21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੱਥਰ ਦੇ ਰਿਕਾਰਡ ਅਤੇ ਚਾਬੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਖ਼ਜ਼ਾਨਾ ਸਾਂਭੀ ਬੈਠਾ ਹੈ ਜਸਪਾਲ ਸਿੰਘ ਪਾਲਾ

Ad Position 21
No active advertisement
ਅਜੀਤ ਡੈਸਕ 07-09-2025

ਰਾਜਪੁਰਾ ਨੇੜਲੇ ਪਿੰਡ ਕੁੱਥਾਖੇੜੀ ਵਾਸੀ ਜਸਪਾਲ ਸਿੰਘ ਪਾਲਾ ਅੱਜਕਲ੍ਹ ਦੇ ਕੰਪਿਊਟਰ ਯੁੱਗ ਵਿਚ ਵੀ ਪੱਥਰ ਦੇ ਤਵੇ ਅਤੇ ਚਾਬੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਅਨਮੋਲ ਖਜ਼ਾਨਾ ਸਾਂਭੀ ਬੈਠਾ ਹੈ। ਅੱਤ ਦੀ ਤੰਗੀ ਤੁਰਸ਼ੀ ਦੇ ਬਾਵਜੂਦ ਸੰਗੀਤਕ ਸ਼ੌਕ ਨੂੰ ਪੂਰਾ ਕਰਨ ਅਤੇ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਲਈ ਮਿਸਾਲ ਬਣਿਆ ਹੋਇਆ ਹੈ। ਜਸਪਾਲ ਸਿੰਘ ਘਰ ਫੂਕ ਕੇ ਤਮਾਸ਼ਾ ਵੇਖ ਰਿਹਾ ਹੈ। ਉਸ ਦੀ ਸੰਗੀਤਕ ਲਾਇਬ੍ਰੇਰੀ ਵਿਚ ਐਤਵਾਰ ਜਾਂ ਛੁੱਟੀ ਵਾਲੇ ਦਿਨ ਕੋਈ ਨਾ ਕੋਈ ਅਜਨਬੀ ਸ਼ਖ਼ਸੀਅਤ ਉਸ ਦੇ ਘਰ ਆਈ ਹੀ ਰਹਿੰਦੀ ਹੈ ਪਰ ਉਸ ਨੇ ਕਦੇ ਵੀ ਕਿਸੇ ਨੂੰ ਵੇਖ ਕੇ ਮੱਥੇ ਵੱਟ ਨਹੀ ਪਾਇਆ। ਜਸਪਾਲ ਸਿੰਘ ਪਾਲਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪ ਤਾਂ ਭਾਵੇ ਪੰਜ ਸੱਤ ਜਮਾਤਾਂ ਹੀ ਪੜ੍ਹਿਆ ਹੈ ਪਰ ਉਸ ਦੇ ਸ਼ੌਕ ਕਾਰਨ ਉਸ 'ਤੇ ਦੋ ਵਿਦਿਆਰਥੀ ਪੀ.ਐਚ.ਡੀ. ਕਰ ਗਏ ਹਨ। ਜਸਪਾਲ ਸਿੰਘ ਪਾਲਾ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਉਸ ਨੇ ਸਾਲ 1975 ਵਿਚ ਸੋਨੋਟੋਨ ਕੰਪਨੀ ਦਾ ਟੇਪ ਰਿਕਾਰਡ ਲਿਆ ਸੀ ਜਿਹੜਾ ਉਸ ਸਮੇਂ ਤਿੰਨ ਸੌ ਰੁਪਏ ਦੇ ਕਰੀਬ ਆਇਆ ਸੀ। ਇਸ ਦੇ ਨਾਲ ਔਖਾ ਸੌਖਾ ਹੋ ਕੇ ਕੈਸਟਾਂ ਖ਼ਰੀਦੀਆਂ ਸਨ ਪਰ ਹੁਣ ਜਸਪਾਲ ਸਿੰਘ ਕੋਲ ਦੇਸ਼ ਦੀ ਵੰਡ ਤੋਂ ਵੀ ਪਹਿਲਾਂ ਸਾਲ 1902 ਦੇ ਪੱਥਰ ਦੇ ਤਵੇ ਵੀ ਹਨ। ਉਸ ਕੋਲ ਹੁਣ ਚਾਬੀ ਭਰ ਕੇ ਚੱਲਣ ਵਾਲੀਆਂ ਚਾਲੂ ਹਾਲਤ ਵਾਲੀਆਂ ਮਸ਼ੀਨਾਂ ਵੀ ਹਨ। ਉਸ ਕੋਲ ਕਰੀਬ ਇਕ ਹਜ਼ਾਰ ਕਲਾਕਾਰਾਂ ਦੀਆਂ ਆਵਾਜ਼ਾਂ ਦਾ ਅਨਮੋਲ ਖਜ਼ਾਨਾ ਸਾਂਭਿਆ ਪਿਆ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਉਸ ਕੋਲ ਪਾਕਿਸਤਾਨੀ ਕਲਾਕਾਰਾਂ ਜਿਨ੍ਹਾਂ ਵਿਚ ਮੁਹੰਮਦ ਅਸਲਮ, ਗੋਹਰ ਖਾਨ, ਮੁਮਤਾਜ਼ ਅਲੀ, ਮਾ. ਲੋਭੀ ਰਾਮ ਸਮੇਤ ਹੋਰ ਅਨੇਕਾਂ ਹੀ ਕਲਾਕਾਰਾਂ ਦੀ ਆਵਾਜ਼ ਵਾਲੇ ਤਵੇ ਹਨ। ਉਸ ਕੋਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਪੀਚ ਵੀ ਹੈ ਜਿਹੜੀ ਅੰਗਰੇਜ਼ੀ ਭਾਸ਼ਾ ਵਿਚ ਹੈ। ਇਸ ਦੇ ਨਾਲ-ਨਾਲ ਉਸ ਕੋਲ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਚਾਂਦੀ ਰਾਮ ਚਾਂਦੀ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਜਸਵੇਦ ਯਮਲਾ, ਅਮਰ ਸਿੰਘ ਚਮਕੀਲਾ, ਬੀਬਾ ਅਮਰਜੋਤ ਕੋਰ, ਲੱਖੀ ਵਣਜਾਰਾ, ਸੁਚੇਤ ਬਾਲਾ, ਕਰਮਜੀਤ ਧੂਰੀ ਅਤੇ ਹੋਰ ਕਲਾਕਾਰਾਂ ਦੇ ਰਿਕਾਰਡ ਅਤੇ ਟੇਪਾਂ ਹਨ। ਉਸ ਦੇ ਦੱਸਣ ਮੁਤਾਬਿਕ ਉਸ ਦੀ ਸੰਗੀਤਕ ਲਾਇਬ੍ਰੇਰੀ ਵਿਚ ਅਨੇਕਾਂ ਹੀ ਦੁਰਲੱਭ ਕਿਸਮ ਦੀਆਂ ਪੱਥਰ ਤੇ ਤਵਿਆਂ ਵਾਲੀਆਂ ਮਸ਼ੀਨਾਂ, ਪੰਜ ਹਜ਼ਾਰ ਦੇ ਕਰੀਬ ਟੇਪ ਰਿਕਾਰਡ ਦੀਆਂ ਟੇਪਾਂ, ਤਿੰਨ ਹਜ਼ਾਰ ਦੇ ਕਰੀਬ ਤਵੇ (ਰਿਕਾਰਡ) ਪੁਰਾਣੇ ਰੇਡੀਉ ਸੈੱਟ, ਵੀ.ਸੀ.ਆਰ., ਅੰਗਰੇਜ਼ਾਂ ਦੇ ਜ਼ਮਾਨੇ ਦੇ ਟੈਲੀਫ਼ੋਨ ਅਤੇ ਹੋਰ ਬਹੁਤ ਕੁਝ ਸਾਂਭਿਆ ਪਿਆ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਉਸ ਕੋਲ ਰੁਮਾਲੀ ਰਿਕਾਰਡ ਵੀ ਹਨ ਜਿਹੜੇ ਪਲਾਸਟਿਕ ਦੇ ਲਿਫ਼ਾਫ਼ੇ ਵਰਗੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਤੋੜ ਮਰੋੜ ਕੇ ਜੇਬ ਵਿਚ ਪਾਇਆ ਜਾ ਸਕਦਾ ਹੈ ਉਸ ਕੋਲ ਉਹ ਵੀ ਚਾਲੂ ਹਾਲਤ ਵਿਚ ਹਨ। ਉਸ ਨੇ ਸਾਰਾ ਖਜ਼ਾਨਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਇਕੱਤਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਹੈ। ਇਹੋ ਜਿਹੇ ਇਨਸਾਨ ਵੱਲ ਸਮੇਂ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਉਸ ਨੂੰ ਕੁਝ ਨਾ ਕੁਝ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ।

-ਰਾਜਪੁਰਾ।

Ad Position 22
No active advertisement
ਪਿਛਲੀ ਖ਼ਬਰ ਨੇਤਾ ਨੂੰ ਜਵਾਬ ਅਗਲੀ ਖ਼ਬਰ ਹੈਰਾਨੀ ਵਾਲੀ ਗੱਲ
Ad Position 24