ਅੰਮਿ੍ਤਸਰ, 28 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਅਤੇ ਹੋਰਨਾ ਅਧਿਕਾਰੀਆਂ ਦੀ ਆਲੋਚਨਾ ਕਰਨ ਵਾਲੇ ਮੇਜਰ (ਸੇਵਾ-ਮੁਕਤ) ਆਦਿਲ ਰਜ਼ਾ ਨੂੰ ਪਾਕਿ ਸਰਕਾਰ ਦੁਆਰਾ ਸ਼ਡਿਊਲ 4 ਅੱਤਵਾਦੀ ਨਾਮਜ਼ਦ ਕੀਤਾ ਗਿਆ ਹੈ | ਹਾਲਾਂਕਿ, ਰਜ਼ਾ ਨੇ ਇਸ ਸਭ ਨੂੰ ਉਸ ਦੇ ਵਿਰੁੱਧ ਕੌਮਾਂਤਰੀ ਦਮਨ ਦੱਸਦਿਆਂ ਕਿਹਾ ਕਿ ਉਹ ਪਾਕਿ ਸਰਕਾਰ ਦੇ ਇਸ ਐਲਾਨ ਨੂੰ ਇਕ ਸਨਮਾਨ ਵਜੋਂ ਵੇਖਦਾ ਹੈ | ਉਸ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਦਾ ਇਹ ਅੱਤਿਆਚਾਰ ਉਸ ਨੂੰ ਚੁੱਪ ਨਹੀਂ ਕਰਵਾ ਸਕਦਾ ਤੇ ਉਹ ਲੋਕਤੰਤਰ, ਪ੍ਰਗਟਾਵੇ ਦੀ ਆਜ਼ਾਦੀ ਅਤੇ ਆਮ ਲੋਕਾਂ ਦੀਆਂ ਆਵਾਜ਼ਾਂ ਦੀ ਜ਼ੋਰਦਾਰ ਵਕਾਲਤ ਕਰਦਾ ਰਹੇਗਾ | ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਲੰਡਨ ਦੇ ਘਰ 'ਚ ਹਾਲ ਹੀ ਵਿਚ ਅਣਪਛਾਤੇ ਵਿਅਕਤੀ ਵਲੋਂ ਭੰਨ-ਤੋੜ ਕੀਤੀ ਗਈ | ਹਾਲਾਂਕਿ, ਉਸ ਸਮੇਂ ਉਸ ਦਾ ਪਰਿਵਾਰ ਘਰ ਨਹੀਂ ਸੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਆਦਿਲ ਰਜ਼ਾ ਨੇ ਦੋਸ਼ ਲਗਾਇਆ ਕਿ ਪਾਕਿਸਤਾਨੀ ਸਰਕਾਰ ਉਸ ਦੀ ਯੂ. ਕੇ. ਤੋਂ ਹਵਾਲਗੀ 'ਚ ਅਸਫਲ ਰਹੀ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਬਾਅਦ 'ਚ ਇਕ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ |