ਭੁਲੱਥ, 3 ਨਵੰਬਰ (ਮਨਜੀਤ ਸਿੰਘ ਰਤਨ)-ਭੁਲੱਥ ਸ਼ਹਿਰ ਦੇ ਦੌੜਾਕ ਸੁਨੀਲ ਸ਼ਰਮਾ ਨੇ ਨਿਊਯਾਰਕ ਵਿਚ ਦੁਨੀਆਂ ਦੀ 7ਵੀਂ ਵੱਡੀ ਵਰਲਡ ਮੇਜਰ ਮੈਰਾਥਨ ਸਫਲਤਾਪੂਰਵਕ ਪੂਰੀ ਕੀਤੀ | ਇਹ ਮੈਰਾਥਨ ਦੌੜ 26.1 ਮੀਲ ਭਾਵ 42.2 ਕਿੱਲੋਮੀਟਰ ਲੰਮੀ ਸੀ | ਇਸ ਮੈਰਾਥਨ ਦੌੜ ਦੇ ਨਾਲ ਸੁਨੀਲ ਸ਼ਰਮਾ ਪਹਿਲੇ ਪੰਜਾਬੀ ਦੌੜਾਕ ਬਣ ਗਏ ਹਨ ਜਿਨ੍ਹਾਂ ਨੇ ਦੁਨੀਆਂ ਦੀਆਂ 7 ਮੈਰਾਥਨਾਂ ਪੂਰੀਆਂ ਕਰ ਲਈਆਂ ਹਨ | ਜੋ ਭੁਲੱਥ, ਪੰਜਾਬ ਅਤੇ ਪੂਰੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਨਿਊਯਾਰਕ ਵਿਚ 7ਵੀਂ ਵੱਡੀ ਵਰਲਡ ਮੇਜਰ ਮੈਰਾਥਨ ਪੂਰੀ ਕਰਨ ਤੋਂ ਬਾਅਦ ਸੁਨੀਲ ਸ਼ਰਮਾ ਦਾ 'ਸਿਕਸ ਸਟਾਰ ਮੈਡਲ' ਅਤੇ ਨਿਊਯਾਰਕ ਦੀ ਵਰਲਡ ਮੇਜਰ ਮੈਰਾਥਨ ਦੇ ਐਵਾਰਡ ਨਾਲ ਸਨਮਾਨ ਕੀਤਾ | ਸਾਡੇ ਪੂਰੇ ਦੇਸ਼ ਵਿਚ ਇਹ ਤਗਮਾ 100 ਕੁ ਦੌੜਾਕਾਂ ਕੋਲ ਹੀ ਹੈ, ਜੋ ਹੁਣ ਸੁਨੀਲ ਸ਼ਰਮਾ ਨੇ ਵੀ ਹਾਸਿਲ ਕਰ ਲਿਆ ਹੈ | ਇਸ ਤੋਂ ਪਹਿਲਾਂ ਸੁਨੀਲ ਸ਼ਰਮਾ ਨੇ ਸ਼ਿਕਾਗੋ, ਜਰਮਨ, ਲੰਡਨ, ਸਿਡਨੀ, ਬੋਸਟਨ, ਜਾਪਾਨ ਵਿਚ ਆਪਣੀਆਂ 6 ਮੈਰਾਥਨ ਦੌੜ ਪੂਰੀਆਂ ਕੀਤੀਆਂ ਹਨ ਤੇ ਅੱਜ 7ਵੀਂ ਨਿਊਯਾਰਕ ਦੀ ਮੈਰਾਥਨ ਪੂਰੀ ਕੀਤੀ ਹਨ |