ਸਾਨ ਫਰਾਂਸਿਸਕੋ, 3 ਸਤੰਬਰ (ਐਸ ਅਸ਼ੋਕ ਭੌਰਾ)- ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵਲੋਂ ਲੇਖਕ- ਕਹਾਣੀਕਾਰ ਚਰਨਜੀਤ ਸਿੰਘ ਪੰਨੂ ਦੇ ਨੌਵੇਂ ਕਹਾਣੀ ਸੰਗ੍ਰਹਿ 'ਸਤਨਾਜਾ' 'ਤੇ ਵਿਚਾਰ-ਚਰਚਾ ਕਰਵਾਈ ਗਈ | ਇਸ ਮਿਲਣੀ ਦੇ ਸ਼ੁਰੂ ਵਿਚ ਪ੍ਰਧਾਨ ਕੁਲਵਿੰਦਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਮੰਚ ਦਾ ਕਾਜ-ਭਾਰ ਸੰਭਾਲਦੇ ਹੋਏ ਮਰਹੂਮ ਗ਼ਜ਼ਲਕਾਰ ਰਾਮ ਅਰਸ਼, ਪੰਜਾਬੀ ਫ਼ਿਲਮ ਜਗਤ ਦੀ ਅਹਿਮ ਸਖਸ਼ੀਅਤ ਜਸਵਿੰਦਰ ਭੱਲਾ, ਗੀਤਕਾਰ ਜੰਡੂ ਲਿੱਤਰਾਂ ਵਾਲਾ ਅਤੇ ਅੰਮਿ੍ਤਪਾਲ ਸਿੰਘ ਖਹਿਰਾ ਦੀਆਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਗਾਇਕ ਸੁਖਦੇਵ ਸਾਹਿਲ ਨੇ ਚਰਨਜੀਤ ਸਿੰਘ ਪੰਨੂ ਦੇ ਕਲਾਮ 'ਤੈਨੂੰ ਨਾ ਕੋਈ ਪਚਦੀ ਗੱਲ, ਮੈਨੂੰ ਨਾ ਇਹ ਜਚਦੀ ਗੱਲ' ਨਾਲ ਮਹਿਫ਼ਲ ਦਾ ਆਗ਼ਾਜ਼ ਕੀਤਾ | ਪ੍ਰਧਾਨਗੀ ਮੰਡਲ ਵਿਚ ਲੇਖਕ ਚਰਨਜੀਤ ਸਿੰਘ ਪੰਨੂ ਸਮੇਤ ਸੁਖਵਿੰਦਰ ਕੰਬੋਜ, ਸੁਰਜੀਤ ਸਖੀ, ਅਮਰਜੀਤ ਕੌਰ ਪੰਨੂੰ, ਬੀਬੀ ਸੁਰਜੀਤ ਕੌਰ ਅਤੇ ਜਗਤਾਰ ਗਿੱਲ ਸਸ਼ੋਵਿਤ ਹੋਏ | ਲੇਖਕ ਨੇ ਆਪਣੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿੱਸਾ ਕਾਵਿ ਹਾਸ਼ਮ ਦੀ ਸੱਸੀ, ਹੀਰ ਰਾਂਝਾ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਉਸ ਦੀ ਸਿਰਜਣ ਪ੍ਰਕਿਰਿਆ ਦੇ ਪ੍ਰੇਰਨਾ ਸਰੋਤ ਬਣੇ | 'ਸਤਨਾਜਾ' ਕਿਤਾਬ ਦੀਆਂ ਕਹਾਣੀਆਂ ਉਸ ਦੇ ਅਨੁਭਵ ਵਿਚੋਂ ਨਿਕਲੀਆਂ ਹਨ | ਉਪਰੰਤ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਪੰਨੂ ਦੀ 'ਸਤਨਾਜਾ' ਪੁਸਤਕ 'ਤੇ ਆਪਣੇ ਵਿਚਾਰਾਂ ਵਿਚ ਕਿਹਾ ਕਿ 'ਸਮਾਜਿਕ ਯਥਾਰਥ ਤੇ ਵਿਗਠਤਭਾਵਾਂ' ਦੀ ਪੇਸ਼ਕਾਰੀ ਦਾ ਸੁਮੇਲ ਹੈ 'ਸਤਨਾਜਾ' | ਡਾ. ਬਲਬੀਰ ਕੌਰ ਰੀਹਲ ਦਾ ਪਰਚਾ ਸੁਰਜੀਤ ਸਖੀ ਵੱਲੋਂ ਪੇਸ਼ ਕੀਤਾ ਗਿਆ | ਡਾ. ਸੁਖਵਿੰਦਰ ਕੰਬੋਜ ਨੇ ਪੰਨੂ ਦੀ ਕਹਾਣੀ ਦੇ ਮਹੱਤਵ ਬਾਰੇ ਉਸਾਰੂ ਨੁਕਤੇ ਪੇਸ਼ ਕੀਤੇ | ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਚਰਨਜੀਤ ਸਿੰਘ ਪੰਨੰੂ ਇਕ ਪ੍ਰੋੜ੍ਹ ਗਲਪਕਾਰ ਹੈ | ਲਾਜ ਨੀਲਮ ਸੈਣੀ ਨੇ ਕਿਹਾ ਕਿ ਪੰਨੂ ਨੇ ਸੱਤ ਵਿਸ਼ਿਆਂ ਦਾ ਸਾਹਿਤਕ 'ਸਤਨਾਜਾ' ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਹੈ | ਅਮਰਜੀਤ ਪੰਨੂੰ , ਦਲਵੀਰ ਦਿਲ ਨਿੱਜਰ, ਸੁਰਜੀਤ ਕੌਰ, ਜਗਤਾਰ ਗਿੱਲ, ਕੁਲਵਿੰਦਰ ਨੇ ਵੀ 'ਸਤਨਾਜਾ' 'ਤੇ ਵਿਚਾਰ ਸਾਂਝੇ ਕੀਤੇ | ਸਮਾਗਮ ਦੇ ਅੰਤ ਵਿਚ ਹਾਜ਼ਰ ਕਵੀਆਂ ਵਲੋਂ ਭਾਵਪੂਰਤ ਕਵਿਤਾ ਪਾਠ ਕੀਤਾ ਗਿਆ ਤੇ 'ਵਿਪਸਾਅ' ਵਲੋਂ ਚਰਨਜੀਤ ਸਿੰਘ ਪੰਨੰੂ ਨੂੰ ਮਾਣ ਹਿੱਤ ਦੋਸ਼ਾਲਾ ਭੇਟ ਕੀਤਾ ਗਿਆ |