ਚੰਦ ਕੌਰ ਦੀ ਉਮਰ ਕੋਈ 75 ਕੁ ਸਾਲ ਹੈ। ਘਰਵਾਲਾ ਛੋਟੀ ਉਮਰੇ ਹੀ ਦੋ ਮੁੰਡੇ ਛੱਡ ਕੇ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ ਸਵਰਗਵਾਸ ਹੋ ਗਿਆ। ਚੰਦ ਕੌਰ ਨੇ ਬਹੁਤ ਮਿਹਨਤ ਕੀਤੀ। ਕੁਝ ਖੇਤੀ ਵਾਲੀ ਜ਼ਮੀਨ ਸੀ ਅਤੇ ਕੁਝ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਦੋਵਾਂ ਮੁੰਡਿਆਂ ਨੂੰ ਕੱਚੇ ਘਰ ਦੀ ਥਾਂ ਵਧੀਆ ਪੱਕੀਆਂ ਕੋਠੀਆਂ ਪਾ ਦਿੱਤੀਆਂ। ਦੋਵਾਂ ਮੁੰਡਿਆਂ ਦੇ ਵਿਆਹ ਕਰ ਦਿੱਤੇ। ਬੁਢੇਪੇ ਕਾਰਨ ਹੁਣ ਚੰਦ ਕੌਰ ਦੇ ਮੂੰਹ 'ਤੇ ਝੁਰੜੀਆਂ ਪੈ ਗਈਆਂ, ਗੋਡੇ ਵਿੰਗੇ ਹੋ ਗਏ ਅਤੇ ਕੁੱਬ ਨਿਕਲ ਆਇਆ। ਇਕ ਦਿਨ ਦੋਹਾਂ ਨੂੰਹਾਂ ਨੇ ਚੰਦ ਕੌਰ ਦਾ ਮਜ਼ਾਕ ਉਡਾਇਆ, ਆਖਣ ਲੱਗੀਆਂ 'ਬੇਬੇ ਜੀ ਤੂੰ ਤਾਂ ਖੰਗਰੀ ਇੱਟ ਵਰਗੀ ਹੋ ਗਈ ਏਂ।' ਚੰਦ ਕੌਰ ਨੇ ਤੁਰੰਤ ਨੂੰਹਾਂ ਨੂੰ ਮੋੜਵਾਂ ਜਵਾਬ ਦਿੱਤਾ, 'ਪੁੱਤ ਕੋਠਿਆਂ ਦੀਆਂ ਨੀਂਹਾਂ ਦੀ ਸਭ ਤੋਂ ਪਹਿਲਾਂ ਚੁਣਵਾਈ ਮਿਸਤਰੀ ਖੰਗਰੀ ਇੱਟਾਂ ਵਿਚ ਹੀ ਕਰਦੇ ਹਨ, ਤਾਂ ਹੀ ਨੀਂਹਾਂ ਮਜ਼ਬੂਤ ਹੁੰਦੀਆਂ ਹਨ।' ਹੁਣ ਨੂੰਹਾਂ ਨੂੰ ਗਲ ਨਹੀਂ ਅਹੁੜ ਰਹੀ ਸੀ ਤੇ ਚੁੱਪ ਕਰ ਕੇ ਨੀਵੀਂ ਪਾ ਲਈ।
-ਪਿੰਡ ਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਮੋਬਾਈਲ : 6284145349