21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਾਪਾ ਜੀ...

Ad Position 21
No active advertisement
ਅਜੀਤ ਡੈਸਕ 07-09-2025

ਸਗੁਨਾ ਆਪਣੀ ਫ਼ੋਨ ਬੁੱਕ 'ਤੇ ਕੋਈ ਨੰਬਰ ਲੱਭ ਰਹੀ ਸੀ ਕਿ ਅਚਾਨਕ ਹੀ ਉਸ ਦੇ ਪਾਪਾ ਦਾ ਨੰਬਰ ਉਸ ਦੇ ਸਾਹਮਣੇ ਆ ਗਿਆ, ਉਸ ਦੀਆਂ ਉਂਗਲਾਂ ਉਥੇ ਹੀ ਰੁਕ ਗਈਆਂ। ਉਸ ਦੀਆਂ ਅੱਖਾਂ ਨਮ ਹੋ ਗਈਆਂ, ਮੇਰੇ ਪਾਪਾ, ਮੇਰੇ ਪਿਆਰੇ ਪਾਪਾ! ਜਿੰਨਾ ਲਾਡ ਤੇ ਪਿਆਰ ਉਸ ਨੂੰ ਉਸ ਦੇ ਪਾਪਾ ਤੋਂ ਮਿਲਿਆ ਸੀ ਓਨਾ ਲਾਡ ਤੇ ਪਿਆਰ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ। ਹੁਣ ਤਾਂ ਪੂਰੇ ਚਾਰ ਸਾਲ ਹੋ ਗਏ ਨੇ, ਪਾਪਾ ਨੂੰ ਇਸ ਦੁਨੀਆ ਤੋਂ ਗਿਆਂ ਨੂੰ। ਉਨ੍ਹਾਂ ਦੇ ਜਾਣ ਨਾਲ ਕਿੰਨਾ ਕੁਝ ਹੀ ਬਦਲ ਗਿਆ ਹੈ, ਪੇਕੇ ਘਰ ਤਾਂ ਜਿਵੇਂ ਸਭ ਕੁਝ ਹੀ। ਪਾਪਾ ਦੀ ਬਸ ਇਕ ਤਸਵੀਰ ਹੀ ਰਹਿ ਗਈ ਹੈ ਕੰਧ 'ਤੇ। ਹੌਲੀ-ਹੌਲੀ ਉਨ੍ਹਾਂ ਦੀਆਂ ਸਭ ਚੀਜ਼ਾਂ ਹੀ ਏਧਰ ਓਧਰ ਵੰਡ-ਵੁੰਡ ਦਿੱਤੀਆਂ ਨੇ। ਪਰ ਸਰੀਰ ਤੇ ਸਮਾਨ ਚਲੇ ਜਾਣ ਨਾਲ, ਕੀ ਕੋਈ ਏਦਾਂ ਚਲਾ ਜਾਂਦਾ ਹੈ ਘਰ ਤੋਂ? ਕਦੇ ਕਦੇ ਲੱਗਦਾ ਹੈ ਕਿ ਡਾਇਨਿੰਗ ਟੇਬਲ ਦੀ ਕੁਰਸੀ 'ਤੇ ਬੈਠੇ ਪਾਪਾ ਅਖ਼ਬਾਰ ਪੜ੍ਹ ਰਹੇ ਨੇ। ਕਦੇ ਪੌਦਿਆਂ ਨੂੰ ਪਾਣੀ ਦਿੰਦੇ ਮਹਿਸੂਸ ਹੁੰਦੇ ਨੇ। ਸ਼ਾਮ ਨੂੰ ਪੰਜ ਵੱਜਦੇ ਹੀ ਲੱਗਦਾ ਹੈ ਕਿ ਹੁਣੇ ਹੀ ਪਾਪਾ ਦੀ ਆਵਾਜ਼ ਆਵੇਗੀ ਕਿ ਪੰਜ ਵੱਜ ਗਏ ਨੇ, ਚਾਹ ਚੂਹ ਦਾ ਕੀ ਪ੍ਰੋਗਰਾਮ ਹੈ ਭਾਈ।
ਪਾਪਾ ਹਰ ਕੰਮ ਨਿਸਚਿਤ ਸਮੇਂ 'ਤੇ ਕਰਦੇ। ਸੈਰ, ਨਾਸ਼ਤਾ, ਲੰਚ, ਸੌਣਾ ਜਾਗਣਾ, ਹਰ ਚੀਜ਼ ਦਾ ਸਮਾਂ ਫਿਕਸ ਸੀ। ਉਨ੍ਹਾਂ ਦੇ ਗੁੱਟ 'ਤੇ ਘੜੀ ਹਮੇਸ਼ਾ ਟਿੱਕ ਟਿੱਕ ਕਰਦੀ ਰਹਿੰਦੀ। ਇਥੋਂ ਤੱਕ ਕਿ ਉਹ ਸੌਣ ਵੇਲੇ ਵੇਲੇ ਵੀ ਨਾ ਉਤਾਰਦੇ ਤੇ ਮੰਮੀ ਨੇ ਅਕਸਰ ਮਜ਼ਾਕ 'ਚ ਕਹਿਣਾ, 'ਤੇਰੇ ਪਾਪਾ ਤਾਂ ਸੌਣ ਵੇਲੇ ਵੀ ਘੜੀ ਬੰਨ੍ਹ ਕੇ ਸੌਂਦੇ ਨੇ, ਕੀ ਪਤਾ ਕਿ ਸੁਪਨੇ ਵਿਚ ਹੀ ਕਿਤੇ ਘੁੰਮਣ ਜਾਣਾ ਹੋਵੇ।' ਅੱਗੋਂ ਪਾਪਾ ਨੇ ਵੀ ਹੱਸਦੇ ਹੋਏ ਕਹਿਣਾ, 'ਹਾਂ ਹਾਂ, ਜਾਣਾ ਵੀ ਪੈ ਸਕਦੈ ਪਰ ਜਦੋਂ ਵੀ ਜਾਊਂਗਾ, ਤੈਨੂੰ ਵੀ ਨਾਲ ਲੈ ਕੇ ਜਾਊਂਗਾ। ਇਸ ਲਈ ਤੂੰ ਵੀ ਸੋਹਣੇ ਜਿਹੇ ਕੱਪੜੇ ਪਾ ਕੇ ਸੌਂਇਆਂ ਕਰ, ਫੇਰ ਨਾ ਆਖੀਂ ਕਿ ਮੈਨੂੰ ਨਾਈਟ ਸੂਟ ਵਿਚ ਘੁਮਾਉਣ ਲੈ ਗਏ।' ਏਨਾ ਆਖ ਕੇ ਪਾਪਾ ਜ਼ੋਰ-ਜ਼ੋਰ ਦੀ ਹੱਸਦੇ ਤੇ ਜਿਵੇਂ ਪੂਰਾ ਘਰ ਵੀ ਉਨ੍ਹਾਂ ਦੇ ਹਾਸੇ ਵਿਚ ਸ਼ਾਮਿਲ ਹੋ ਜਾਂਦਾ।
ਕਿੱਡੇ ਖ਼ੂਬਸੂਰਤ ਦਿਨ ਸੀ ਉਹ, ਕਿੰਨੇ ਖੁਸ਼ ਸੀ ਸਾਰੇ। ਪਰ ਕੁਝ ਸਾਲਾਂ ਵਿਚ ਹੀ ਸਭ ਕੁਝ ਬਦਲ ਗਿਆ। ਵਿਆਹ ਤੋਂ ਬਾਅਦ ਸਗੁਨਾ ਕਦੋਂ ਦੀ ਆਪਣੇ ਸਹੁਰੇ ਘਰ ਗਾਜ਼ੀਆਬਾਦ ਚਲੀ ਗਈ ਸੀ। ਕੁਝ ਕੁ ਸਮੇਂ ਬਾਅਦ ਮੰਮੀ ਇਸ ਜਹਾਨ ਨੂੰ ਛੱਡ ਗਈ। ਮੰਮੀ ਦੇ ਜਾਣ ਤੋਂ ਬਾਅਦ ਪਾਪਾ ਦੀ ਪੂਰੀ ਕੋਸ਼ਿਸ਼ ਰਹੀ ਕਿ ਪੇਕੇ ਘਰ ਵਿਚ ਮੈਨੂੰ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਾ ਹੋਵੇ ...ਤੇ ਉਨ੍ਹਾਂ ਹੋਣ ਵੀ ਨਹੀਂ ਦਿੱਤੀ!
ਤੇ ਫਿਰ ਇਕ ਦਿਨ ਪਾਪਾ ਵੀ ਦੂਸਰੇ ਜਹਾਨ ਦੇ ਵਾਸੀ ਹੋ ਗਏ।
......................
ਓਹ। ਚਾਰ ਵੱਜ ਗਏ, ਪਾਪਾ ਦੀਆਂ ਯਾਦਾਂ ਵਿਚ ਐਸਾ ਗਵਾਚੀ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਿਆ।
'ਮੰਮੀ ਮੇਰੇ ਲਈ ਕੋਲਡ ਕੌਫ਼ੀ ਬਣਾ ਦਿਓ।' ਬੇਟੀ ਸ਼ਰੂਤੀ ਨੇ ਆਪਣੇ ਕਮਰੇ ਚੋਂ ਹੀ ਆਵਾਜ਼ ਦਿੱਤੀ।
'ਤੇ ਮੇਰੇ ਲਈ ਠੰਢਾ ਦੁੱਧ।' ਬੇਟੇ ਸਾਰਥਿਕ ਦੀ ਆਵਾਜ਼ ਵੀ ਦੂਜੇ ਕਮਰੇ ਚੋਂ ਆਈ।
ਸਗੁਨਾ ਰਸੋਈ ਵੱਲ ਹੋ ਤੁਰੀ। ਸਾਰਥਿਕ ਬਿਲਕੁੱਲ ਆਪਣੇ ਨਾਨੂ 'ਤੇ ਗਿਆ ਹੈ, ਪਾਪਾ ਨੂੰ ਵੀ ਠੰਢਾ ਦੁੱਧ ਤੇ ਖੀਰ ਬਹੁਤ ਪਸੰਦ ਸਨ। ਉਸਦੀਆਂ ਕਈ ਆਦਤਾਂ ਵੀ ਆਪਣੇ ਨਾਨੂ ਵਰਗੀਆਂ ਹੀ ਨੇ। ਸਗੁਨਾ ਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਜਿਵੇਂ ਪਾਪਾ ਹੀ ਘਰ ਵਿਚ ਘੁੰਮ ਰਹੇ ਹੋਣ। ਬਿਲਕੁੱਲ ਪਾਪਾ ਵਾਂਗ ਭੋਲਾ ਜਿਹਾ ਮੂੰਹ ਬਣਾ ਲੈਂਦਾ ਹੈ, ਜਿਵੇਂ ਮੰਮੀ ਦੇ ਕਿਸੇ ਗੱਲੋਂ ਨਾਰਾਜ਼ ਹੋਣ 'ਤੇ ਪਾਪਾ ਬਣਾ ਲੈਂਦੇ ਸਨ। ਮੰਮੀ ਬਾਜ਼ਾਰ ਤੋਂ ਜਦ ਕੁਝ ਚੀਜ਼ਾਂ ਮੰਗਵਾਉਂਦੀ ਤਾਂ ਪਾਪਾ ਇਕ ਅੱਧੀ ਚੀਜ਼ ਜ਼ਰੂਰ ਭੁੱਲ ਆਉਂਦੇ। ਮੰਮੀ ਨਾਰਾਜ਼ ਹੁੰਦੇ ਤਾਂ ਪਾਪਾ ਭੋਲਾ ਜਿਹਾ ਮੂੰਹ ਬਣਾ ਕੇ, ਬੜੀ ਮਾਸੂਮੀਅਤ ਨਾਲ ਕਹਿੰਦੇ, 'ਪਰਚੀ ਬਣਾ ਦਿਆ ਕਰੋ ਭਾਈ, ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਕੁਝ ਨਾ ਕੁਝ ਤਾਂ ਜ਼ਰੂਰ ਭੁੱਲ ਹੀ ਜਾਂਦਾ ਹਾਂ।'
ਬੱਚਿਆਂ ਨੂੰ ਦੁੱਧ ਤੇ ਕੌਫੀ ਦੇ ਕੇ ਉਹ ਆਪਣੇ ਕਮਰੇ ਵਿਚ ਆ ਕੇ ਲੇਟ ਗਈ। ਫ਼ੋਨ ਚੁੱਕ ਕੇ ਦੇਖਿਆ ਤਾਂ ਅਜੇ ਤੱਕ ਸਕਰੀਨ 'ਤੇ ਪਾਪਾ ਦਾ ਹੀ ਨੰਬਰ ਸੀ। ਪਾਪਾ ਨੂੰ ਗਿਆਂ ਨੂੰ ਭਾਵੇਂ ਚਾਰ ਸਾਲ ਹੋ ਗਏ ਨੇ ਪਰ ਆਪਣੀ ਫ਼ੋਨ ਲਿਸਟ ਚੋਂ ਉਨ੍ਹਾਂ ਦਾ ਨੰਬਰ ਡਿਲੀਟ ਕਰਨ ਦੀ ਉਸਦੀ ਹਿੰਮਤ ਨਹੀਂ ਹੋਈ। ਉਸਨੂੰ ਯਾਦ ਆਇਆ ਕਿ ਜਦੋਂ ਪਾਪਾ ਨੂੰ ਨਵਾਂ-ਨਵਾਂ ਸਮਾਰਟ ਫ਼ੋਨ ਲੈ ਕੇ ਦਿੱਤਾ ਸੀ ਤਾਂ ਉਹ ਪ੍ਰੇਸ਼ਾਨ ਹੋ ਗਏ ਸਨ ਤੇ ਉਨ੍ਹਾਂ ਨੇ ਕਹਿਣਾ, 'ਓ ਭਾਈ, ਮੈਂ ਤਾਂ ਲੈਂਡ ਲਾਈਨ ਨਾਲ ਹੀ ਖੁਸ਼ ਹਾਂ, ਇਹ ਨਵੀਂ ਤਕਨੀਕ ਸਾਡੇ ਵਰਗੇ ਪੁਰਾਣੇ ਲੋਕਾਂ ਦੇ ਪੱਲੇ ਕਿੱਥੇ ਪੈਂਦੀ ਹੈ?'
ਪਾਪਾ ਦੀ ਪ੍ਰੋਫਾਈਲ ਫੋਟੋ ਨੂੰ ਬਹੁਤ ਹੀ ਪਿਆਰ ਨਾਲ ਨਿਹਾਰਦਿਆਂ, ਸਗੁਨਾ ਦੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਉਸ ਨੇ ਪਾਪਾ ਦਾ ਨੰਬਰ ਡਾਇਲ ਕਰ ਦਿੱਤਾ ਤੇ ਫੋਨ ਵੀ ਝੱਟ ਹੀ ਮਿਲ ਗਿਆ ਤੇ ਅੱਗੋਂ ਆਪਣੇਪਨ ਨਾਲ ਭਰੀ ਇਕ ਆਵਾਜ਼ ਸੁਣਾਈ ਦਿੱਤੀ।
'ਹੈਲੋ ਕੌਣ?'
'ਪਾਪਾ ਜੀ ਮੈਂ, ਉਸ ਨੇ ਧੜਕਦੇ ਦਿਲ ਤੇ ਕੰਬਦੀ ਆਵਾਜ਼ ਵਿਚ ਕਿਹਾ, ਤੁਸੀਂ ਪਛਾਣ ਲਿਆ ਨਾ ਮੈਨੂੰ?'
'ਹੁਣ ਪਾਪਾ ਜੋ ਕਹਿ ਰਹੀ ਹੋ ਤਾਂ ਮੇਰੀ ਬੇਟੀ ਹੀ ਹੋਵੇਗੀ।, ਉਧਰੋਂ ਕਿਸੇ ਬਜ਼ੁਰਗ ਦੀ ਹੱਸਦੀ ਹੋਈ ਆਵਾਜ਼ ਆਈ।
ਮਾਫ਼ ਕਰਨਾ ਅੰਕਲ, ਕੁਝ ਸਾਲ ਪਹਿਲਾਂ ਇਹ ਨੰਬਰ ਮੇਰੇ ਪਾਪਾ ਕੋਲ ਹੁੰਦਾ ਸੀ।' ਉਸਨੇ ਥੋੜ੍ਹਾ ਜਿਹਾ ਸੰਭਲਦੇ ਹੋਏ ਕਿਹਾ।
ਕੋਈ ਗੱਲ ਨਹੀਂ ਬੇਟਾ, ਅੱਜ ਬਹੁਤ ਹੀ ਦਿਨਾਂ ਤੋਂ ਪਿੱਛੋਂ ਕਿਸੇ ਦੇ ਮੂੰਹੋਂ ਪਾਪਾ ਸੁਣ ਕੇ, ਮੇਰਾ ਮਨ ਬਹੁਤ ਹੀ ਖੁਸ਼ ਹੋਇਐ!'
'ਮਤਲਬ ਤੁਹਾਡੇ ਬੱਚੇ ਕਿਤੇ ਦੂਰ ਰਹਿੰਦੇ ਨੇ!' ਉਹ ਉਸ ਬਜ਼ੁਰਗ ਨਾਲ ਥੋੜਾ ਜਿਹਾ ਖੁੱਲ੍ਹ ਗਈ।
'ਦੂਰ ਤਾਂ ਨਹੀਂ ਰਹਿੰਦੇ ਬੇਟਾ ਪਰ ਉਹ ਆਪਣੀ ਜ਼ਿੰਦਗੀ ਵਿਚ ਕੁਝ ਜ਼ਿਆਦਾ ਹੀ ਵਿਅਸਤ ਨੇ। ਇਕ ਹੀ ਬੇਟਾ ਹੈ, ਬਹੂ ਹੈ ਤੇ ਪੋਤਰਾ ਵੀ।
ਘਰ ਛੋਟਾ ਸੀ ਤੇ ਉਹ ਕਿਸੇ ਹੋਰ ਘਰ ਵਿਚ ਸ਼ਿਫਟ ਹੋ ਗਏ ਨੇ ਤੇ ਮੈਨੂੰ ਨਵਾਂ ਮੋਬਾਈਲ ਲੈ ਕੇ ਦੇ ਗਏ ਨੇ ਕਿ ਜਦੋਂ ਕਦੇ ਮਨ ਕਰੇ ਤਾਂ ਫ਼ੋਨ ਕਰ ਲਿਆ ਕਰਨਾ। ਨਾ ਉਨ੍ਹਾਂ ਦਾ ਕਦੇ ਫ਼ੋਨ ਆਇਆ ਤਾਂ ਨਾ ਹੀ ਕਦੇ ਮੈਂ ਕਰ ਸਕਿਆ, ਮੈਥੋਂ ਤਾਂ ਇਹ ਮੋਬਾਈਲ ਵੀ ਛੇਤੀ ਛੇਤੀ ਨਹੀਂ ਖੁੱਲ੍ਹਦਾ। ਅਸੀਂ ਪੁਰਾਣੇ ਲੋਕ, ਨਵੀਂ ਤਕਨੀਕ ਵਿਚ ਐਡਜਸਟ ਨਹੀਂ ਹੋ ਸਕਦੇ।' ਬਜ਼ੁਰਗ ਦੀ ਆਵਾਜ਼ ਵਿਚ ਉਦਾਸੀ ਸੀ। ਉਸਦੇ ਇਹ ਉਦਾਸੇ ਬੋਲ ਸੁਣ ਕੇ ਸਗੁਨਾ ਵੀ ਉਦਾਸ ਹੋ ਗਈ।
'ਸੌਰੀ ਅੰਕਲ, ਮੈਂ ਤੁਹਾਨੂੰ ਡਿਸਟਰਬ ਕੀਤਾ, ਅਸਲ 'ਚ ਮੇਰੇ ਪਾਪਾ ਵੀ ਬਿਲਕੁੱਲ ਤੁਹਾਡੇ ਵਰਗੇ ਹੀ ਸਨ। ਅੱਜ ਪਾਪਾ ਦੀ ਬਹੁਤ ਹੀ ਯਾਦ ਆ ਰਹੀ ਸੀ, ਮੈਥੋਂ ਰਿਹਾ ਨਹੀਂ ਗਿਆ ਤੇ ਮੈਂ ਤੁਹਾਨੂੰ ਫੋਨ ਮਿਲਾ ਲਿਆ।'
'ਇਹਦੇ ਵਿਚ ਸੌਰੀ ਵਾਲੀ ਕਿਹੜੀ ਗੱਲ ਹੈ ਬੇਟਾ, ਤੁਹਾਡੇ ਨਾਲ ਗੱਲ ਕਰ ਕੇ ਮੈਨੂੰ ਵੀ ਬਹੁਤ ਹੀ ਚੰਗਾ ਲੱਗਿਆ। ਬੇਟਾ ਜੇ ਤੂੰ ਬੁਰਾ ਨਾ ਮਨਾਵੇਂ ਤਾਂ ਤੂੰ ਮੈਨੂੰ ਪਾਪਾ ਕਹਿ ਸਕਦੀ ਏਂ। ਇਥੇ ਬਿਰਧ ਆਸ਼ਰਮ 'ਚ ਸਭ ਮੇਰੇ ਹਮ ਉਮਰ ਨੇ ਤੇ ਸਭ ਦੀਆਂ ਅੱਖਾਂ ਤੇ ਕੰਨ ਬੱਚਿਆਂ ਨੂੰ ਦੇਖਣ ਲਈ ਤੇ ਉਨ੍ਹਾਂ ਦੀ ਆਵਾਜ਼ ਨੂੰ ਤਰਸਦੇ ਨੇ। ਬੇਟੇ, ਤੂੰ ਅੰਦਾਜ਼ਾ ਨਹੀਂ ਲਾ ਸਕਦੀ ਕਿ ਤੇਰੇ ਨਾਲ ਗੱਲ ਕਰਕੇ ਮੈਂ ਕਿੰਨਾ ਖੁਸ਼ ਹਾਂ!' ਬਜ਼ੁਰਗ ਦੀ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਉਹ ਹੈਰਾਨ ਤੇ ਪ੍ਰੇਸ਼ਾਨ ਹੋ ਗਈ।
'ਬਿਰਧ ਆਸ਼ਰਮ, ਤੁਸੀਂ ਬਿਰਧ ਆਸ਼ਰਮ 'ਚ ਰਹਿੰਦੇ ਹੋ?' ਕੰਬਦੀ ਆਵਾਜ਼ ਵਿਚ ਉਸਨੇ ਪੁੱਛਿਆ।
'ਹਾਂ ਬੇਟਾ, ਮੈਂ ਪ੍ਰਭੂ ਆਸਰਾ ਆਸ਼ਰਮ ਵਿਚ ਰਹਿੰਦਾ ਹਾਂ।'
'ਇਸ ਦਾ ਮਤਲਬ ਕਿ ਤੁਸੀਂ ਵੀ ਗਾਜ਼ੀਆਬਾਦ ਵਿਚ ਹੀ ਹੋ। ਮੇਰਾ ਨਾਮ ਸਗੁਨਾ ਹੈ ਪਾਪਾ ਜੀ। ਹੁਣ ਮੈਂ ਰੋਜ਼ ਤੁਹਾਨੂੰ ਫੋਨ ਕਰਕੇ ਤੁਹਾਡਾ ਹਾਲ-ਚਾਲ ਪੁੱਛਿਆ ਕਰੂੰਗੀ।'
'ਹੋ ਸਕਦਾ ਹੈ ਕਿ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤੁਸੀਂ ਵੀ ਮੈਨੂੰ ਭੁੱਲ ਜਾਓ ਬੇਟਾ ? ਮੈਨੂੰ ਤਾਂ ਕੋਈ ਨੰਬਰ ਵੀ ਯਾਦ ਨਹੀਂ ਰਹਿੰਦਾ, ਤੂੰ ਬੋਲ ਬੇਟਾ, ਮੈਂ ਪਰਚੀ 'ਤੇ ਹੀ ਤੁਹਾਡਾ ਨੰਬਰ ਨੋਟ ਕਰ ਲੈਂਦਾ ਹਾਂ।' ਇਹ ਕਹਿੰਦਿਆਂ ਬਜ਼ੁਰਗ ਦੀ ਆਵਾਜ਼ ਵਿਚ ਉਤਸ਼ਾਹ ਸੀ।
'ਮੈਂ ਤੁਹਾਨੂੰ ਜ਼ਰੂਰ ਫੋਨ ਕਰਿਆ ਕਰੂੰਗੀ ਪਾਪਾ ਜੀ, ਇਹ ਹੋ ਨਹੀਂ ਸਕਦਾ ਕਿ ਮੈਂ ਤੁਹਾਨੂੰ ਭੁੱਲ ਜਾਵਾਂ। ਕਿਸੇ ਦਿਨ ਤੁਹਾਨੂੰ ਮਿਲਣ ਵੀ ਆਵਾਂਗੀ। ਤੁਸੀਂ ਤਾਂ ਬਿਲਕੁੱਲ ਮੇਰੇ ਪਾਪਾ ਵਰਗੇ ਹੋ। ਮੇਰੇ ਪਾਪਾ ਨੂੰ ਖੀਰ ਬਹੁਤ ਪਸੰਦ ਸੀ, 'ਤੁਹਾਡੇ ਲਈ ਖੀਰ ਵੀ ਬਣਾ ਕੇ ਲਿਆਂਵਗੀ।'
ਦੂਜੇ ਪਾਸਿਓਂ ਆਵਾਜ਼ ਆਉਣੀ ਬੰਦ ਹੋ ਤੇ ਸਿਰਫ਼ ਸਿਸਕਣ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ। ਸਗੁਨਾ ਦੀਆਂ ਅੱਖਾਂ ਵਿਚ ਵੀ ਪਾਣੀ ਆ ਗਿਆ ਤੇ ਉਸਨੇ ਅਣਮੰਨੇ ਜਿਹੇ ਮਨ ਨਾਲ ਫੋਨ ਕੱਟ ਦਿੱਤਾ।
'ਕੀ ਹੋਇਆ, ਤੂੰ ਕਿਉਂ ਰੋ ਰਹੀ ਏਂ ? ਉਸ ਦੇ ਪਤੀ ਨਿਤਿਨ ਨੇ ਪਿੱਛੋਂ ਉਸਦੇ ਮੋਢੇ 'ਤੇ ਹੱਥ ਧਰਦਿਆਂ ਪੁੱਛਿਆ। ਉਸ ਨੇ ਸਾਰੀ ਵਾਰਤਾ ਆਪਣੇ ਪਤੀ ਨੂੰ ਸੁਣਾ ਦਿੱਤੀ। ਉਸ ਨੇ ਫਿਰ ਮੁਸਕਰਾਉਂਦਿਆਂ ਕਿਹਾ, 'ਤੂੰ ਫਿਰ ਕਿਉਂ ਰੋ ਰਹੀ ਏਂ, ਤੈਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ ਹੈ ਕਿ ਤੈਨੂੰ ਤੇਰੇ ਨਵੇਂ ਪਾਪਾ ਮਿਲ ਗਏ, ਕੱਲ੍ਹ ਤੂੰ ਖੀਰ ਬਣਾ ਲਵੀਂ, ਚੱਲਾਂਗੇ ਆਪਾਂ ਪਾਪਾ ਨੂੰ ਮਿਲਣ। ਜੇ ਤੂੰ ਕਹੇਂਗੀ ਤਾਂ ਆਪਾਂ ਉਨ੍ਹਾਂ ਨੂੰ ਘਰ ਵੀ ਲੈ ਆਵਾਂਗੇ। ਬਜ਼ੁਰਗਾਂ ਨਾਲ ਹੀ ਘਰਾਂ ਵਿਚ ਬਰਕਤ ਪੈਂਦੀ ਹੈ।'
ਨਿਤਿਨ ਦੇ ਇਹ ਬੋਲ ਸੁਣ ਕੇ, ਸਗੁਨਾ ਉਸ ਦੇ ਗਲ ਨਾਲ ਲੱਗ ਗਈ ਤੇ ਖੁਸ਼ੀ ਵਿਚ ਪਰਲ-ਪਰਲ ਹੰਝੂ ਉਸਦੀਆਂ ਅੱਖਾਂ 'ਚੋਂ ਵਹਿਣ ਲੱਗੇ।

-20, ਸੈਕਿੰਡ ਫਲੋਰ, ਐੱਚ.ਆਈ.ਜੀ., ਰਾਜਗੁਰੂ ਨਗਰ, ਲੁਧਿਆਣਾ
ਮੋਬਾਈਲ 98142-53315

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀ ਖੰਗਰੀ ਇੱਟ ਅਗਲੀ ਖ਼ਬਰ ਲਘੂ ਕਹਾਣੀ ਖੌਫ਼
Ad Position 24