ਪਣਜੀ : ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ '12ਵੀਂ ਫੇਲ੍ਹ' ਨੂੰ ਇਕ ਵੱਡੇ ਓ.ਟੀ.ਟੀ. ਪਲੇਟਫਾਰਮ ਨੇ ਫ਼ਿਲਮ ਵੇਖਣ ਤੋਂ ਬਾਅਦ ਡਿਸਟ੍ਰੀਬਿਊਸ਼ਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਸ ਫ਼ਿਲਮ ਨੂੰ ਕੌਣ ਪਸੰਦ ਕਰੇਗਾ। ਚੋਪੜਾ ਨੇ ਉਕਤ ਖੁਲਾਸਾ ਫ਼ਿਲਮ ਫੈਸਟੀਵਲ 'ਚ ਇਕ ਮਾਸਟਰ ਕਲਾਸ 'ਚ ਕੀਤਾ।
ਵੱਖ-ਵੱਖ ਉਮਰ ਦੇ ਪੜਾਅ ਦੀ ਝਲਕ ਹੈ ਫ਼ਿਲਮਾਂ 'ਚ : ਵਿਧੂ ਵਿਨੋਦ ਚੋਪੜਾ ਨੇ ਆਪਣੇ ਕੈਰੀਅਰ ਦੀ 3 ਅਹਿਮ ਫ਼ਿਲਮਾਂ, ਪਰਿੰਦਾ, 1942-ਏ ਲਵ ਸਟੋਰੀ ਅਤੇ 12ਵੀਂ ਫੇਲ੍ਹ ਬਾਰੇ ਤਵਸੀਲੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਫ਼ਿਲਮਾਂ ਉਨ੍ਹਾਂ ਦੀ ਉਸ ਦੌਰ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਦੀਆਂ ਹਨ।
ਪੰਜਾਬੀ ਡਿਸਟ੍ਰੀਬਿਊਟਰ ਦਾ ਕੀਤਾ ਉਚੇਚਾ ਜ਼ਿਕਰ : ਵਿਧੂ ਵਿਨੋਦ ਚੋਪੜਾ ਨੇ 'ਪਰਿੰਦਾ' ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਡਿਸਟ੍ਰੀਬਿਊਟਰਾਂ ਨੇ ਉਨ੍ਹਾਂ ਨੂੰ ਫ਼ਿਲਮ ਦਾ ਅੰਤ ਬਦਲਣ ਲਈ ਕਿਹਾ ਅਤੇ ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਨੂੰ ਜ਼ਿੰਦਾ ਰੱਖਣ ਲਈ 11 ਲੱਖ ਨਗਦ ਦੇਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਨ੍ਹਾਂ ਦਾ ਫ਼ਿਲਮ ਰਾਹੀਂ ਇਹੀ ਸੰਦੇਸ਼ ਦੇਣਾ ਸੀ ਕਿ ਹਿੰਸਾ ਹੀ ਹਿੰਸਾ ਨੂੰ ਜਨਮ ਦਿੰਦੀ ਹੈ। ਚੋਪੜਾ ਨੇ ਇਸੇ ਕਵਾਇਦ 'ਚ ਇਕ ਪੰਜਾਬੀ ਡਿਸਟ੍ਰੀਬਿਊਟਰ ਦਾ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਇਕ ਡਿਸਟ੍ਰੀਬਿਊਟਰ ਦਾ ਉਨ੍ਹਾਂ ਨੂੰ ਤਕਰੀਬਨ ਇੰਟਰਵਲ ਵੇਲੇ ਫੋਨ ਆਇਆ ਜੋ ਕਿ ਰੋਣਹਾਕਾ ਹੋ ਰਿਹਾ ਸੀ। ਉਨ੍ਹਾਂ ਪੁੱਛਿਆ ਕਿ ਹਾਲੇ ਤਾਂ ਫ਼ਿਲਮ ਅੱਧੀ ਹੀ ਹੋਈ ਹੈ ਤਾਂ ਅੱਗੇ ਉਸ ਡਿਸਟ੍ਰੀਬਿਊਟਰ ਨੇ ਕਿਹਾ ਕਿ ਕੁੱਟ ਤਾਂ ਲਗਾਤਾਰ ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਨੂੰ ਪਾਈ ਜਾ ਰਹੀ ਹੈ ਨਾ।
ਆਪਣੇ ਨਾਲ ਇਮਾਨਦਾਰ ਰਹਿ ਕੇ ਦਿਲ ਨਾਲ ਬਣਾਉਂਦਾ ਹਾਂ ਫ਼ਿਲਮਾਂ : ਵਿਧੂ ਵਿਨੋਦ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੀ ਰਚਨਾਤਮਿਕ ਪਸੰਦ ਉਸ ਦੁਨੀਆ ਨਾਲ ਵਿਕਸਿਤ ਹੁੰਦੀ ਹੈ, ਜਿਸ 'ਚ ਉਹ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਕ ਕਲਾਕਾਰ ਆਪਣੇ ਸਮੇਂ ਤੋਂ ਸੁਤੰਤਰ ਨਹੀਂ ਹੁੰਦਾ। ਉਨ੍ਹਾਂ ਦਾ ਸਮਾਂ ਉਹ ਹੀ ਦਿਖਾਉਂਦਾ ਹੈ ਜੋ ਉਹ ਦੇਖਦੇ ਹਨ। ਉਨ੍ਹਾਂ ਨੌਜਵਾਨ ਫ਼ਿਲਮ ਨਿਰਮਾਤਾਵਾਂ ਨੂੰ ਵੀ ਸਲਾਹ ਦਿੰਦਿਆਂ ਕਿਹਾ ਕਿ ਆਪਣੇ ਨਾਲ ਇਮਾਨਦਾਰ ਰਹਿ ਕੇ ਫ਼ਿਲਮਾਂ ਬਣਾਓ।
ਪਹਿਲੇ ਰਾਸ਼ਟਰੀ ਐਵਾਰਡ 'ਚ ਨਗਦ ਪੈਸੇ ਲਈ ਅਡਵਾਨੀ ਨਾਲ ਉਲਝ ਗਏ ਸਨ ਚੋਪੜਾ : ਵਿਧੂ ਵਿਨੋਦ ਚੋਪੜਾ ਨੇ ਆਪਣੇ ਪਹਿਲੇ ਰਾਸ਼ਟਰੀ ਐਵਾਰਡ ਮਿਲਣ ਦਾ ਕਿੱਸਾ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਚਾਰ ਹਜ਼ਾਰ ਰੁਪਏ ਨਗਦ ਮਿਲਣਗੇ ਪਰ ਜਦੋਂ ਉਹ ਸਟੇਜ 'ਤੇ ਉਨ੍ਹਾਂ ਨੂੰ ਸ਼ਾਲ ਅਤੇ ਐਵਾਰਡ ਨਾਲ ਲਿਫਾਫਾ ਫੜਾਇਆ ਗਿਆ ਤਾਂ ਉਨ੍ਹਾਂ ਲਿਫਾਫੇ ਨੂੰ ਹੱਥ ਨਾਲ ਪਹਿਲਾਂ ਦੇਖਿਆ। ਫਿਰ ਲਿਫਾਫਾ 'ਪਤਲਾ' ਹੋਣ ਦੇ ਖਦਸ਼ੇ ਨੂੰ ਖ਼ਤਮ ਕਰਨ ਲਈ ਸਟੇਜ 'ਤੇ ਹੀ ਲਿਫਾਫਾ ਖੋਲ੍ਹਿਆ ਤਾਂ ਉਸ 'ਚ ਪੋਸਟਲ ਬਾਂਡ ਸੀ ਜੋ ਕਿ 7 ਸਾਲ ਬਾਅਦ ਮਿਲਣਾ ਸੀ। ਚੋਪੜਾ ਨੇ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਜੋ ਉਸ ਵੇਲੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸਨ, ਨੇ ਉਨ੍ਹਾਂ ਨੂੰ ਦਿਲਾਸਾ ਦਿੰਦਿਆਂ ਸਟੇਜ ਤੋਂ ਉਤਰਨ ਨੂੰ ਕਿਹਾ ਪਰ ਉਹ ਇਨਰਾਰੀ ਹੋ ਗਏ, ਜਿਸ 'ਤੇ ਰਾਸ਼ਟਰਪਤੀ ਨੇ ਦਖਲ-ਅੰਦਾਜ਼ੀ ਕਰਦਿਆਂ ਉਨ੍ਹਾਂ ਨੂੰ ਅਗਲੇ ਦਿਨ ਸ਼ਾਸਤਰੀ ਭਵਨ ਆ ਕੇ ਪੈਸੇ ਲੈਣ ਨੂੰ ਕਿਹਾ।
ਜਦੋਂ ਫ਼ਿਲਮ '12ਵੀਂ ਫੇਲ੍ਹ' ਨੂੰ ਇਕ ਵੱਡੇ ਓ.ਟੀ.ਟੀ. ਪਲੇਟਫਾਰਮ ਨੇ ਕੀਤਾ ਇਨਕਾਰ-ਵਿਧੂ ਵਿਨੋਦ ਚੋਪੜਾ <br/>
ਅਜੀਤ ਡੈਸਕ
23-11-2025