ਫਿਲੌਰ, 1 ਨਵੰਬਰ (ਵਿਪਨ ਗੈਰੀ)-ਸਥਾਨਕ ਡੀ.ਆਰ.ਵੀ ਡੀ.ਏ.ਵੀ ਸ਼ਤਾਬਦੀ ਕਾਲਜ ਫਿਲੌਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ''ਸੇ ਨੋ ਟੂ ਡਰੱਗਜ਼'' ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਪਿ੍ੰਸੀਪਲ ਐੱਸ.ਕੇ. ਮਿੱਢਾ ਦੀ ਅਗਵਾਈ ਹੇਠ ਐੱਨ.ਐੱਸ.ਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਵਲੋਂ ਕਰਵਾਇਆ ਗਿਆ | ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸਰਵਣ ਸਿੰਘ ਬੱਲ ਡੀ.ਐੱਸ.ਪੀ ਫਿਲੌਰ ਸਨ | ਸਰਵਣ ਸਿੰਘ ਬੱਲ ਨੇ ਨਸ਼ਿਆਂ ਰਹਿਤ ਉਸਾਰੂ ਜੀਵਨ ਜਾਂਚ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਤੋਂ ਦੋ ਬਚਨ ਲਏ, ਪਹਿਲਾਂ ਕਿ ਅਸੀਂ ਨਸ਼ਾ ਨਹੀਂ ਕਰਾਂਗੇ ,ਦੂਸਰਾ ਅਸੀਂ ਆਪਣੇ ਦੋਸਤਾਂ ਨੂੰ ਨਸ਼ਾ ਨਹੀਂ ਕਰਨ ਦੇਵਾਂਗੇ | ਉਨ੍ਹਾਂ ਕਿਹਾ ਕਿ ਤੁਹਾਨੂੰ ਕਿਸੇ ਵੀ ਸਮੇਂ ਤੇ ਸਾਡੀ ਸਹਾਇਤਾ ਦੀ ਲੋੜ ਹੈ ਤਾਂ ਸਾਡੇ 112 ਨੰਬਰ 'ਤੇ ਤੁਸੀਂ ਫੋਨ ਕਰਕੇ ਜਾਣਕਾਰੀ ਦਿਓ ਤੇ ਅਸੀਂ ਪੰਜ ਮਿੰਟਾਂ ਦੇ ਅੰਦਰ-ਅੰਦਰ ਤੁਹਾਡੀ ਮਦਦ ਕਰਨ ਲਈ ਹਾਜ਼ਰ ਹੋਵਾਂਗੇ | ਜੇਕਰ ਤੁਹਾਨੂੰ ਕੋਈ ਵੀ ਅਜਿਹਾ ਵਿਅਕਤੀ ਮਿਲਦਾ ਹੈ ਜੋ ਨਸ਼ੇ ਕਰ ਰਿਹਾ ਹੈ ਤਾਂ ਤੁਸੀਂ ਉਸ ਦੀ ਸੂਚਨਾ ਪੁਲਿਸ ਨੂੰ ਦੇ ਸਕਦੇ ਹੋ ਅਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਐੱਸ.ਕੇ. ਮਿੱਢਾ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਦਿੰਦਿਆਂ ਜੀ ਆਇਆਂ ਆਖਿਆ | ਇਸ ਤੋਂ ਇਲਾਵਾ ਐੱਨ.ਐੱਸ.ਐੱਸ. ਵਲੰਟੀਅਰਜ਼ ਅਲੀਸ਼ਾ, ਡੌਲੀ, ਜਸਮੀਨ, ਆਇਰਾ, ਵਰਸ਼ਾ ਅਤੇ ਦਕਸ਼ ਨੇ ਵੀ ਸੰਬੰਧਿਤ ਵਿਸ਼ੇ 'ਤੇ ਆਪਣੇ-ਆਪਣੇ ਵਿਚਾਰ ਰੱਖੇ | ਡਾ.ਪਰਮਜੀਤ ਕੌਰ ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ | ਇਸ ਮੌਕੇ ਪ੍ਰੋ. ਮੋਨਿਕਾ ਸ਼ਰਮਾ, ਪ੍ਰੋ. ਮਹਿਕ ਬਿਰਦੀ, ਪ੍ਰੋ. ਸੁਰਿੰਦਰ ਪਾਲ, ਪ੍ਰੋ. ਜਯੋਤੀ ਵਰਮਾ, ਸ੍ਰੀ ਧਰਮਿੰਦਰ ਸਿੰਘ, ਪ੍ਰੋ. ਪਾਰਸ, ਪ੍ਰੋ.ਸਰਬਜੀਤ ਕੌਰ ਅਤੇ ਪ੍ਰੋ. ਸੁਖਦੀਪ ਕੌਰ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ |