ਮਨਦੀਪ, ਨਰੇਸ਼ ਦੀ ਫੈਕਟਰੀ ਵਿਚ ਬਹੁਤ ਸਮੇਂ ਤੋਂ ਕੰਮ ਕਰਦਾ ਸੀ। ਵੈਸੇ ਤਾਂ ਨਰੇਸ਼ ਦਾ ਸੁਭਾਅ ਬਹੁਤ ਚੰਗਾ ਸੀ ਪਰ ਉਹ ਆਪਣੇ ਕਾਰੀਗਰਾਂ ਨੂੰ ਵਕਤ ਸਿਰ ਤਨਖਾਹ ਨਹੀਂ ਦਿੰਦਾ ਸੀ। ਉਸ ਦੇ ਕਈ ਕਾਰੀਗਰ ਕੰਮ ਤੋਂ ਹਟ ਗਏ ਸਨ। ਮਨਦੀਪ ਨੂੰ ਫੈਕਟਰੀ ਵਿਚ ਜ਼ਿਆਦਾ ਕੰਮ ਕਰਨਾ ਪੈਂਦਾ ਸੀ।
ਮਨਦੀਪ ਨੂੰ ਨਰੇਸ਼ ਤਿੰਨ ਮਹੀਨਿਆਂ ਤੋਂ ਤਨਖਾਹ ਦੇ ਟੁੱਟਵੇਂ ਪੈਸੇ ਦੇ ਰਿਹਾ ਸੀ, ਜਿਸ ਕਰਕੇ ਉਸ ਦਾ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਉਸ ਨੇ ਆਪਣੇ ਮਕਾਨ ਦਾ ਤਿੰਨ ਮਹੀਨਿਆਂ ਦਾ ਕਿਰਾਇਆ ਵੀ ਨਹੀਂ ਦਿੱਤਾ ਸੀ ਤੇ ਨਾ ਹੀ ਉਧਾਰ ਲਏ ਰਾਸ਼ਨ ਦੇ ਪੈਸੇ ਹੀ ਦਿੱਤੇ ਸਨ। ਜਦੋਂ ਵੀ ਮਕਾਨ ਮਾਲਕ ਉਸ ਕੋਲੋਂ ਕਿਰਾਇਆ ਮੰਗਦੇ ਤਾਂ ਉਹ ਹਮੇਸ਼ਾ ਇਹੀ ਬਹਾਨਾ ਲਗਾਉਂਦਾ ਕਿ ਉਸ ਨੂੰ ਫੈਕਟਰੀ ਤੋਂ ਪੈਸੇ ਮਿਲੇ ਨਹੀਂ। ਮਾਲਕ ਮਕਾਨ ਉਸ ਦੇ ਹਰ ਰੋਜ਼ ਦੇ ਬਹਾਨਿਆਂ ਤੋਂ ਤੰਗ ਆ ਕੇ ਮਕਾਨ ਖਾਲੀ ਕਰਨ ਲਈ ਕਹਿ ਦਿੰਦੇ।
ਇਕ ਦਿਨ ਮਨਦੀਪ ਨੇ ਹਿੰਮਤ ਕੀਤੀ ਤੇ ਨਰੇਸ਼ ਬਾਊ ਦੇ ਦਫਤਰ ਅੰਦਰ ਚਲਾ ਗਿਆ ਤੇ ਆਪਣੀ ਮਜਬੂਰੀ ਦੱਸੀ ਤੇ ਕਿਹਾ, 'ਬਾਊ ਜੀ, ਮੈਨੂੰ ਬਹੁਤ ਜ਼ਰੂਰੀ ਪੈਸੇ ਚਾਹੀਦੇ ਹਨ। ਮਕਾਨ ਦਾ ਕਿਰਾਇਆ ਤੇ ਰਾਸ਼ਨ ਦੇ ਪੈਸੇ ਵੀ ਦੇਣੇ ਹਨ। ਮੈਂ ਕਾਫ਼ੀ ਦੇਰ ਤੋਂ ਉਨ੍ਹਾਂ ਨੂੰ ਟਾਲ ਮਟੋਲ ਕਰ ਰਿਹਾ ਹਾਂ। ਤੁਹਾਡੀ ਬੜੀ ਮਿਹਰਬਾਨੀ ਜੇ ਤੁਸੀਂ ਮੈਨੂੰ ਮੇਰੀ ਬਕਾਇਆ ਬਣਦੀ ਤਨਖਾਹ ਦੇ ਦਿਓ ਤਾਂ। ਨਰੇਸ਼ ਨੇ ਕਿਹਾ, 'ਥੋੜ੍ਹੇ ਦਿਨ ਹੋਰ ਰੁਕ ਜਾ। ਮੇਰੇ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਹੋ ਗਈਆਂ ਹਨ, ਅਸੀਂ ਕੈਨੇਡਾ ਘੁੰਮਣ ਜਾਣਾ ਹੈ। ਉਥੋਂ ਆ ਕੇ ਤੇਰੀ ਬਕਾਇਆ ਤਨਖਾਹ ਦੇ ਦੇਵਾਂਗਾ। ਨਰੇਸ਼ ਦਾ ਜਵਾਬ ਸੁਣ ਕੇ ਮਨਦੀਪ ਬਿਨਾਂ ਕੁਝ ਬੋਲਿਆਂ, ਉਸਦੇ ਕਮਰੇ ਵਿਚੋਂ ਬਾਹਰ ਆ ਗਿਆ।
ਮਨਦੀਪ ਬੜੇ ਉਦਾਸ ਮਨ ਨਾਲ ਜਦੋਂ ਘਰ ਆਇਆ ਤਾਂ ਉਸ ਦਾ ਬੇਟਾ ਸੌਫੀ ਉਸ ਦੇ ਗਲ ਲੱਗ ਕੇ ਬੜੇ ਪਿਆਰ ਨਾਲ ਕਹਿਣ ਲੱਗਾ, 'ਪਾਪਾ, ਮੈਡਮ ਨੇ ਪਿਛਲੇ ਤਿੰਨ ਮਹੀਨਿਆਂ ਦੀ ਸਕੂਲ ਫੀਸ ਮੰਗੀ ਏ। ਮੈਨੂੰ ਦੇ ਦੇਣਾ, ਮੈਂ ਕੱਲ੍ਹ ਜਾ ਕੇ ਫੀਸ ਜਮ੍ਹਾਂ ਕਰਵਾ ਦੇਵਾਂਗਾ। ਮਨਦੀਪ ਨੇ ਸੋਫੀ ਨੂੰ ਦੱਸਿਆ ਕਿ ਉਸ ਨੂੰ ਨਰੇਸ਼ ਬਾਊ ਨੇ ਕੋਈ ਪੈਸਾ ਨਹੀਂ ਦਿੱਤਾ। ਉਹ ਕੈਨੇਡਾ ਤੋਂ ਆ ਕੇ ਪੈਸੇ ਦੇਣਗੇ। ਤਦ ਸੋਫੀ ਨੇ ਕਿਹਾ, 'ਪਾਪਾ ਜੀ, ਹੁਣੇ ਰਾਸ਼ਨ ਵਾਲੇ ਅੰਕਲ ਵੀ ਕਹਿ ਕੇ ਗਏ ਹਨ ਕਿ ਜੇ ਰਾਸ਼ਨ ਦੇ ਪੈਸੇ ਨਾ ਦਿੱਤੇ ਤਾਂ ਅੱਗੇ ਤੋਂ ਰਾਸ਼ਨ ਵੀ ਉਧਾਰ ਨਹੀਂ ਮਿਲਣਾ। ਮਕਾਨ ਮਾਲਕ ਵੀ ਮਕਾਨ ਖਾਲੀ ਕਰਨ ਨੂੰ ਕਹਿੰਦੇ ਹਨ।' ਮਨਦੀਪ ਨੇ ਭਰੇ ਮਨ ਨਾਲ ਕਿਹਾ, 'ਬੇਟਾ, ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦਾ।' ਸੋਫੀ ਨੇ ਗੁੱਸੇ ਨਾਲ ਕਿਹਾ, 'ਪਾਪਾ, ਨਰੇਸ਼ ਅੰਕਲ ਦਾ ਕੈਨੇਡਾ ਜਾਣਾ ਜ਼ਰੂਰੀ ਹੈ, ਤੁਹਾਡੀ ਤਨਖਾਹ ਦੇਣੀ ਜ਼ਰੂਰੀ ਨਹੀਂ। ਉਨ੍ਹਾਂ ਨੂੰ ਕੀ ਗ਼ਰੀਬ ਭਾਵੇਂ ਭੁੱਖੇ ਮਰਨ ਉਨ੍ਹਾਂ ਨੇ ਆਪਣੀ ਐਸ਼ ਕਰਨੀ ਏ। ਜੇ ਮਕਾਨ ਮਾਲਕ ਨੇ ਸਾਡੇ ਕੋਲੋਂ ਮਕਾਨ ਖਾਲੀ ਕਰਵਾ ਲਿਆ, ਰਾਸ਼ਨ ਵਾਲੇ ਨੇ ਰਾਸ਼ਨ ਬੰਦ ਕਰ ਦਿੱਤਾ ਤੇ ਮੇਰਾ ਸਕੂਲੋਂ ਨਾਂਅ ਕੱਟਿਆ ਗਿਆ ਤਾਂ ਕਿਸੇ ਦਾ ਕੀ ਜਾਣਾ ਹੈ, ਨੁਕਸਾਨ ਤਾਂ ਸਾਡਾ ਹੀ ਹੋਣਾ ਹੈ। ਜਦੋਂ ਮੈਂ ਵੱਡਾ ਹੋ ਕੇ ਫੈਕਟਰੀ ਦਾ ਮਾਲਕ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਕਾਰੀਗਰਾਂ ਨੂੰ ਤਨਖਾਹ ਦੇ ਕੇ ਖੁਸ਼ ਰੱਖਾਂਗਾ। ਜੋ ਉਹ ਖੁਸ਼ ਰਹਿਣਗੇ ਤਾਂ ਕੰਮ ਵੀ ਦਿਲ ਲਗਾ ਕੇ ਕਰਨਗੇ ਤੇ ਕੰਮ ਵਿਚ ਵੀ ਬਰਕਤ ਪਵੇਗੀ।' ਮਨਦੀਪ ਆਪਣੇ ਬੇਟੇ ਦੀਆਂ ਭੋਲੀਆਂ-ਭਾਲੀਆਂ ਗੱਲਾਂ ਸੁਣ ਕੇ ਬੜਾ ਭਾਵੁਕ ਹੋ ਗਿਆ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਉਸ ਨੇ ਆਪਣੇ ਬੇਟੇ ਨੂੰ ਗਲੇ ਲਗਾ ਲਿਆ।
-2XXV ੨੬੧/੨ ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲਧਿਆਣਾ-141008.
ਮੋਬਾਈਲ : 62834-75643