ਕੈਨਬਰਾ, 26 ਸਤੰਬਰ (ਪੀ.ਟੀ.ਆਈ.)-ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਇੱਥੇ ਨੈਸ਼ਨਲ ਹਾਕੀ ਸੈਂਟਰ 'ਚ ਆਸਟ੍ਰੇਲੀਆਈ ਅੰਡਰ-21 ਟੀਮ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਭਾਰਤ ਲਈ ਲਾਲਥੰਤੁਲੰਗੀ (47ਵੇਂ ਮਿੰਟ)ਤੇ ਸੋਨਮ (54ਵੇਂ ਮਿੰਟ) ਨੇ ਗੋਲ ਕੀਤੇ, ਜਦੋਂ ਕਿ ਆਸਟ੍ਰੇਲੀਆ ਲਈ ਬਿਆਨਕਾ ਜੂਰਰ (36ਵੇਂ ਮਿੰਟ), ਈਵੀ ਸਰਾਂਸੇਬੀ (45ਵੇਂ ਮਿੰਟ) ਅਤੇ ਸੈਮੀ ਲਵ (59ਵੇਂ ਮਿੰਟ) ਨੇ ਗੋਲ ਕੀਤੇ | ਮੈਚ ਦੇ ਪਹਿਲੇ ਅੱਧ 'ਚ ਦੋਵੇਂ ਟੀਮਾਂ ਗੋਲ ਕਰਨ 'ਚ ਅਸਫਲ ਰਹੀਆਂ | ਜੂਰਰ ਨੇ ਅੰਤਰਾਲ ਤੋਂ ਬਾਅਦ ਆਸਟ੍ਰੇਲੀਆ ਲਈ ਪੈਨਲਟੀ ਕਾਰਨਰ ਨੂੰ ਬਦਲ ਕੇ ਸਕੋਰਿੰਗ ਦੀ ਸ਼ੁਰੂਆਤ ਕੀਤੀ, ਜਦੋਂ ਕਿ 9 ਮਿੰਟ ਬਾਅਦ ਸਰਾਂਸੇਬੀ ਦੇ ਗੋਲ ਨੇ ਟੀਮ ਨੂੰ 2-0 ਦੀ ਲੀਡ ਦਿਵਾਈ | ਭਾਰਤੀ ਟੀਮ ਨੇ ਮੈਚ ਦੇ ਚੌਥੇ ਕੁਆਰਟਰ 'ਚ 2 ਗੋਲਾਂ ਨਾਲ ਜ਼ਬਰਦਸਤ ਵਾਪਸੀ ਕੀਤੀ | ਲਾਲਥੰਤੁਲੰਗੀ ਨੇ 47ਵੇਂ ਮਿੰਟ 'ਚ ਪੈਨਲਟੀ ਕਾਰਨਰ ਨੂੰ ਬਦਲ ਕੇ ਟੀਮ ਨੂੰ ਖੇਡ 'ਚ ਵਾਪਸ ਲਿਆਂਦਾ | ਫਿਰ ਸੋਨਮ ਨੇ 54ਵੇਂ ਮਿੰਟ 'ਚ ਫੀਲਡ ਗੋਲ ਨਾਲ ਬਰਾਬਰੀ ਕਰ ਲਈ | ਪਰ ਸੈਮੀ ਲਵ ਨੇ ਮੈਚ ਦੇ ਆਖਰੀ ਮਿੰਟ 'ਚ ਗੋਲ ਕਰਕੇ ਆਸਟ੍ਰੇਲੀਆ ਨੂੰ ਫਿਰ ਤੋਂ ਇਕ ਸ਼ਾਟ ਦੀ ਲੀਡ ਦਿਵਾਈ ਤੇ ਟੀਮ ਨੇ ਜਿੱਤ ਦਰਜ ਕੀਤੀ |