ਨਵੀਂ ਦਿੱਲੀ, 30 ਦਸੰਬਰ (ਮਿਸਰਦੀਪ ਭਾਟੀਆ)-ਦੇਸ਼ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚ 12 ਜਨਵਰੀ ਨੂੰ 'ਰਨ ਫਾਰ ਸਵਦੇਸ਼ੀ' ਦਾ ਆਯੋਜਨ ਕੀਤਾ ਜਾਵੇਗਾ | ਸਵਾਮੀ ਵਿਵੇਕਾਨੰਦ ਦੀ 164ਵੀਂ ਜੈਅੰਤੀ ਦੇ ਮੌਕੇ 'ਤੇ ਰਾਸ਼ਟਰੀ ਯੁਵਾ ਦਿਵਸ ਦੇ ਤਹਿਤ ਇਹ ਦੇਸ਼ ਵਿਆਪੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਇਸ ਸੰਬੰਧ ਵਿਚ ਸਾਰੇ ਰਾਜਾਂ ਨੂੰ ਪੱਤਰ ਲਿਖਿਆ ਹੈ | ਇਸ ਵਿਚ ਦੋ ਤੋਂ ਪੰਜ ਕਿੱਲੋਮੀਟਰ ਦੀ ਦੌੜ ਰਾਹੀਂ ਨੌਜਵਾਨਾਂ ਨੂੰ ਸਵਦੇਸ਼ੀ ਮੁੱਲ, ਆਤਮ ਨਿਰਭਰ ਭਾਰਤ, ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਰਾਸ਼ਟਰੀ ਏਕਤਾ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ | ਯੂ.ਜੀ.ਸੀ. ਦੇ ਸਕੱਤਰ ਪ੍ਰੋ. ਮਨੀਸ਼ ਜੋਸ਼ੀ ਨੇ ਇਸ ਸੰਬੰਧ ਵਿਚ ਰਾਜਾਂ ਅਤੇ ਯੂਨੀਵਰਸਿਟੀਆਂ ਨੂੰ ਇਕ ਪੱਤਰ ਭੇਜਿਆ ਹੈ | ਇਸ ਵਿਚ ਸਵਾਮੀ ਵਿਵੇਕਾਨੰਦ ਦੀ 164ਵੀਂ ਜੈਅੰਤੀ (ਰਾਸ਼ਟਰੀ ਯੁਵਾ ਦਿਵਸ) ਦੇ ਮੌਕੇ 'ਤੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਇਕ ਦੇਸ਼ ਵਿਆਪੀ ਪ੍ਰੋਗਰਾਮ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ | ਇਸ ਪਹਿਲਕਦਮੀ ਤਹਿਤ 12 ਜਨਵਰੀ ਨੂੰ 'ਰਨ ਫਾਰ ਸਵਦੇਸ਼ੀ' ਦਾ ਆਯੋਜਨ ਕੀਤਾ ਜਾਵੇਗਾ | ਇਸ ਵਿਚ ਦੋ, ਤਿੰਨ, ਪੰਜ ਕਿੱਲੋਮੀਟਰ ਦੌੜ ਦਾ ਆਯੋਜਨ ਕੀਤਾ ਜਾਵੇਗਾ | ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਮਿਲੇਗਾ | ਇਸ ਵਿਚ ਕਾਲਜ ਦੇ ਵਿਦਿਆਰਥੀ, ਐੱਨ.ਐੱਸ.ਐੱਸ., ਐੱਨ.ਸੀ.ਸੀ., ਯੁਵਾ ਕਲੱਬ ਅਤੇ ਫੈਕਲਟੀ ਮੈਂਬਰਾਂ ਤੋਂ ਇਲਾਵਾ ਆਮ ਲੋਕ ਵੀ ਸ਼ਾਮਿਲ ਹੋ ਸਕਦੇ ਹਨ | ਸਭ ਤੋਂ ਪਹਿਲਾਂ ਸਵਾਮੀ ਵਿਵੇਕਾਨੰਦ ਦੇ ਸੰਦੇਸ਼ਾਂ ਅਤੇ ਸਵੈ-ਨਿਰਭਰਤਾ 'ਤੇ ਆਧਾਰਿਤ ਪ੍ਰੇਰਨਾਦਾਇਕ ਭਾਸ਼ਨ ਵੀ ਹੋਵੇਗਾ | ਸੰਸਥਾਵਾਂ ਨੂੰ ਪ੍ਰੋਗਰਾਮ ਨਾਲ ਸੰਬੰਧਿਤ ਜਾਣਕਾਰੀ ਯੂ.ਜੀ.ਸੀ. ਨੂੰ ਭੇਜਣੀ ਜ਼ਰੂਰੀ ਹੋਵੇਗੀ |