ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਏਸ਼ੀਆ ਕੱਪ 2025 ਫਾਈਨਲ ਲਈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 28 ਸਤੰਬਰ ਨੂੰ ਦੁਬਈ 'ਚ ਇਕ ਦੂਜੇ ਨਾਲ ਭਿੜਨਗੀਆਂ | ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਟੀਮਾਂ ਏਸ਼ੀਆ ਕੱਪ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ | ਏਸ਼ੀਆ ਕੱਪ ਪਹਿਲੀ ਵਾਰ ਸਾਲ 1984 'ਚ ਖੇਡਿਆ ਗਿਆ ਸੀ | ਇਨ੍ਹਾਂ 41 ਸਾਲਾਂ 'ਚ ਏਸ਼ੀਆ ਕੱਪ ਦੇ 17 ਸੀਜ਼ਨ ਹੋਏ ਹਨ | ਹਾਲਾਂਕਿ, ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ 'ਚ ਇਕ ਦੂਜੇ ਦਾ ਸਾਹਮਣਾ ਕਰਨਗੇ | ਦੱਸਣਯੋਗ ਹੈ ਕਿ ਪਾਕਿ ਨੇ 25 ਸਤੰਬਰ ਨੂੰ ਸੁਪਰ 4 ਮੈਚ 'ਚ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਵਿਰੁੱਧ ਫਾਈਨਲ 'ਚ ਜਗ੍ਹਾ ਪੱਕੀ ਕੀਤੀ | ਹਾਲਾਂਕਿ, ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਫਾਈਨਲ ਦੋਵਾਂ ਦੇਸ਼ਾਂ ਵਿਚਕਾਰ ਹੋਵੇਗਾ | ਦੂਜੇ ਪਾਸੇ, ਭਾਰਤ ਨੇ ਇਸ ਟੂਰਨਾਮੈਂਟ ਦਾ ਫਾਈਨਲ 8 ਵਾਰ ਜਿੱਤਿਆ ਹੈ, ਜਿਸ 'ਚ 1984, 1988, 1990-91, 1995, 2010, 2016, 2018 ਅਤੇ 2023 ਸ਼ਾਮਿਲ ਹਨ | ਭਾਰਤੀ ਟੀਮ ਏਸ਼ੀਆ ਕੱਪ ਜਿੱਤਣ ਦੇ ਮਾਮਲੇ 'ਚ ਤਿੰਨ ਵਾਰ ਦੂਜੇ ਸਥਾਨ 'ਤੇ ਵੀ ਰਹੀ ਹੈ | ਭਾਰਤੀ ਟੀਮ 1997, 2004 ਅਤੇ 2008 'ਚ ਫਾਈਨਲ ਵਿਚ ਹਾਰ ਗਈ ਸੀ | ਜਦਕਿ ਪਾਕਿ ਨੇ ਏਸ਼ੀਆ ਕੱਪ ਸਿਰਫ਼ ਦੋ ਵਾਰ ਜਿੱਤਿਆ ਹੈ | ਇੱਥੇ ਸਭ ਤੋਂ ਵੱਡਾ ਮੋੜ ਇਹ ਹੈ ਕਿ ਦੋਵੇਂ ਦੇਸ਼ਾਂ ਨੇ ਕਦੇ ਵੀ ਫਾਈਨਲ 'ਚ ਇਕ ਦੂਜੇ ਦਾ ਸਾਹਮਣਾ ਨਹੀਂ ਕੀਤਾ | ਜ਼ਿਕਰਯੋਗ ਹੈ ਕਿ ਟੀਮ ਇੰਡੀਆ 1986 ਦੇ ਏਸ਼ੀਆ ਕੱਪ 'ਚ ਨਹੀਂ ਖੇਡੀ ਸੀ ਕਿਉਂਕਿ ਉਸ ਸਮੇਂ ਸ੍ਰੀਲੰਕਾ ਨਾਲ ਕਿ੍ਕਟ ਸੰਬੰਧ ਚੰਗੇ ਨਹੀਂ ਸਨ | ਪਾਕਿ ਨੇ ਭਾਰਤ ਨਾਲ ਤਣਾਅਪੂਰਨ ਰਾਜਨੀਤਿਕ ਸੰਬੰਧਾਂ ਕਾਰਨ 1990-91 ਦੇ ਟੂਰਨਾਮੈਂਟ ਦਾ ਬਾਈਕਾਟ ਕੀਤਾ ਸੀ |