ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)-ਯੂ.ਐਸ. ਸਿਟੀਜ਼ਨਸ਼ਿੱਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਦੁਆਰਾ ਰੁਜ਼ਗਾਰ ਅਧਿਕਾਰਤ ਦਸਤਾਵੇਜ਼ਾਂ ਦੀ ਸਮਾਂ ਸੀਮਾ ਘਟਾਉਣ ਦੇ ਐਲਾਨ ਨਾਲ ਹਜਾਰਾਂ ਭਾਰਤੀ ਪੇਸ਼ਾਵਾਰ ਕਾਮੇ ਤੇ ਉਨਾਂ ਦੇ ਪਰਿਵਾਰ ਪ੍ਰਭਾਵਿਤ ਹੋਣਗੇ | ਏਜੰਸੀ ਨੇ ਕਿਹਾ ਹੈ ਕਿ ਵਰਕ ਪਰਮਿਟ ਦੀ ਸਮਾਂ ਸੀਮਾ ਘਟਾਉਣ ਵਾਲਾ ਇਹ ਕਦਮ ਅਮਰੀਕਾ ਵਿਚ ਕੰਮ ਕਰਦੇ ਪ੍ਰਵਾਸੀਆਂ ਦਾ ਨਿਰੀਖਣ ਕਰਨ ਦੇ ਮਕਸਦ ਨਾਲ ਚੁੱਕਿਆ ਗਿਆ ਹੈ ਤਾਂ ਜੋ ਗਲਤ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ | ਅਮਰੀਕਾ ਨੇ ਇਹ ਕਦਮ ਅਫਗਾਨਿਸਤਾਨੀ ਮੂਲ ਦੇ ਇਕ ਨਾਗਰਿਕ ਵਲੋਂ ਵਾਇਟ ਹਾਊਸ ਵਿਖੇ ਤਾਇਨਾਤ ਨੈਸ਼ਨਲ ਗਾਰਡਾਂ ਉਪਰ ਗੋਲੀਆਂ ਚਲਾ ਦੇਣ ਦੀ ਘਟਨਾ ਦੇ ਮੱਦੇਨਜਰ ਚੁੱਕਿਆ ਹੈ | ਇਸ ਘਟਨਾ ਵਿਚ ਇਕ ਗਾਰਡ ਦੀ ਮੌਤ ਹੋ ਗਈ ਸੀ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਸੀ | ਹੁਣ ਜੋ ਵੀ ਕੋਈ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਮੰਗੇਗਾ ਯੂ.ਐਸ. ਸਿਟੀਜ਼ਨਸ਼ਿੱਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਉਸ ਦੀ ਵਾਰ-ਵਾਰ ਜਾਂਚ ਪੜਤਾਲ ਜਾਂ ਨਿਰੀਖਣ ਕਰ ਸਕੇਗਾ ਤੇ ਮਾੜੀ ਮੋਟੀ ਵੀ ਖਾਮੀ ਪਾਏ ਜਾਣ 'ਤੇ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ | ਏਜੰਸੀ ਦੇ ਡਾਇਰੈਕਟਰ ਜੋਸਫ ਐਡਲੋਅ ਦਾ ਕਹਿਣਾ ਹੈ ਕਿ ਇਹ ਨਿਰਣਾ ਜਨਤਿਕ ਸੁਰੱਖਿਆ ਨੂੰ ਮੁੱਖ ਰਖ ਕੇ ਚੁੱਕਿਆ ਗਿਆ ਹੈ |