'ਮੱਠੀ ਮੱਠੀ ਸਰਦੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ। ਮੌਸਮ ਤੇਜ਼ੀ ਨਾਲ ਬਦਲ ਰਿਹਾ ਸੀ। ਰਾਤ ਦਾ ਦੂਜਾ ਪਹਿਰ, ਰਾਹ ਵਾਲੀ ਬੈਠਕ 'ਚ ਸੁੱਤਾ ਪਿਆ ਗਾਮਾ ਉੱਭੜਵਾਹੇ ਉੱਠਿਆ, ਸਿਰਹਾਣੇ ਰੱਖੀ ਪਾਣੀ ਵਾਲੀ ਬੋਤਲ 'ਚੋਂ ਘੁੱਟ ਭਰ ਮੂੰਹ ਗਿੱਲਾ ਕੀਤਾ, 'ਸ਼ੁਕਰ ਐ ਮਾਲਕ ਦਾ ਇਹ ਤਾਂ ਇਕ ਸੁਪਨਾ ਹੀ ਸੀ। ਉਸ ਨੇ ਉੱਠ ਲਾਈਟ ਜਗਾ ਲਈ। ਉਸ ਨੂੰ ਖੰਘਦੇ ਤੇ ਮੰਜੇ 'ਤੇ ਬੈਠਿਆਂ ਵੇਖ ਉਸ ਦੇ ਪੁੱਤਰ ਦੀਪੇ ਨੇ ਪੁੱਛਿਆ, 'ਬਾਪੂ ਕੀ ਗੱਲ ਹੋ ਗਈ, ਕਿਉਂ ਬੈਠਾਂ, ਰਾਤ ਤਾਂ ਅਜੇ ਕਾਫ਼ੀ ਬਾਕੀ ਹੈ।'
ਸਿਰ ਸਾਫ਼ਾ ਲਪੇਟ ਉਹ ਡੂੰਘੀ ਸੋਚ ਵਿਚ ਉੱਤਰ ਗਿਆ। ਜੋ ਅੱਜ ਖੇਤੀ ਵਿਰੁੱਧ ਹੁਕਮਰਾਨਾਂ ਨੇ ਬਿੱਲ ਪਾਸ ਕਰ ਦਿੱਤਾ ਸੀ, ਅਸੀਂ ਸੱਚਮੁੱਚ ਟਿਫਨ ਚੁੱਕ ਕੇ ਆਪਣੇ ਹੀ ਖੇਤਾਂ ਵਿਚ ਦਿਹਾੜੀ ਕਰਨ ਜਾਇਆ ਕਰਾਂਗੇ?' ਤਕੜੇ ਦਾ ਸੱਤੀਂ ਵੀਹੀਂ ਸੌ, ਵੱਡੇ ਧਨਾਢ ਲੋਕਾਂ ਦੀਆਂ ਕੱਠਪੁਤਲੀਆਂ ਬਣ ਜਾਵਾਂਗੇ? ਇਕ ਬੁਲਾਰੇ ਦੇ ਸੁਣੇ ਬੋਲ ਉਸ ਦੇ ਕੰਨਾਂ 'ਚ ਸੰਖ ਵਾਂਗ ਅਜੇ ਵੀ ਗੂੰਜ ਰਹੇ ਸੀ। ਦੀਪੇ ਨੇ ਆਪਣੇ ਬਾਪੂ ਨੂੰ ਦਿਲਾਸਾ ਦੇਣ ਵਾਂਗ ਉਤਸ਼ਾਹੀ ਬੋਲਾਂ ਵਿਚ ਕਿਹਾ, 'ਕਿਸਾਨ ਅੰਦੋਲਨਾਂ ਵਿਚ ਐਵੇਂ ਨੀ ਬੈਠੇ ਬਾਪੂ, ਮਘਦੇ ਅੰਗਿਆਰ ਛੇਤੀ ਠੰਢੇ ਨਹੀਂ ਹੁੰਦੇ।' ਸੰਘਰਸ਼ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸਰਕਾਰੀ ਹਵਾਵਾਂ ਦੇ ਰੁਖ਼ ਬਦਲ ਦਿੰਦੇ ਨੇ, ਲੋਕ ਘੋਲਾਂ ਦੇ ਵੱਡੇ ਝੱਖੜ। ਲੋਕ ਆਵਾਜ਼ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ। ਉਸ ਨੇ ਆਪਣੇ ਬਾਪੂ ਨੂੰ ਤਾਂ ਹੌਸਲਾ ਦੇ ਟਿਕਾ ਦਿੱਤਾ ਸੀ ਪਰ ਆਪ ਉਹ ਇਸ ਅਣਕਿਆਸੇ ਯੁੱਧ ਵਿਚ ਲੜਨ ਲਈ ਆਪਣੇ-ਆਪ ਨੂੰ ਤਿਆਰ ਕਰਨ ਲੱਗ ਪਿਆ ਸੀ।
-ਪਿੰਡ ਤੇ ਡਾਕ: ਦੱਧਾਹੂਰ, ਤਹਿ, ਰਾਏਕੋਟ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98156-88236