ਸਾਨ ਫਰਾਂਸਿਸਕੋ, 3 ਸਤੰਬਰ (ਐਸ ਅਸ਼ੋਕ ਭੌਰਾ)- ਬੇਕਰਸਫੀਲਡ ਵਿਚ ਜਤਿੰਦਰ ਤੂਰ ਅਤੇ ਸਾਥੀਆਂ ਵੱਲੋਂ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਨਾਲ ਅਯੋਜਿਤ ਇੱਕ ਸ਼ਾਮ ਇਥੋਂ ਦੇ ਨਾਮੀ ਮਸ਼ਹੂਰ ਰੈਸਟੋਰੈਂਟ ਵਾਈਸਰਾਏ ਇੰਡੀਆ ਕੁਜੀਨ ਵਿਖੇ ਯਾਦਗਾਰੀ ਹੋ ਨਿੱਬੜੀ, ਜਦੋਂ ਮੰਗਲ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਖੂਬਸੂਰਤ ਆਵਾਜ਼ ਵਿਚ ਪੇਸ਼ਕਾਰੀ ਕਰਕੇ ਪੰਜਾਬ ਦੀ ਅਮੀਰ ਗਾਇਕੀ ਦਾ ਨਿਵੇਕਲਾ ਰੰਗ ਪੇਸ਼ ਕੀਤਾ | ਦੇਰ ਰਾਤ ਤੱਕ ਚੱਲੀ ਸ਼ਾਇਰੋ-ਸ਼ਾਇਰੀ ਦੀ ਮਹਿਫ਼ਲ ਵਿਚ ਮੰਗਲ ਨੇ ਆਪਣੀ ਕਲਾਤਮਿਕ ਸਿਰਜਣਾ ਦੀਆਂ ਭਾਵਪੂਰਤ ਗੱਲਾਂ ਤੇ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ | ਇਸ ਮੌਕੇ ਉਸ ਦੀ 17ਵੀਂ ਪੁਸਤਕ ਨਾਵਲ ਦੇ ਰੂਪ ਵਿਚ 'ਅਗਲਾ ਜਨਮ' ਵੀ ਸਰੋਤਿਆਂ ਦੇ ਰੂਬਰੂ ਕੀਤੀ ਗਈ | ਮਹਿਫਲ਼ ਦੇ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਤੂਰ ਨੇ ਦੱਸਿਆ ਕਿ ਮੰਗਲ ਹਠੂਰ ਨਾਲ ਸਾਡੀ ਦੋਸਤੀ ਤੇ ਸਾਂਝ ਯੁੱਗ-ਭਰਾਵਾਂ ਵਰਗੀ ਹੈ | ਮਹਿਫਲ 'ਚ ਬਲਬੀਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਗੋਪੀ ਤੂਰ, ਅਜੀਤ ਰਾਏ, ਗੁਰਤੇਜ ਸਿੰਘ ਖੋਸਾ, ਜਗਦੀਪ ਸਿੰਘ ਖਰੌੜ,ਗੀਤਕਾਰ ਤਰਸੇਮ ਹੁੰਦਲ, ਸੁਖਦੇਵ ਸਿੰਘ ਗਰੇਵਾਲ ਅਤੇ ਸ਼ਹਿਰ ਦੇ ਬਾਕੀ ਪਤਵੰਤੇ ਸੱਜਣ ਹਾਜ਼ਰ ਸਨ | ਅਖੀਰ ਵਿਚ ਮੰਗਲ ਹਠੂਰ ਵੱਲੋਂ ਇਸ ਮਾਣ-ਸਤਿਕਾਰ ਲਈ ਸਾਰਿਆਂ ਸੱਜਣਾਂ ਦਾ ਧੰਨਵਾਦ ਕੀਤਾ ਗਿਆ |