ਸੱਜਣੋ! ਉੱਠੀਏ ਹੱਥ ਚਲਾਈਏ ਫੋਨਾਂ 'ਤੇ
ਸਾਰੇ ਆਪਣੇ ਸ਼ੌਕ ਪੁਗਾਈਏ ਫੋਨਾਂ 'ਤੇ
ਸੁੱਤੇ ਉਠਦੇ ਅੱਖਾਂ ਮਲਦੇ ਪੰਜ ਵਜੇ
ਵਟਸਐਪ ਉਤੇ ਨਜ਼ਰ ਘੁਮਾਈਏ ਫੋਨਾਂ 'ਤੇ
ਸੈਰ ਬਥੇਰੀ ਕਰ ਲਈ ਛੋਟੇ ਹੁੰਦਿਆਂ ਈ,
ਅੱਜ ਦਾ ਸਾਰਾ ਵਕਤ ਟਪਾਈਏ ਫੋਨਾਂ 'ਤੇ
ਸੋਹਣੇ ਸੋਹਣੇ ਚੁਣ ਕੇ ਅਕਲਾਂ ਵਾਲੇ ਜੋ
ਮੈਸੇਜ ਅੱਗਿਓਂ ਅੱਗੇ ਪਾਈਏ, ਫੋਨਾਂ 'ਤੇ
ਚਾਹ ਨੂੰ ਘੁੱਟ-ਘੁੱਟ ਪੀ ਕੇ, ਨੱਕ ਬੁੱਲ੍ਹ ਵੱਟ-ਵੱਟ ਕੇ
ਇੰਸਟਾ ਦੇ ਲਈ ਰੀਲ ਬਣਾਈਏ ਫੋਨਾਂ 'ਤੇ,
ਦੋ ਜੀ.ਬੀ. ਦਾ ਨੈੱਟ ਵੀ ਥੋੜ੍ਹਾ ਲਗਦਾ ਹੁਣ,
ਤੀਹ ਦਾ ਵੱਖਰਾ ਪੈਕ ਪਵਾਈਏ ਫੋਨਾਂ 'ਤੇ
ਛੱਡ ਦਿਹਾੜੀ ਲਾ ਕੇ ਵੀ ਦੱਸ ਕਰਨਾ ਕੀ,
ਦੇਸ਼ ਤਰੱਕੀ ਵੱਲ ਲਿਜਾਈਏ ਫੋਨਾਂ 'ਤੇ
ਹਰ ਜਾਈਏ ਤਾਂ ਭੰਨੀਏ ਆਪਣੇ ਫੋਨਾਂ ਨੂੰ
ਪਬਜੀ ਲੁੱਡੋ ਜਿੱਤਦੇ ਜਾਈਏ, ਫੋਨਾਂ 'ਤੇ
ਕਿਸ ਸਿੰਗਰ ਦਾ ਗੀਤ ਨਵਾਂ ਹੈ ਚੱਲ ਰਿਹਾ,
ਉਸ ਨੂੰ ਯਾਰਾਂ ਤੱਕ ਪਹੁੰਚਾਈਏ ਫੋਨਾਂ 'ਤੇ
ਆਈ.ਪੀ.ਐਲ. ਚੱਲ ਰਿਹਾ ਹੈ ਜ਼ੋਰਾਂ ਨਾਲ,
ਚਰਚਾ ਕਰਕੇ ਵਕਤ ਲੰਘਾਈਏ, ਫੋਨਾਂ 'ਤੇ
ਤਰਸ ਰਤਾ ਨਾ ਖਾਈਏ ਉੱਜੜੇ-ਪੁੱਜੜੇ ਦਾ,
ਮਿੱਤਵਾ ਖੂਬ ਮਖੌਲ ਉਡਾਈਏ, ਫੋਨਾਂ 'ਤੇ।
-ਮੋਬਾਈਲ : 98764-98603