ਨਵੀਂ ਦਿੱਲੀ, 24 ਦਸੰਬਰ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਵਿਚ ਪ੍ਰਸਿੱਧ ਨਾਵਲਕਾਰ, ਕਵੀ ਅਤੇ ਸਾਹਿਤ ਅਕਾਦਮੀ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ ਸ਼ੁਕਲਾ ਦੇ ਦਿਹਾਂਤ 'ਤੇ ਇਕ ਸ਼ੋਕ ਸਭਾ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ | ਸ਼ੋਕ ਸਭਾ ਵਿਚ ਸਾਹਿਤ ਅਕਾਦਮੀ ਦੀ ਸਕੱਤਰ ਪੱਲਵੀ ਪ੍ਰਸ਼ਾਂਤ ਹੋਲਕਰ ਅਤੇ ਕਈ ਅਹੁਦੇਦਾਰ ਸ਼ਾਮਿਲ ਹੋਏ | ਸਕੱਤਰ ਵਲੋਂ ਸ਼ੋਕ ਸੰਦੇਸ਼ ਪੜ੍ਹੇ ਜਾਣ ਤੋਂ ਬਾਅਦ ਸਾਹਿਤ ਅਕਾਦਮੀ ਦੇ ਦਿੱਲੀ ਦਫ਼ਤਰ ਸਮੇਤ ਸਾਰੇ ਖੇਤਰੀ ਦਫ਼ਤਰਾਂ ਵਿਚ ਉਨ੍ਹਾਂ ਦੇ ਸਨਮਾਨ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ | ਸਾਹਿਤ ਅਕਾਦਮੀ ਦੇ ਸੀਨੀਅਰ ਮੈਂਬਰ ਹਿੰਦੀ ਦੇ ਉੱਘੇ ਵਾਰਤਕ ਲੇਖਕ ਅਤੇ ਕਵੀ ਵਿਨੋਦ ਕੁਮਾਰ ਸ਼ੁਕਲਾ ਦਾ 23 ਦਸੰਬਰ 2025 ਨੂੰ ਦਿਹਾਂਤ ਹੋ ਗਿਆ, ਦੀ ਰਚਨਾਵਾਂ ਦੀ ਪਛਾਣ ਸਰਲ ਭਾਸ਼ਾ, ਡੂੰਘੀ ਸੰਵੇਦਨਸ਼ੀਲਤਾ ਅਤੇ ਯਥਾਰਥਵਾਦ ਰਹੀ ਹੈ | ਉਨ੍ਹਾਂ ਨੇ ਆਮ ਜੀਵਨ, ਇਕੱਲਤਾ, ਉਮੀਦ ਅਤੇ ਮਾਨਵੀ ਰਿਸ਼ਤਿਆਂ ਨੂੰ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਵਿਨੋਦ ਕੁਮਾਰ ਸ਼ੁਕਲਾ ਦੇ ਪ੍ਰਮੁੱਖ ਨਾਵਲਾਂ ਵਿਚ 'ਨੌਕਰ ਕੀ ਕਮੀਜ਼', 'ਦੀਵਾਰ ਮੇਂ ਏਕ ਖਿੜਕੀ ਰਹਿਤੀ ਥੀ', 'ਖਿਲੇਗਾ ਤੋਂ ਦੇਖੇਂਗੇ', 'ਹਰੀ ਘਾਸ ਕੀ ਛੱਪਰ ਵਾਲੀ ਝੋਪੜੀ', 'ਬੌਨਾ ਪਹਾੜ' ਅਤੇ 'ਇਕ ਚੁੱਪੀ ਜਗ੍ਹਾ' ਸ਼ਾਮਿਲ ਹਨ | ਉਨ੍ਹਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ- 'ਪੇੜ ਪਰ ਕਮਰਾ', 'ਮਹਾਵਿਦਿਆਲਿਆ', 'ਘੋੜਾ' ਅਤੇ ਹੋਰ ਕਹਾਣੀਆਂ ਆਦਿ | ਕਵਿਤਾ ਸੰਗ੍ਰਹਿਆਂ ਵਿਚ 'ਲਗਭਗ ਜੈ ਹਿੰਦ', 'ਵਹ ਆਦਮੀ ਨਯਾ ਗਰਮ ਕੋਟ ਪਹਿਨ ਕਰ ਚਲਾ ਗਯਾ ਵਿਚਾਰ ਕੀ ਤਰ੍ਹਾ', 'ਸਭ ਕੁੱਛ ਹੋਣਾ ਬਚਾ ਰਹੇਗਾ', 'ਕਵਿਤਾ ਸੇ ਲੰਬੀ ਕਵਿਤਾ', 'ਕਭੀ ਕੇ ਬਾਦ ਅਭੀ' ਵਿਸ਼ੇਸ਼ ਤੌਰ 'ਤੇ ਚਰਚਿਤ ਰਹੇ | ਉਨ੍ਹਾਂ ਦੀਆਂ ਕਈ ਰਚਨਾਵਾਂ ਦਾ ਮਰਾਠੀ, ਮਲਿਆਲਮ, ਅੰਗਰੇਜ਼ੀ ਅਤੇ ਜਰਮਨ ਭਾਸ਼ਾਵਾਂ ਵਿਚ ਅਨੁਵਾਦ ਵੀ ਹੋਏ | ਸਾਹਿਤ ਅਕਾਦਮੀ ਪੁਰਸਕਾਰ, ਗਿਆਨਪੀਠ ਪੁਰਸਕਾਰ ਵਰਗੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਵਿਨੋਦ ਕੁਮਾਰ ਸ਼ੁਕਲਾ ਦਾ ਦਿਹਾਂਤ ਸਮੁੱਚੇ ਭਾਰਤੀ ਸਾਹਿਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ |