਹੀਨੇ, ਮੱਸਿਆ, ਪੁੰਨਿਆ, ਵੱਖ-ਵੱਖ ਵਾਰਾਂ ਨੂੰ ਇਨ੍ਹਾਂ ਡੇਰਿਆਂ, ਮੱਠਾਂ, ਮਜ਼ਾਰਾਂ ਅਖੌਤੀ ਧਾਰਮਿਕ ਸਥਾਨਾਂ ਦੇ ਭੰਡਾਰਿਆਂ ਦੀਆਂ ਹਾਜ਼ਰੀਆਂ ਭਰਦੇ ਹਨ, ਜਿਸ ਨਾਲ ਇਹ ਸਥਾਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੇ ਹਨ। ਇਨ੍ਹਾਂ ਦੇ ਸੰਚਾਲਕ ਮਾਲਾਮਾਲ ਹੁੰਦੇ ਹਨ, ਜਿਨ੍ਹਾਂ ਦੀਆਂ ਜਾਇਦਾਦਾਂ ਬੇਹਿਸਾਬੀਆਂ ਵਧਦੀਆਂ ਹਨ। ਰਾਜਨੀਤਕ ਆਗੂ ਇਨ੍ਹਾਂ ਅਖੌਤੀ ਧਰਮ ਗੁਰੂਆਂ ਦੀਆਂ ਚੌਂਕੀਆਂ ਭਰਦੇ ਹਨ, ਇਨ੍ਹਾਂ ਦੇ ਚਰਨੀਂ ਬਹਿੰਦੇ ਹਨ। ਲੁੱਟਤੰਤਰ ਦੀ ਉਮਰ ਲੰਮੀ ਹੋਵੇ, ਇਸ ਲਈ ਜ਼ਰੂਰੀ ਹੈ ਕਿ ਲੋਕ ਅਖੌਤੀ ਧਰਮ-ਕਰਮ ਦੇ ਭੁਲੇਖਿਆਂ ਦਾ ਸ਼ਿਕਾਰ ਬਣੇ ਰਹਿਣ ਤੇ ਕਿਸਮਤਵਾਦ ਦੇ ਚੱਕਰ 'ਚ ਪਏ ਹਾਕਮਾਂ ਦੇ ਰਾਜਨੀਤਕ ਭ੍ਰਿਸ਼ਟਾਚਾਰ ਤੇ ਲੋਕ ਮਾਰੂ ਨੀਤੀਆਂ ਪ੍ਰਤੀ ਨਿਰਲੇਪ ਰਹਿਣ। ਸਮੱਸਿਆਵਾਂ ਦੇ ਕੱਦ ਵੱਡੇ ਹੋਣਗੇ ਤਾਂ ਜ਼ਾਹਿਰ ਹੈ ਕਿ ਕਿਸੇ ਗੈਬੀ ਸ਼ਕਤੀ ਦੇ ਓਟ-ਆਸਰੇ ਦੀ ਲੋੜ ਬਣੀ ਰਹੇਗੀ ਅਤੇ ਡੇਰਿਆਂ, ਮਜ਼ਾਰਾਂ, ਮੱਠਾਂ ਤੇ ਹੋਰ ਧਾਰਮਿਕ ਸਥਾਨਾਂ 'ਤੇ ਭੀੜਾਂ ਵਧਦੀਆਂ ਰਹਿਣਗੀਆਂ।
ਕਿਸੇ ਵੀ ਦੇਸ਼ ਜਾਂ ਸਮਾਜ ਨੂੰ ਆਪਣੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਵਿਗਿਆਨਕ ਪਹੁੰਚ ਦੀ ਲੋੜ ਹੁੰਦੀ ਹੈ। ਦੁਨੀਆ ਦੇ ਜਿਹੜੇ ਮੁਲਕਾਂ 'ਚ ਵਿਗਿਆਨਕ ਸੋਚ ਦਾ ਪਸਾਰਾ ਹੋਇਆ, ਉੱਥੇ ਜ਼ਿਆਦਾਤਰ ਸਮੱਸਿਆਵਾਂ ਹੱਲ ਕਰ ਲਈਆਂ ਗਈਆਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਬਿਹਤਰ ਹੋਵੇ, ਆਲਾ-ਦੁਆਲਾ ਸਾਫ਼ ਤੇ ਚੰਗਾ ਹੋਵੇ, ਸਮਾਜ 'ਚ ਸੁੱਖ-ਸ਼ਾਂਤੀ ਤੇ ਸਹਿਜ-ਸਬਰ ਹੋਵੇ ਤਾਂ ਸਾਨੂੰ ਆਪਣੇ ਸਮਾਜ ਦੀਆਂ ਸਮੱਸਿਆਵਾਂ ਦੀ ਸ਼ਨਾਖਤ ਕਰਨੀ ਹੋਵੇਗੀ ਅਤੇ ਇਨ੍ਹਾਂ ਦੇ ਹੱਲ ਲਈ ਕਿਸੇ ਗੈਬੀ ਤਾਕਤ ਦੀ ਉਡੀਕ ਛੱਡ ਕੇ ਆਪ ਹੱਲ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ ਤਾਂ ਹੀ ਸਾਡਾ ਇਹ ਸਮਾਜ ਮਨੁੱਖਾਂ ਦੇ ਰਹਿਣ ਯੋਗ ਬਣ ਸਕਦਾ ਹੈ।
ਜ਼ੀਰਾ।

ਮੋਬਾਈਲ : 98550-51099

Ad Position 22
No active advertisement
ਪਿਛਲੀ ਖ਼ਬਰ 29-12-2025 ਅਗਲੀ ਖ਼ਬਰ ਮਨੁੱਖ ਵਿਚ ਘਟ ਰਹੀ ਸਹਿਣਸ਼ੀਲਤਾ ਚਿੰਤਾ ਦਾ ਵਿਸ਼ਾ
Ad Position 24