ਯਮੁਨਾਨਗਰ, 22 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯੋਗਦਾਨ ਬਾਰੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਧੀਕ ਮੁੱਖ ਸਕੱਤਰ ਅਜਿੰਦਰਪਾਲ ਸਿੰਘ ਨੇ ਮੁੱਖ ਬੁਲਾਰੇ ਵਜੋਂ ਹਾਜ਼ਰੀ ਭਰਦਿਆਂ ਵਿਦਿਆਰਥੀਆਂ ਨੂੰ ਸਿੱਖਾਂ ਦੇ ਨੌਵੇਂ ਗੁਰੂ ਅਤੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਪ੍ਰਤੀਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸਰਵਉੱਚ ਬਲਿਦਾਨ ਤੋਂ ਜਾਣੂ ਕਰਵਾਇਆ | ਉਨ੍ਹਾਂ ਦੇ ਭਾਸ਼ਣ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ 'ਚ ਹਿੰਮਤ, ਦਇਆ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਕਾਲਜ ਦੇ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੇ ਸੰਬੋਧਨ 'ਚ ਅਜਿਹਾ ਅਰਥ-ਪੂਰਨ ਅਤੇ ਅਧਿਆਤਮਿਕਤਾ ਨਾਲ ਭਰਪੂਰ ਪ੍ਰੋਗਰਾਮ ਕਰਵਾਉਣ ਬਦਲੇ ਪੰਜਾਬੀ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰ ਕੋਆਰਡੀਨੇਟਰ ਡਾ. ਰਾਜਿੰਦਰ ਸਿੰਘ ਵੋਹਰਾ ਸਮੇਤ ਟੀਮ ਮੈਂਬਰਾਂ ਡਾ. ਤਿਲਕ ਰਾਜ, ਡਾ. ਅਮਰਜੀਤ ਸਿੰਘ ਤੇ ਪ੍ਰੋ. ਜਸਪ੍ਰੀਤ ਸਿੰਘ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ | ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰ ਡਾ. ਜਸਵਿੰਦਰ ਕੌਰ, ਡਾ. ਅਸ਼ੋਕ ਖੁਰਾਨਾ, ਡਾ. ਸਾਹਿਬ ਸਿੰਘ, ਡਾ. ਕੈਥਰੀਨ ਮਸੀਹ, ਡਾ. ਨੀਨਾ ਪੁਰੀ, ਪ੍ਰੋ. ਗੁਰਵਿੰਦਰ ਕੌਰ, ਡਾ. ਵਿਨੇ ਚੰਦੇਲਾ, ਡਾ. ਸੰਜੇ ਵਿਜ, ਡਾ. ਪਾਇਲ ਲਾਂਬਾ, ਪ੍ਰੋ. ਸਵਾਤੀ ਅਤੇ ਪਰਮੋਦ ਕੰਬੋਜ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀਆਂ ਹਾਜ਼ਰ ਸਨ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਅਜਿਹੇ ਮੁੱਲ-ਆਧਾਰਿਤ ਵਿੱਦਿਅਕ ਸਮਾਗਮਾਂ ਨੂੰ ਜਾਰੀ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਪ੍ਰੋਗਰਾਮ ਦੀ ਸਮਾਪਤੀ ਡਾ. ਤਿਲਕ ਰਾਜ ਦੇ ਧੰਨਵਾਦੀ ਮਤੇ ਨਾਲ ਹੋਈ | ਅੰਤ 'ਚ ਰਿਸੋਰਸਪਰਸਨ ਅਤੇ ਉਨ੍ਹਾਂ ਦੀ ਟੀਮ ਵਲੋਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ |