ਫ਼ਿਲਮ ਇੰਡਸਟਰੀ 'ਚ ਸਵ: 'ਮੁਹੰਮਦ ਰਫ਼ੀ ਸਾਹਿਬ' ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਨਾਲ ਮਿਲਦੀਆਂ-ਜੁਲਦੀਆਂ ਕਈ ਆਵਾਜ਼ਾਂ ਆਈਆਂ ਤੇ ਪਲਾਂ 'ਚ ਹੀ ਗ਼ਾਇਬ ਹੋ ਗਈਆਂ ਪਰ ਰਫ਼ੀ ਸਾਹਿਬ ਦੀ ਕਮੀ ਨੂੰ ਪੂਰਾ ਕੀਤਾ ਗਾਇਕ ਸ਼ਬੀਰ ਕੁਮਾਰ ਨੇ। ਰਫ਼ੀ ਸਾਹਿਬ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਯਾਦ 'ਚ ਇਕ ਸ਼ੋਅ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਨਾਂਅ ਸੀ 'ਏਕ ਸ਼ਾਮ ਰਫ਼ੀ ਕੇ ਨਾਮ', ਇਸ ਸ਼ੋਅ 'ਚ 'ਸ਼ਬੀਰ ਕੁਮਾਰ' ਸ਼ੌਕੀਆ ਤੌਰ 'ਤੇ ਗਾਇਆ ਕਰਦੇ ਸਨ। ਇਸ ਸ਼ੋਅ ਤੋਂ ਹੀ ਸੰਗੀਤਕਾਰਾ ਊਸ਼ਾ ਖੰਨਾ ਨੇ ਸ਼ਬੀਰ ਕੁਮਾਰ ਦੀ ਆਵਾਜ਼ ਨੂੰ ਨੋਟਿਸ ਕੀਤਾ ਤੇ ਫ਼ਿਲਮ 'ਤਜਰਬਾ' ਦੇ ਇਕ ਗੀਤ 'ਚ ਮੌਕਾ ਦਿੱਤਾ। ਗੀਤ ਦੇ ਬੋਲ ਸਨ 'ਏਕ ਨਹੀਂ ਦੋ ਨਹੀਂ ਹਮ ਹੈਂ ਪਾਂਚ ..' ਇਸ ਗੀਤ 'ਚ ਸ਼ਬੀਰ ਕੁਮਾਰ ਦਾ ਸਾਥ ਉਨ੍ਹਾਂ ਦੇ ਸਹਿ ਗਾਇਕ ਸੁਰੇਸ਼ ਵਾਡਕਰ, ਅਮਿਤ ਕੁਮਾਰ, ਹੇਮ ਲਤਾ ਤੇ ਊਸ਼ਾ ਖੰਨਾ ਨੇ ਦਿੱਤਾ ਸੀ। ਇਸ ਗੀਤ ਤੋਂ ਸੰਗੀਤਕਾਰ ਲਕਸ਼ਮੀਕਾਂਤ-ਪਿਆਰੇਲਾਲ ਨੇ ਸ਼ਬੀਰ ਕੁਮਾਰ ਦੀ ਆਵਾਜ਼ ਨੂੰ ਨੋਟਿਸ ਕੀਤਾ। ਦੂਜੇ ਪਾਸੇ ਨਿਰਮਾਤਾ ਨਿਰਦੇਸ਼ਕ ਮਨਮੋਹਨ ਦੇਸਾਈ, ਜੋ ਕਿ ਰਫ਼ੀ ਸਾਹਿਬ ਦੀ ਆਵਾਜ਼ ਦੇ ਮੁਰੀਦ ਸਨ ਤੇ ਆਪਣੀਆਂ ਫ਼ਿਲਮਾਂ 'ਚ ਉਨ੍ਹਾਂ ਤੋਂ ਹੀ ਗੀਤ ਗਵਾਉਂਦੇ ਸਨ। ਉਨ੍ਹੀਂ ਦਿਨੀਂ ਉਹ ਫ਼ਿਲਮ 'ਕੁਲੀ' ਬਣਾ ਰਹੇ ਸਨ ਤਾਂ ਸੰਗੀਤਕਾਰ ਲਕਸ਼ਮੀ ਕਾਂਤ-ਪਿਆਰੇਲਾਲ ਕੋਲ ਆਏ ਤਾਂ ਸ਼ਬੀਰ ਕੁਮਾਰ ਦੇ ਨਾਂਅ 'ਤੇ ਚਰਚਾ ਹੋਈ ਸ਼ਬੀਰ ਕੁਮਾਰ, ਜੋ ਕਿ ਗੁਜਰਾਤੀ ਹਨ ਤੇ ਬੜੌਦਾ ਨਿਵਾਸੀ ਹਨ, ਨੂੰ ਵਿਸ਼ੇਸ਼ ਤੌਰ 'ਤੇ ਮੁੰਬਈ ਬੁਲਾਇਆ ਗਿਆ ਤੇ ਉਨ੍ਹਾਂ ਦੀ ਆਵਾਜ਼ ਦਾ ਟੈਸਟ ਲਿਆ ਗਿਆ। ਇਸ ਤਰ੍ਹਾਂ ਸ਼ਬੀਰ ਕੁਮਾਰ ਨੂੰ ਮੌਕਾ ਮਿਲਿਆ ਫ਼ਿਲਮ 'ਕੁਲੀ' 'ਚ। 'ਕੁਲੀ' ਫ਼ਿਲਮ ਸੁਪਰਹਿੱਟ ਹੋਈ ਤੇ ਫ਼ਿਲਮ ਦੇ ਗਾਣਿਆਂ ਨੇ ਚਾਰੇ ਪਾਸੇ ਧੁੰਮਾਂ ਪਾ ਦਿੱਤੀਆਂ। ਇਸ ਤੋਂ ਬਾਅਦ ਮਨਮੋਹਨ ਦੇਸਾਈ ਨੇ ਜਦ ਫ਼ਿਲਮ 'ਮਰਦ' ਬਣਾਈ ਤਾਂ ਫ਼ਿਲਮ ਦੇ ਮੁੱਖ ਗਾਇਕ ਸ਼ਬੀਰ ਕੁਮਾਰ ਹੀ ਸਨ। 'ਮਰਦ' ਦੇ ਗਾਣੇ ਵੀ ਸੁਪਰ ਡੁਪਰ ਹਿੱਟ ਸਨ। 'ਸ਼ਬੀਰ ਕੁਮਾਰ ਨੂੰ ਫ਼ਿਲਮ 'ਬੇਤਾਬ' ਦੇ ਗਾਣਿਆਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸ਼ਬੀਰ ਕੁਮਾਰ, ਲਕਸ਼ਮੀ-ਪਿਆਰੇ ਦੇ ਪਸੰਦੀਦਾ ਗਾਇਕ ਬਣ ਗਏ ਸਨ।
ਮਿੱਠੀ ਆਵਾਜ਼ : ਸ਼ਬੀਰ ਕੁਮਾਰ
ਅਜੀਤ ਡੈਸਕ
22-10-2025