ਕੋਈ ਸਮਾਂ ਸੀ, ਜਦੋਂ ਇਨਸਾਨ ਇਕ-ਦੂਜੇ ਦੀ ਹਰ ਛੋਟੀ-ਵੱਡੀ ਗੱਲ ਹੱਸ ਕੇ ਜ਼ਰ ਲੈਂਦਾ ਸੀ। ਸਮਾਜ ਅਤੇ ਪਰਿਵਾਰਾਂ ਵਿਚ ਆਪਸੀ ਇਤਫ਼ਾਕ ਸੀ ਅਤੇ ਕਿਸੇ ਨਾਲ ਕਿਸੇ ਦਾ ਕੋਈ ਸਾੜਾ ਨਹੀਂ ਸੀ। ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ ਬਹੁਤ ਸੁਖਾਵਾਂ ਸੀ ਅਤੇ ਅਧਿਆਪਕ ਦੀ ਝਾੜ-ਝੰਬ ਸਹਿ ਕੇ ਵੀ ਵਿਦਿਆਰਥੀ ਆਪਣੇ ਗੁਰੂ ਦਾ ਆਦਰ-ਸਤਿਕਾਰ ਆਪਣੇ ਅੰਦਰੋਂ ਘਟਾਉਂਦਾ ਨਹੀਂ ਸੀ। ਗਲੀਆਂ-ਮੁਹੱਲਿਆਂ ਵਿਚ ਲੋਕ ਘਿਉ-ਖਿਚੜੀ ਹੋ ਕੇ ਬੈਠਦੇ ਸਨ ਤੇ ਹਰ ਦੁੱਖ-ਸੁੱਖ ਸਾਂਝਾ ਕਰਦੇ ਹੋਏ ਇਕ-ਦੂਜੇ ਦੇ ਸਾਂਝੀਦਾਰ ਬਣਦੇ ਸਨ। ਘਰਾਂ-ਜ਼ਮੀਨਾਂ ਦੇ ਝਗੜੇ ਘਰ ਜਾਂ ਪੰਚਾਇਤ ਵਿਚ ਆਪਸੀ ਸਹਿਮਤੀ ਨਾਲ ਹੀ ਸੁਲਝਾ ਲਏ ਜਾਂਦੇ ਸੀ ਅਤੇ ਇਕ-ਦੂਜੇ ਨੂੰ ਵੱਢਣ-ਟੁੱਕਣ ਦੀ ਨੌਬਤ ਨਹੀਂ ਸੀ ਆਉਂਦੀ।
ਹੁਣ ਗੱਲ ਕਰਦੇ ਹਾਂ ਅੱਜ ਦੇ ਸਮੇਂ 'ਚ ਮਨੁੱਖ ਅੰਦਰ ਖ਼ਤਮ ਹੋ ਰਹੀ ਸਹਿਣਸ਼ੀਲਤਾ ਦੀ। ਕੋਈ ਸਮਾਂ ਸੀ, ਜਦੋਂ ਹਰ ਘਰ ਵਿਚ ਸੱਤ-ਅੱਠ ਨਿਆਣੇ ਹੁੰਦੇ ਸਨ ਅਤੇ ਸੰਯੁਕਤ ਪਰਿਵਾਰ ਆਪਸ ਵਿਚ ਇਕੋ ਚੁੱਲ੍ਹੇ 'ਤੇ ਰੋਟੀ ਪਕਾਉਂਦੇ ਅਤੇ ਇਕੱਠੇ ਬੈਠ ਕੇ ਖਾਂਦੇ ਸਨ। ਇਸ ਦੇ ਉਲਟ ਅੱਜ ਇਕ ਜਾਂ ਦੋ ਬੱਚਿਆਂ ਵਾਲੇ ਘਰਾਂ 'ਚੋਂ ਵੀ ਉਹ ਆਪਸੀ ਇਤਫ਼ਾਕ ਅਤੇ ਪਿਆਰ ਬਿਲਕੁਲ ਖ਼ਤਮ ਹੋ ਚੁੱਕਾ ਹੈ। ਘਰਾਂ-ਪਰਿਵਾਰਾਂ ਵਿਚ ਆਪਸੀ ਸਾੜਾ ਇਸ ਕਦਰ ਵਧ ਚੁੱਕਿਆ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਕ-ਦੂਜੇ ਨੂੰ ਨਹੀਂ ਜ਼ਰਦੇ। ਇਕ-ਦੂਜੇ ਦੀ ਤਰੱਕੀ ਸਭ ਨੂੰ ਚੁਭਦੀ ਹੈ ਅਤੇ ਇਕ-ਦੂਜੇ ਨੂੰ ਅੱਗੇ ਵਧਦੇ ਦੇਖ ਸਭ ਇਕ-ਦੂਜੇ ਦੇ ਰਾਹਾਂ ਵਿਚ ਅੜਿੱਕੇ ਪਾਉਂਦੇ ਨਜ਼ਰੀਂ ਆਉਂਦੇ ਹਨ। ਸਮਾਜ ਅੰਦਰ ਨਿੱਤ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਰ ਪਾਰਕਿੰਗ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੋਕ ਇਕ-ਦੂਜੇ ਦਾ ਕਤਲ ਕਰਨ ਲਈ ਮਿੰਟ ਲਾਉਂਦੇ ਹਨ।
ਵਿਦਿਆਰਥੀ ਹੁਣ ਉਹ ਵਿਦਿਆਰਥੀ ਨਹੀਂ ਰਹੇ, ਜੋ ਅਧਿਆਪਕ ਦੀ ਮਾਰ ਨੂੰ ਵੀ ਹੱਸ ਕੇ ਸਹਿ ਲੈਂਦੇ ਸਨ, ਬਲਕਿ ਅੱਜ ਦੇ ਬੱਚਿਆਂ ਵਿਚ ਸਹਿਣਸ਼ੀਲਤਾ ਏਨੀ ਘਟ ਗਈ ਹੈ ਕਿ ਉਹ ਅਧਿਆਪਕ ਦੇ ਜ਼ਰਾ ਕੁ ਝਿੜਕੇ ਤੋਂ ਜਾਂ ਤਾਂ ਆਪ ਗ਼ਲਤ ਕਦਮ ਚੁੱਕ ਲੈਂਦੇ ਹਨ ਜਾਂ ਅਧਿਆਪਕ ਦਾ ਨੁਕਸਾਨ ਕਰ ਦਿੰਦੇ ਹਨ। ਇਕ ਅਧਿਆਪਕ ਹੋਣ ਕਰਕੇ ਮੈਂ ਇਸ ਵਰਤਾਰੇ ਨੂੰ ਬਹੁਤ ਨੇੜਿਉਂ ਦੇਖਦਾ ਤੇ ਮਹਿਸੂਸ ਕਰਦਾ ਹਾਂ। ਅੱਜ-ਕੱਲ੍ਹ ਦੇ ਪਤੀ-ਪਤਨੀ ਵਿਚ ਵੀ ਆਪਸੀ ਕੁੜੱਤਣਾਂ ਇਸ ਕਦਰ ਵਧ ਚੁੱਕੀਆਂ ਹਨ ਕਿ ਬਹੁਤ ਘੱਟ ਰਿਸ਼ਤੇ ਸਫ਼ਲ ਹੋ ਰਹੇ ਹਨ ਅਤੇ ਹਰ ਘਰ ਵਿਚ ਕਲੇਸ਼, ਹਿੰਸਾ ਤੇ ਤਲਾਕ ਦਾ ਰੁਝਾਨ ਵਧ ਰਿਹਾ ਹੈ। ਕੋਈ ਸਮਾਂ ਸੀ, ਜਦੋਂ ਦੋਸਤ ਇਕ-ਦੂਜੇ ਲਈ ਜਾਨ ਦੀ ਬਾਜ਼ੀ ਲਾ ਦਿੰਦੇ ਸਨ ਤੇ ਅੱਜ ਅਸੀਂ ਹਰ ਦਿਨ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿਚ ਪੜ੍ਹਦੇ ਸੁਣਦੇ ਹਾਂ ਕਿ ਦੋਸਤ ਨੇ ਚੰਦ ਰੁਪਇਆਂ ਲਈ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਇਸ ਤੋਂ ਘੋਰ ਕਲਯੁਗ ਕੀ ਹੋਵੇਗਾ ਕਿ ਜ਼ਮੀਨਾਂ ਲਈ ਪੁੱਤ ਪਿਓ ਦਾ ਕਤਲ ਕਰ ਰਿਹਾ ਹੈ ਤੇ ਭਰਾ-ਭਰਾ ਨੂੰ ਮਾਰ ਰਿਹਾ ਹੈ। ਪਿਛਲੇ ਦਿਨੀਂ ਇਕ ਖ਼ਬਰ ਨੇ ਦਿਲ ਹੀ ਦਹਿਲਾ ਦਿੱਤਾ ਕਿ ਇਕ ਸਾਢੂ ਨੇ ਦੂਜੇ ਸਾਢੂ ਦਾ ਕਤਲ ਕਰ ਦਿੱਤਾ ਤੇ ਜਦੋਂ ਮਾਰਨ ਵਾਲੇ ਤੋਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰੇ ਸਹੁਰੇ ਮੇਰੇ ਸਾਢੂ ਦੀ ਜ਼ਿਆਦਾ ਆਉ ਭਗਤ ਕਰਦੇ ਸਨ, ਜਿਸ ਕਰਕੇ ਮੈਨੂੰ ਗੁੱਸਾ ਆਉਂਦਾ ਸੀ। ਅਜਿਹੀਆਂ ਅਣਗਿਣਤ ਉਦਾਹਰਨਾਂ ਨੇ ਵੀ ਲੋਕਾਂ ਵਿਚ ਆਪਸੀ ਦੁਸ਼ਮਣੀ ਤੇ ਅਸਹਿਣਸ਼ੀਲਤਾ ਪੈਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਅੱਜ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਸਾਡੇ ਦੇਸ਼ ਅੰਦਰ ਸੋਸ਼ਲ ਮੀਡੀਆ ਲਈ ਲੋਕ ਜਿਸ ਤਰ੍ਹਾਂ ਪਾਗਲ ਹਨ, ਉਹ ਕਿਸੇ ਤੋਂ ਨਹੀਂ ਲੁਕਿਆ। ਸੋਸ਼ਲ ਮੀਡੀਆ 'ਤੇ ਮਿਹਣੋ-ਮਿਹਣੀ ਹੁੰਦੇ ਲੋਕ ਆਮ ਵੇਖੇ ਜਾਂਦੇ ਹਨ ਅਤੇ ਕਈ ਵਾਰ ਦਾ ਇਕ-ਦੂਜੇ ਦਾ ਕਤਲ ਕਰਨ ਤੱਕ ਦੀ ਨੌਬਤ ਇਸ ਸੋਸ਼ਲ ਮੀਡੀਆ 'ਤੇ ਹੋਈ ਬਹਿਸ ਕਾਰਨ ਆ ਜਾਂਦੀ ਹੈ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਫ਼ਾਇਦੇ ਦੇ ਨਾਲ-ਨਾਲ ਨੁਕਸਾਨ ਵੀ ਬਹੁਤ ਪਹੁੰਚਾਇਆ ਹੈ। ਅਸੀਂ ਏਨੇ ਕੁ ਅੰਦਰੋਂ ਕਮਜ਼ੋਰ ਹੋ ਚੁੱਕੇ ਹਾਂ ਕਿ ਕਿਸੇ ਨੂੰ ਇਕ ਦੀਆਂ ਦੋ ਸੁਣਾਉਣ ਲਈ ਮਿੰਟ ਲਾਉਂਦੇ ਹਾਂ। ਬਹੁਤੀ ਵਾਰ ਤਾਂ ਲੋਕ ਗੱਡੀ ਦਾ ਹਾਰਨ ਮਾਰਨ ਤੋਂ ਹੀ ਲੜ ਪੈਂਦੇ ਹਨ ਅਤੇ ਜੇ ਤੁਸੀਂ ਕਿਸੇ ਦਾ ਭਲਾ ਸੋਚਦੇ ਹੋਏ ਉਸ ਨੂੰ ਮੋਟਰਸਾਈਕਲ ਜਾਂ ਸਕੂਟਰ ਹੌਲੀ ਚਲਾਉਣ ਲਈ ਕਹਿੰਦੇ ਹੋ ਤਾਂ ਅਗਲਾ ਗਲ਼ ਨੂੰ ਹੱਥ ਪਾਉਂਦਾ ਹੈ। ਅੱਜ ਗਲੀਆਂ-ਮੁਹੱਲਿਆਂ ਵਿਚ ਕੂੜਾ ਸੁੱਟਣ ਨੂੰ ਲੈ ਕੇ ਔਰਤਾਂ ਆਪਸ ਵਿਚ ਪਰਿਵਾਰਾਂ ਦੀ ਦੁਸ਼ਮਣੀ ਪਵਾ ਦਿੰਦੀਆਂ ਹਨ, ਜਿਸ ਕਰਕੇ ਬਹੁਤੀ ਵਾਰ ਵੱਡੇ ਨੁਕਸਾਨ ਹੋ ਜਾਂਦੇ ਹਨ। ਮਨੁੱਖ ਨੇ ਅੱਜ ਆਧੁਨਿਕੀਕਰਨ ਦੇ ਸਾਜੋ ਸਾਮਾਨ ਨਾਲ ਆਪਣੀ ਜ਼ਿੰਦਗੀ ਨੂੰ ਜਿੰਨਾ ਸੌਖਾ ਕਰ ਲਿਆ, ਓਨਾ ਹੀ ਉਸ ਨੇ ਆਪਣੇ-ਆਪ ਨੂੰ ਅੰਦਰੋਂ ਹੌਲਾ ਕਰ ਲਿਆ ਹੈ ਅਤੇ ਉਸ ਅੰਦਰ ਦੀ ਸਹਿਣਸ਼ੀਲਤਾ ਖ਼ਤਮ ਹੋਣ ਕਾਰਨ ਉਸ ਨੇ ਖ਼ੁਦ ਲਈ ਮੁਸੀਬਤਾਂ ਸਹੇੜ ਲਈਆਂ ਹਨ। ਅੱਜ ਘਰਾਂ ਵਿਚ ਸੱਸਾਂ-ਨੂੰਹਾਂ ਵਿਚ ਕਲੇਸ਼ ਆਮ ਦੇਖਣ ਵਿਚ ਆਉਂਦਾ ਹੈ, ਕਿਉਂਕਿ ਇਕ-ਦੂਜੇ ਨੂੰ ਸੁਣਨ ਸਮਝਣ ਦੀ ਸਮਰੱਥਾ ਬਿਲਕੁਲ ਮਨਫ਼ੀ ਹੋ ਚੁੱਕੀ ਹੈ ਅਤੇ ਪੀੜ੍ਹੀ ਬਦਲਣ ਕਾਰਨ ਹੋਏ ਵਿਚਾਰਾਤਮਕ ਅੰਤਰ ਨੂੰ ਦੋਵੇਂ ਸਮਝਣਾ ਨਹੀਂ ਚਾਹੁੰਦੀਆਂ। ਅੱਜ-ਕੱਲ੍ਹ ਨੌਕਰੀਆਂ ਅਤੇ ਵਪਾਰ ਵਾਲੇ ਪਾਸੇ ਵੀ ਇਕ-ਦੂਜੇ ਦੀ ਤਰੱਕੀ ਨੂੰ ਦੇਖਣ ਦੀ ਸਹਿਣਸ਼ੀਲਤਾ ਲਗਭਗ ਖ਼ਤਮ ਹੋ ਗਈ ਹੈ, ਕਿਉਂਕਿ ਕੋਈ ਵੀ ਕਿਸੇ ਨੂੰ ਆਪਣੇ ਤੋਂ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦਾ ਹੁੰਦਾ ਅਤੇ ਇਸ ਪਾਸੇ ਵੀ ਆਪਸੀ ਦੁਸ਼ਮਣੀਆਂ ਪੈਣ ਕਾਰਨ ਆਏ ਦਿਨ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਗੱਲ ਕਰੋ ਕਿ ਸਮਾਜ ਦੇ ਹਰ ਖੇਤਰ ਵਿਚ ਲੋਕ ਇਕ ਮਿੰਟ ਲਾਉਂਦੇ ਹਨ ਆਪੇ ਤੋਂ ਬਾਹਰ ਹੋਣ ਨੂੰ। ਅੱਜ ਲੋਕਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਖ਼ੁਦ 'ਤੇ ਕਾਬੂ ਰੱਖਣਾ। ਲੋੜ ਹੈ ਸਮਾਜ ਅਤੇ ਘਰ-ਪਰਿਵਾਰ ਵਿਚ ਇਕ ਸਾਰਥਕ ਮਾਹੌਲ ਸਿਰਜਣ ਦੀ ਤਾਂ ਜੋ ਸਮਾਜ ਵਿਚ ਵਧ ਰਹੀ ਅਰਾਜਕਤਾ ਨੂੰ ਰੋਕਿਆ ਜਾ ਸਕੇ ਅਤੇ ਇਹ ਸਭ ਅਸੀਂ ਖ਼ੁਦ 'ਤੇ ਕਾਬੂ ਪਾ ਕੇ ਹੀ ਕਰ ਸਕਦੇ ਹਾਂ। ਇਹ ਸਭ ਤਾਂ ਹੀ ਸੰਭਵ ਹੈ, ਜੇ ਅਸੀਂ ਸਾਰੇ ਆਪੋ-ਆਪਣੇ ਫ਼ਰਜ਼ ਪਛਾਣਦੇ ਹੋਏ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਅਤੇ ਇਕ ਸੱਭਿਅਕ ਜੀਵਨ ਸ਼ੈਲੀ ਅਪਣਾਉਂਦੇ ਹੋਏ ਆਪਣਾ ਜੀਵਨ ਨਿਰਬਾਹ ਕਰੀਏ।
-ਡੀ.ਪੀ.ਈ. ਸਰਕਾਰੀ ਹਾਈ ਸਕੂਲ ਸੇਖੂਵਾਸ।
ਮੋਬਾਈਲ : 94174-79449