ਜਲੰਧਰ ਛਾਉਣੀ, 22 ਨਵੰਬਰ (ਪਵਨ ਖਰਬੰਦਾ)-ਟ੍ਰੈਫ਼ਿਕ ਨੂੰ ਸੁਚਾਰੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕਮਿਸ਼ਨਰੇਟ ਪੁਲਿਸ ਦੀ ਢਿੱਲੀ ਕਾਰਗੁਜ਼ਾਰੀਆਂ ਅਤੇ ਚਲਾਨ ਕੱਟਣ ਦੀ ਤਰਜੀਹ ਕਾਰਨ ਸ਼ਹਿਰ ਦੇ ਕਈ ਚੌਕਾਂ 'ਚ ਟ੍ਰੈਫ਼ਿਕ ਦੀ ਸਮੱਸਿਆ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ ਤੇ ਵਾਹਨ ਚਾਲਕਾਂ ਨੂੰ ਕਾਫ਼ੀ ਦੇਰ ਟ੍ਰੈਫ਼ਿਕ ਸੁਚਾਰੂ ਨਾ ਹੋਣ ਕਾਰਨ ਜਾਮ 'ਚ ਫਸਣ ਲਈ ਮਜਬੂਰ ਹੋਣਾ ਪੈਂਦਾ ਹੈ | ਐਸਾ ਹੀ ਹਾਲ ਅੱਜ-ਕੱਲ੍ਹ ਰਾਮਾ ਮੰਡੀ ਚੌਕ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਜਲੰਧਰ ਤੋਂ ਲੁਧਿਆਣਾ ਅਤੇ ਵਿਸ਼ੇਸ਼ ਤੌਰ 'ਤੇ ਹੁਸ਼ਿਆਰਪੁਰ ਤੋਂ ਰਾਮਾ ਮੰਡੀ ਚੌਕ ਵੱਲ ਨੂੰ ਆਉਣ ਵਾਲੇ ਵਾਹਨ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟਣ ਅਤੇ ਦਸਤਾਵੇਜ਼ ਆਦਿ ਚੈੱਕ ਕਰਨ ਲਈ ਦਰਜਨ ਦੇ ਕਰੀਬ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ ਪ੍ਰੰਤੂ ਰਾਮਾ ਮੰਡੀ ਚੌਕ ਤੋਂ ਹੁੰਦੇ ਹੋਏ ਜਲੰਧਰ ਵੱਲ ਨੂੰ ਜਾਣ ਕਾਰਨ ਵਾਹਨ ਚਾਲਕਾਂ ਦੀ ਸੁਵਿਧਾ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਕਰਨ ਲਈ ਕੋਈ ਵੀ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਹੁੰਦਾ ਹੈ, ਜਿਸ ਕਾਰਨ ਇਸ ਚੌਕ 'ਚ ਟ੍ਰੈਫ਼ਿਕ ਪੁਲਿਸ ਦੀ ਢਿੱਲ ਕਾਰਨ ਬੱਸ ਚਾਲਕਾਂ ਦੀ ਪੂਰੀ ਮਨਮਾਨੀ ਚੱਲਦੀ ਹੈ ਤੇ ਉਹ ਸ਼ਰੇਆਮ ਸੜਕ ਵਿਚਕਾਰ ਆਪਣੀਆਂ ਬੱਸਾਂ ਨੂੰ ਖੜ੍ਹਾ ਕਰਕੇ ਸਵਾਰੀਆਂ ਨੂੰ ਉਤਾਰਦੇ ਤੇ ਚੜ੍ਹਾਉਂਦੇ ਹੋਏ ਦੇਖੇ ਜਾ ਸਕਦੇ ਹਨ | ਬੱਸ ਚਾਲਕਾਂ ਦੀ ਇਸ ਮਨਮਰਜ਼ੀ ਅਤੇ ਟ੍ਰੈਫ਼ਿਕ ਪੁਲਿਸ ਦੀ ਵੱਡੀ ਢਿੱਲ ਕਾਰਨ ਰਾਮਾ ਮੰਡੀ ਚੌਕ ਦੇ ਇਸ ਪਾਸੇ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਦਿਨ ਕਿਸੇ ਵੀ.ਵੀ.ਆਈ.ਪੀ. ਨੇ ਇਸ ਚੌਕ ਤੋਂ ਨਿਕਲਣਾ ਹੋਵੇ ਤਾਂ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਇਸ ਚੌਕ 'ਚ ਪੂਰੀ ਮੁਸਤੈਦੀ ਨਾਲ ਤਾਇਨਾਤ ਰਹਿੰਦੇ ਹਨ ਤੇ ਕਿਸੇ ਵੀ ਬੱਸ ਚਾਲਕ ਨੂੰ ਇੱਥੇ ਬੱਸ ਨਹੀਂ ਖੜ੍ਹੀ ਕਰਨ ਦਿੰਦੇ, ਜਿਸ ਕਾਰਨ ਇਹ ਸੜਕ ਪੂਰੀ ਤਰ੍ਹਾਂ ਖ਼ਾਲੀ ਰਹਿੰਦੀ ਹੈ ਤੇ ਵਾਹਨ ਚਾਲਕਾਂ ਨੂੰ ਵੀ ਕਾਫ਼ੀ ਆਸਾਨੀ ਰਹਿੰਦੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਇਸ ਚੌਕ ਤੋਂ ਕੁਝ ਦੂਰੀ 'ਤੇ ਹੀ ਇੱਕ ਬੱਸ ਸਟਾਪ ਵੀ ਬਣਾਇਆ ਗਿਆ ਹੈ, ਜਿੱਥੇ ਸਵਾਰੀਆਂ ਦੇ ਬੈਠਣ ਅਤੇ ਬੱਸਾਂ ਦੀ ਉਡੀਕ ਲਈ ਸੁਵਿਧਾ ਰੱਖੀ ਗਈ ਹੈ ਪ੍ਰੰਤੂ ਬੱਸ ਚਾਲਕ ਪੁਲਿਸ ਦੀ ਢਿੱਲ ਅਤੇ ਆਪਣੀ ਮਨਮਰਜ਼ੀ ਕਾਰਨ ਰਾਮਾ ਮੰਡੀ ਚੌਕ ਵਿਚਕਾਰ ਹੀ ਆਪਣੀਆਂ ਬੱਸਾਂ ਖੜ੍ਹੀਆਂ ਕਰਦੇ ਹਨ ਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਚਲਾਨ ਕੱਟਣ ਤੇ ਵਾਹਨ ਚਾਲਕਾਂ ਦੇ ਦਸਤਾਵੇਜ਼ ਚੈੱਕ ਕਰਨ 'ਚ ਹੀ ਲੱਗੇ ਰਹਿੰਦੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬੇਢੰਗ ਨਾਲ ਤਿਆਰ ਕੀਤੇ ਗਏ ਪੀਏਪੀ ਚੌਕ ਕਾਰਨ ਪਠਾਨਕੋਟ ਅਤੇ ਅੰਮਿ੍ਤਸਰ ਆਦਿ ਜਾਣ ਵਾਲੇ ਵਾਹਨ ਚਾਲਕਾਂ ਨੂੰ ਮਜਬੂਰੀ 'ਚ ਪੀ.ਏ.ਪੀ. ਚੌਕ ਤੋਂ ਰਾਮਾ ਮੰਡੀ ਚੌਕ ਹੁੰਦੇ ਹੋਏ ਯੂ ਟਰਨ ਲੈ ਕੇ ਮੁੜ ਪੀ.ਏ.ਪੀ. ਫਲਾਈ ਓਵਰ ਵੱਲ ਨੂੰ ਜਾਣਾ ਪੈ ਰਿਹਾ ਹੈ, ਜਿਸ ਕਾਰਨ ਰਾਮਾ ਮੰਡੀ ਚੌਕ 'ਚ ਟ੍ਰੈਫ਼ਿਕ ਵੱਧ ਰਹਿੰਦਾ ਹੈ ਪ੍ਰੰਤੂ ਮੌਕੇ 'ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਇਸ ਟ੍ਰੈਫ਼ਿਕ ਨੂੰ ਸੁਚਾਰੂ ਕਰਨ ਦੀ ਥਾਂ ਚਲਾਨ ਕੱਟਣ ਨੂੰ ਹੀ ਤਰਜੀਹ ਦੇ ਰਹੇ ਹਨ |