ਐਬਟਸਫੋਰਡ, 21 ਦਸੰਬਰ (ਗਰੇਵਾਲ)-ਕੈਨੇਡਾ ਦੀ ਆਬਾਦੀ ਜੁਲਾਈ ਤੋਂ ਅਕਤੂਬਰ ਦਰਮਿਆਨ 76,068 ਘਟ ਗਈ ਹੈ, ਜੋ ਕਿ ਮੁੱਖ ਤੌਰ 'ਤੇ ਇਮੀਗ੍ਰੇਸ਼ਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੋਇਆ ਹੈ। ਫੈਡਰਲ ਅੰਕੜਾ ਏਜੰਸੀ ਅਨੁਸਾਰ ਇਹ ਘਟਾਅ ਜ਼ਿਆਦਾਤਰ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਘਟਣ ਕਾਰਨ ਹੋਇਆ ਹੈ। ਇਹ ਉਸ ਤੋਂ ਬਾਅਦ ਆਇਆ ਹੈ ਜਦੋਂ ਓਟਾਵਾ ਨੇ 2027 ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ 41.6 ਮਿਲੀਅਨ ਦੀ ਕੁੱਲ ਆਬਾਦੀ ਦੇ 5 ਫੀਸਦੀ ਤੱਕ ਸੀਮਤ ਕਰਨ ਦਾ ਨਿਸ਼ਾਨਾ ਨਿਰਧਾਰਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਹੋਰ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ। ਹਾਲਾਂਕਿ, ਨਵੇਂ ਆਏ ਲੋਕਾਂ ਦੀ ਗਿਣਤੀ ਵਧਣ ਨੂੰ ਰਿਹਾਇਸ਼ ਦੀ ਲਾਗਤ 'ਤੇ ਦਬਾਅ, ਸਮਾਜਿਕ ਸੇਵਾਵਾਂ 'ਤੇ ਬੋਝ ਅਤੇ ਨੌਜਵਾਨਾਂ 'ਚ ਬੇਰੁਜ਼ਗਾਰੀ ਦੀ ਦਰ ਵਧਣ ਲਈ ਦੋਸ਼ੀ ਠਹਿਰਾਇਆ ਗਿਆ। ਪਿਛਲੇ ਸਾਲ ਟਰੂਡੋ ਨੇ ਆਬਾਦੀ ਵਾਧੇ ਨੂੰ ਅਸਥਾਈ ਤੌਰ 'ਤੇ ਰੋਕਣ ਲਈ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਵੱਡੀ ਕਟੌਤੀ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਇਸੇ ਰਾਹ 'ਤੇ ਅੱਗੇ ਵਧਦੇ ਹੋਏ, ਓਟਾਵਾ ਵਲੋਂ ਨਵੇਂ ਅਸਥਾਈ ਨਿਵਾਸੀਆਂ ਲਈ ਨਿਸ਼ਾਨੇ ਵਿਚ ਵੱਡੀ ਕਟੌਤੀ ਕਰਨ ਦੀ ਯੋਜਨਾ ਜਾਰੀ ਰੱਖੀ ਹੈ। ਸ਼ੁਰੂਆਤੀ ਅੰਕੜਿਆਂ ਅਨੁਸਾਰ 2025 ਦੀ ਤੀਜੀ ਤਿਮਾਹੀ 'ਚ ਦੇਸ਼ ਦੀ ਆਬਾਦੀ 0.2 ਫੀਸਦੀ ਘਟ ਗਈ। ਜੋ ਕਿ 2020 ਵਿਚ ਕੋਵਿਡ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਹੋਇਆ।
ਕੈਨੇਡਾ ਦੀ ਆਬਾਦੀ ਘਟੀ
ਅਜੀਤ ਡੈਸਕ
22-12-2025