ਜਲੰਧਰ, 30 ਦਸੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਦੇ ਇੰਚਾਰਜ ਸ੍ਰੀ ਨਿਤਿਨ ਕੋਹਲੀ ਨੇ ਕਿਹਾ ਹੈ ਕਿ ਉਹ ਲੋਕ ਸੇਵਾ ਦੇ ਮਿਸ਼ਨ ਨਾਲ ਸਿਆਸਤ 'ਚ ਆਏ ਹਨ ਤੇ ਉਨ੍ਹਾਂ ਦਾ ਇਕੋ ਇਕ ਮਕਸਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੈ | ਇਹ ਪ੍ਰਗਟਾਵਾ ਉਨ੍ਹਾਂ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਉਹ ਸਿਆਸਤ 'ਚ ਕੋਈ ਧੰਦਾ ਕਰਨ ਜਾਂ ਫਿਰ ਇਸ 'ਚੋਂ ਕੋਈ ਮੁਨਾਫਾ ਕਮਾਉਣ ਨਹੀਂ ਆਏ ਸਗੋਂ ਉਹ ਆਪਣੇ ਕੰਮਾਂ ਨਾਲ ਲੋਕਾਂ ਦਾ ਪਿਆਰ ਤੇ ਸਤਿਕਾਰ ਲੈਣ ਲਈ ਸਿਆਸਤ ਵਿਚ ਆਏ ਹਨ | ਇਸ ਮੌਕੇ ਉਨਾਂ ਹਲਕੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਸੈਂਟਰਲ ਹਲਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਖੇਡ ਤੇ ਉਦਯੋਗ ਜਗਤ ਨਾਲ ਨੇੜੇ ਤੋਂ ਜੁੜੇ ਸ੍ਰੀ ਨਿਤਿਨ ਕੋਹਲੀ ਨੇ ਕਿਹਾ ਕਿ ਬੇਸ਼ੱਕ ਜਿਮਖਾਨਾ ਕਲੱਬ ਤੇ ਹਾਕੀ ਐਸੋਸੀਏਸ਼ਨ ਦੀਆਂ ਚੋਣਾਂ 'ਚ ਉਹ ਅਕਸਰ ਪਰਦੇ ਦੇ ਅੱਗੇ ਤੇ ਪਿੱਛੇ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ ਪਰ ਹੁਣ ਉਹ ਸਿੱਧੇ ਤੌਰ 'ਤੇ ਸਿਆਸੀ ਮੈਦਾਨ 'ਚ ਉਤਰੇ ਹਨ ਤੇ ਉਹ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਸੈਂਟਰਲ ਹਲਕੇ 'ਚ ਸੜਕਾਂ, ਸੀਵਰੇਜ ਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵੱਡੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ | ਸ੍ਰੀ ਕੋਹਲੀ ਨੇ ਕਿਹਾ ਕਿ ਉਹ ਨਗਰ ਨਿਗਮ ਦੇ ਮੇਅਰ ਨਾਲ ਮਿਲ ਕੇ ਸਮੁੱਚੇ ਜਲੰਧਰ ਸ਼ਹਿਰ ਦੇ ਵਿਕਾਸ ਲਈ ਵੀ ਕੰਮ ਕਰ ਰਹੇ ਹਨ ਤੇ ਖਾਸ ਕਰਕੇ ਸ਼ਹਿਰ ਦੇ ਪ੍ਰਮੁੱਖ ਚੌਕਾਂ ਦਾ ਨਾ ਕੇਵਲ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਬਲਕਿ ਉੱਥੇ ਟ੍ਰੈਫਿਕ ਵਿਵਸਥਾ ਨੂੰ ਹੋਰ ਵੀ ਸੁਚਾਰੂ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ | ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸ਼ਹਿਰ ਦੀਆਂ ਪਾਰਕਾਂ ਨੂੰ ਵੀ ਨਿੱਜੀ ਕੰਪਨੀਆਂ ਹਵਾਲੇ ਕਰਨ ਦੀ ਯੋਜਨਾ ਉਲੀਕੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਤੇ ਸੈਰ ਲਈ ਵੀ ਢੁੱਕਵਾਂ ਮਾਹੌਲ ਮਿਲ ਸਕੇਗਾ | ਉਨ੍ਹਾਂ ਵਰਿੰਦਰ ਘੁੰਮਣ ਦੀ ਯਾਦ 'ਚ ਬਣਾਈ ਗਈ ਪਾਰਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਲੋਕਾਂ ਨੂੰ ਬਿਹਤਰ ਟਰੈਕ ਲਈ ਜਲੰਧਰ ਛਾਉਣੀ ਜਾਣ ਦੀ ਲੋੜ ਨਹੀਂ ਪਵੇਗੀ ਉਹ ਇੱਥੇ ਹੀ ਸੈਰ ਕਰ ਸਕਣਗੇ | ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਨਿਤਿਨ ਕੋਹਲੀ ਨੇ ਕਿਹਾ ਕਿ ਹਾਲ ਦੀ ਘੜੀ ਉਹ ਲੋਕ ਸੇਵਾ ਦੇ ਮਕਸਦ ਨਾਲ ਸਿਆਸਤ 'ਚ ਆਏ ਹਨ ਤੇ ਜੇਕਰ ਪਾਰਟੀ ਹਾਈਕਮਾਨ ਦਾ ਆਦੇਸ਼ ਹੋਇਆ ਤਾਂ ਉਹ ਚੋਣ ਜ਼ਰੂਰ ਲੜਨਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ |