ਨਵੀਂ ਦਿੱਲੀ, 22 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਅਤੇ ਵਿੱਦਿਆ ਭਾਰਤੀ ਉੱਚ ਸਿੱਖਿਆ ਸੰਸਥਾਨ ਦੁਆਰਾ ਭਾਰਤੀ ਗਿਆਨ ਪ੍ਰਣਾਲੀ 'ਤੇ ਆਧਾਰਿਤ 'ਭਾਰਤ ਬੁੱਧੀ' ਪੁਸਤਕ ਲੜੀ ਨੂੰ ਦਿੱਲੀ ਯੂਨੀਵਰਸਿਟੀ ਦੇ ਵਾਈਸ ਰੀਗਲ ਲਾਜ ਵਿਖੇ ਜਾਰੀ ਕੀਤਾ ਗਿਆ | ਇਸ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਯੁਕਤ ਜਨਰਲ ਸਕੱਤਰ ਡਾ. ਕ੍ਰਿਸ਼ਨਾ ਗੋਪਾਲ ਮੁੱਖ ਮਹਿਮਾਨ ਸਨ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤੀ | ਇਸ ਸਮਾਗਮ ਵਿਚ ਭਾਰਤੀ ਗਿਆਨ ਪਰੰਪਰਾ 'ਤੇ ਆਧਾਰਿਤ 21 ਪੁਸਤਕਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਡਾ. ਕ੍ਰਿਸ਼ਨਾ ਗੋਪਾਲ ਨੇ ਕਿਹਾ ਕਿ ਦੁਨੀਆ ਨੂੰ ਪਹਿਲਾ ਗਣਰਾਜ ਦੇਣ ਵਾਲੇ ਅਸੀਂ ਸੀ | ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ 8 ਹਜ਼ਾਰ ਸਾਲ ਤੋਂ ਵੱਧ ਪੁਰਾਣੀ ਹੈ | ਸਾਰੇ ਯੂਰਪ ਨੂੰ ਸੱਭਿਅਤਾ ਯੂਨਾਨ ਤੋਂ ਮਿਲੀ ਅਤੇ ਯੂਨਾਨ ਨੂੰ ਇਹ ਭਾਰਤ ਤੋਂ ਮਿਲੀ | ਉਨ੍ਹਾਂ ਦਿੱਲੀ ਵਿਚ ਲੋਹੇ ਦੇ ਥੰਮ੍ਹ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਹਜ਼ਾਰਾਂ ਡਿਗਰੀ ਤਾਪਮਾਨ 'ਤੇ ਧਾਤੂ ਨੂੰ ਪਿਘਲਾ ਕੇ ਇਸ ਥੰਮ੍ਹ ਦਾ ਨਿਰਮਾਣ ਕੀਤਾ ਗਿਆ ਸੀ | ਯਾਨੀ ਉਸ ਸਮੇਂ ਵਿਚ ਕੋਈ ਤਾਂ ਇੰਨੀ ਵੱਡੀ ਭੱਠੀ ਭਾਰਤ ਵਿਚ ਰਹੀ ਹੋਵੇਗੀ | ਉਨ੍ਹਾਂ ਕਿਹਾ ਕਿ ਦੁਨੀਆ ਵਿਚ ਪਹਿਲੀ ਦੰਦਾਂ ਦੀ ਸਰਜਰੀ ਭਾਰਤ ਵਿਚ ਹੋਈ ਸੀ | ਡਾ. ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਵਿੱਦਿਆ ਭਾਰਤੀ ਵਰਤਮਾਨ ਵਿਚ 13 ਹਜ਼ਾਰ ਤੋਂ ਵੱਧ ਸਕੂਲ ਚਲਾ ਰਹੀ ਹੈ ਜਿਸ ਵਿਚ 34 ਲੱਖ ਬੱਚੇ ਪੜ੍ਹ ਰਹੇ ਹਨ | ਇਨ੍ਹਾਂ ਸਕੂਲਾਂ ਵਿਚੋਂ ਪੜ੍ਹ ਕੇ 40 ਲੱਖ ਬੱਚੇ ਸਮਾਜਿਕ ਜੀਵਨ ਵਿਚ ਆ ਗਏ ਹਨ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਭਾਰਤੀ ਸਿੱਖਿਆ ਨੀਤੀ ਕਹਿੰਦੀ ਹੈ ਕਿ ਅਸੀਂ ਸਿਰਫ ਵਿਸ਼ਵ ਵਿਆਪੀ ਗਿਆਨ ਦੇ ਖਪਤਕਾਰ ਨਾ ਬਣੇ ਰਹੀਏ ਬਲਕਿ ਉਤਪਾਦਕ ਬਣੀਏ | ਉਨ੍ਹਾਂ ਕਿਹਾ ਕਿ ਦੇਸ਼ ਦੇ ਇਕ ਕੋਨੇ ਵਿਚ ਡੀ.ਯੂ. ਵਿਚ ਬੈਠ ਕੇ ਜਿਸ ਤਰ੍ਹਾਂ ਇਥੋਂ ਦੇ ਅਧਿਆਪਕਾਂ ਨੇ ਭਾਰਤੀ ਗਿਆਨ ਪਰੰਪਰਾ 'ਤੇ ਇਹ ਪੁਸਤਕਾਂ ਲਿਖੀਆਂ ਹਨ ਉਸ ਦੇ ਲਈ ਡੀ.ਯੂ. ਪ੍ਰਸੰਸਾ ਦਾ ਹੱਕਦਾਰ ਹੈ | ਸਿੱਖਿਆ ਮੰਤਰੀ ਨੇ ਡੀ.ਯੂ. ਵਿਚ ਹੋ ਰਹੇ ਖੋਜ ਕਾਰਜ ਲਈ ਵੀ ਡੀ.ਯੂ. ਨੂੰ ਵਧਾਈ ਦਿੱਤੀ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਭਾਰਤ ਹਜ਼ਾਰਾਂ ਸਾਲਾਂ ਤੋਂ ਦੁਨੀਆ ਦੀ ਆਰਥਿਕ ਰਾਜਧਾਨੀ ਰਿਹਾ ਹੈ | ਇਸ ਨੂੰ ਸਮਝਣ ਲਈ ਭਾਰਤੀ ਗਿਆਨ ਪਰੰਪਰਾ 'ਤੇ ਆਧਾਰਿਤ ਅਜਿਹੀਆਂ ਪੁਸਤਕਾਂ ਨੂੰ ਪੜਿ੍ਹਆ ਜਾਣਾ ਜ਼ਰੂਰੀ ਹੈ | ਵਾਈਸ ਚਾਂਸਲਰ ਨੇ ਅੱਗੇ ਕਿਹਾ ਕਿ ਹਜ਼ਾਰਾਂ ਸਾਲ ਪੁਰਾਣੀ ਭਾਰਤੀ ਸੱਭਿਅਤਾ ਦਾ ਆਧਾਰ ਗਿਆਨ ਰਿਹਾ ਹੈ | ਐਨ.ਈ.ਪੀ. 2020 ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਭਾਰਤੀ ਗਿਆਨ ਪਰੰਪਰਾ ਦਾ ਸਿੱਖਿਆ ਵਿਚ ਏਕੀਕਰਨ ਹੋਵੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਪ੍ਰੋ. ਅਨਿਲ ਡੀ. ਸਹਸ੍ਰਬੁੱਧੇ (ਸਾਬਕਾ ਚੇਅਰਮੈਨ ਜੀ.ਬੀ.-ਆਈ.ਕੇ.ਐਸ.), ਵਿੱਦਿਆ ਭਾਰਤੀ ਉੱਚ ਸਿੱਖਿਆ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਪ੍ਰੋ. ਕੈਲਾਸ਼ ਚੰਦਰ ਸ਼ਰਮਾ, ਏ.ਯੂ.ਡੀ. ਦੇ ਵਾਈਸ ਚਾਂਸਲਰ ਪ੍ਰੋ. ਅਨੂ ਲਾਠਰ, ਪ੍ਰੋ. ਸ਼ਸ਼ੀ ਕਲਾ ਵੰਜਾਰੀ, ਰਜਿਸਟਰਾਰ ਡਾ. ਵਿਕਾਸ ਗੁਪਤਾ, ਪ੍ਰੋ. ਰਬੀ ਨਰਾਇਣ ਕਰ (ਚੇਅਰਮੈਨ, ਦਿੱਲੀ ਪ੍ਰਾਂਤ ਵਿੱਦਿਆ ਭਾਰਤੀ ਉੱਚ ਸਿੱਖਿਆ ਸੰਸਥਾਨ), ਪ੍ਰਸ਼ਾਂਤ ਜੈਨ, ਕਿਸ਼ੋਰ ਸ਼ਰਮਾ ਸਮੇਤ ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਪਿ੍ੰਸੀਪਲ ਅਤੇ ਕਈ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ |