ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਿਟੀ ਰੇਲਵੇ ਸਟੇਸ਼ਨ 'ਤੇ 63ਵਾਂ ਸਾਲਾਨਾ ਸਿਵਲ ਡਿਫੈਂਸ ਜਾਗਰੂਕਤਾ ਦਿਵਸ ਉਤਸ਼ਾਹ ਨਾਲ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਤੇ ਰਾਸ਼ਟਰੀ ਗੀਤ ਨਾਲ ਹੋਈ | ਉਪਰੰਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਹੁਲ ਚੌਧਰੀ, ਸੀਨੀਅਰ ਡਵੀਜ਼ਨਲ ਮਕੈਨੀਕਲ ਇੰਜੀਨੀਅਰ/ਡੀਜ਼ਲ ਸ਼ੈੱਡ, ਜਲੰਧਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਇਕ ਸੰਦੇਸ਼ ਸਾਂਝਾ ਕੀਤਾ ਅਤੇ ਆਫ਼ਤ ਪ੍ਰਬੰਧਨ ਤੇ ਸਿਵਲ ਸੁਰੱਖਿਆ ਵਿਚ ਸਿਵਲ ਡਿਫੈਂਸ ਦੇ ਇਤਿਹਾਸ, ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ | ਪ੍ਰੋਗਰਾਮ ਦੌਰਾਨ, ਸਿਵਲ ਡਿਫੈਂਸ ਵਲੰਟੀਅਰਾਂ ਨੇ ਮੋਕ ਡਰਿੱਲ, ਅੱਗ ਸੁਰੱਖਿਆ ਪ੍ਰਦਰਸ਼ਨ, ਮੁੱਢਲੀ ਸਹਾਇਤਾ ਸਿਖਲਾਈ, ਰਾਹਤ ਅਤੇ ਆਫ਼ਤ ਦੌਰਾਨ ਸੁਰੱਖਿਅਤ ਰਹਿਣ ਦੇ ਉਪਾਵਾਂ, ਤੇਜ਼ ਐਮਰਜੈਂਸੀ ਪ੍ਰਤੀਕਿਰਿਆ ਤੇ ਭਾਈਚਾਰਕ ਭਾਗੀਦਾਰੀ ਦੀ ਜ਼ਰੂਰਤ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ | ਸ੍ਰੀ ਚੌਧਰੀ ਨੇ ਵਲੰਟੀਅਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਿਵਲ ਡਿਫੈਂਸ ਦੇਸ਼ ਦੀ ਸੁਰੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਕੰਮ ਹੈ ਤੇ ਨੌਜਵਾਨ ਪੀੜੀ ਨੂੰ ਇਸ ਨਾਲ ਜੁੜ ਕੇ ਸਮਾਜ ਸੇਵਾ ਵਿਚ ਅੱਗੇ ਆਉਣਾ ਚਾਹੀਦਾ ਹੈ | ਪ੍ਰੋਗਰਾਮ ਦੌਰਾਨ ਸਟੇਸ਼ਨ 'ਤੇ ਆਉਣ-ਜਾਣ ਵਾਲੇ ਯਾਤਰੀਆਂ ਨੇ ਸਿਵਲ ਡਿਫੈਂਸ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਤੇ ਜਾਗਰੂਕਤਾ ਮੁਹਿੰਮ 'ਚ ਸਰਗਰਮ ਭਾਗੀਦਾਰੀ ਦਿਖਾਈ | ਇਸ ਮੌਕੇ ਸਹਾਇਕ ਡਵੀਜ਼ਨਲ ਸੁਰੱਖਿਆ ਅਧਿਕਾਰੀ ਬਾਲੀ ਰਾਮ, ਸੁਰੱਖਿਆ ਟੀਮ ਫ਼ਿਰੋਜਪੁਰ, ਆਰ. ਪੀ. ਐਫ. ਤੇ ਜੀ. ਆਰ. ਪੀ. ਜਲੰਧਰ ਦੇ ਕਰਮਚਾਰੀ, ਸਿਵਲ ਡਿਫੈਂਸ ਟੀਮ ਫ਼ਿਰੋਜਪੁਰ ਤੇ ਸਾਬਕਾ ਸੈਨਿਕ ਅਤੇ ਹੋਰ ਕਰਮਚਾਰੀ ਮੌਜੂਦ ਸਨ |