21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗ਼ਜ਼ਲ ਉਸ ਨੇ ਛੇੜੀ-39 * ਗੁਰਦਿਆਲ ਰੌਸ਼ਨ *

Ad Position 21
No active advertisement
ਅਜੀਤ ਡੈਸਕ 07-09-2025

ਮੁਸ਼ੱਕਤੀ ਤੇ ਸੰਘਰਸ਼ਸ਼ੀਲ ਹੱਥ ਜਦੋਂ ਕਲਮ ਫੜਦੇ ਹਨ ਤਾਂ ਮੌਸਮ ਤਬਦੀਲ ਹੋ ਜਾਂਦੇ ਹਨ ਤੇ ਤੇ ਮਸਨੂਈ ਬਹਾਰਾਂ ਸ਼ਰਮਿੰਦਾ ਹੋ ਜਾਂਦੀਆਂ ਹਨ। ਅਜਿਹੇ ਹੀ ਹੱਥਾਂ ਵਾਲਾ ਗ਼ਜ਼ਲਕਾਰ ਹੈ ਸੁਖਦੇਵ ਸਿੰਘ ਅਰਮਾਨ ਜੋ ਆਪਣੇ ਨਿਰੰਤਰ ਅਧਿਐਨ ਅਤੇ ਗ਼ਜ਼ਲ ਸਿਰਜਣਾ ਦੀ ਲਗਾਤਾਰਤਾ ਕਾਰਨ ਪੰਜਾਬੀ ਗ਼ਜ਼ਲ ਕਾਫ਼ਿਲੇ ਦਾ ਖ਼ੂਬਸੂਰਤ ਰੁਕਨ ਬਣਿਆ ਹੈ। ਉਸ ਦੀਆਂ ਗ਼ਜ਼ਲਾਂ ਵਿਚ ਬਹੁਤਾ ਕਰਕੇ ਸਮਾਜਿਕ ਤੇ ਆਰਥਿਕ ਸਰੋਕਾਰ ਸ਼ਾਮਿਲ ਹੁੰਦੇ ਹਨ। ਮੋਹ ਮੁਹੱਬਤ 'ਤੇ ਵੀ ਉਸ ਨੇ ਸੁੰਦਰ ਸ਼ਿਅਰ ਕਹੇ ਹਨ ਪਰ ਲੋੜਾਂ ਥੁੜਾਂ ਵਾਲੇ ਲੋਕਾਂ ਦੀ ਖ਼ਾਮੋਸ਼ੀ ਨੂੰ ਉਸ ਨੇ ਪਹਿਲ ਦੇ ਆਧਾਰ 'ਤੇ ਜ਼ੁਬਾਨ ਦਿੱਤੀ ਹੈ। ਕਾਉਂਕੇ ਕਲਾਂ ਦੇ ਜੰਮਪਲ ਅਰਮਾਨ ਨੂੰ ਰੋਟੀ ਰੋਜ਼ੀ ਲੁਧਿਆਣਾ ਦੇ ਲਾਗਲੇ ਪਿੰਡ ਸਲੇਮ ਪੁਰ ਢਾਹਾਂ ਲੈ ਆਈ। ਉਸ ਨੇ ਚੋਖੀ ਗਿਣਤੀ ਵਿਚ ਗ਼ਜ਼ਲਾਂ ਲਿਖੀਆਂ ਹਨ ਪਰ ਹੁਣ ਤਕ ਸਨੇਹੀਆਂ ਦੀ ਮਦਦ ਨਾਲ ਉਸ ਦਾ ਇਕੋ ਇਕ ਗ਼ਜ਼ਲ ਸੰਗ੍ਰਹਿ 'ਸੈਲਫੀਆਂ ਲੈਂਦੀ ਧੁੱਪ' ਹੀ ਛਪ ਸਕਿਆ ਹੈ। ਅਣਸੁਖਾਵੇਂ ਹਾਲਾਤ ਵਿਚ ਵੀ ਉਹ ਚੜ੍ਹਦੀ ਕਲਾ ਵਿਚ ਰਿਹਾ ਹੈ ਤੇ ਉਸ ਨੇ ਆਪਣੇ ਮੱਥੇ ਦਾ ਸੂਰਜ ਕਦੇ ਛੁਪਣ ਨਹੀਂ ਦਿੱਤਾ। ਪੇਸ਼ ਹਨ ਸੁਖਦੇਵ ਅਰਮਾਨ ਦੀਆਂ ਦੋ ਗ਼ਜ਼ਲਾਂ : -ਮੋਬਾਈਲ : 99884-44002

 

*
ਸੁਖਦੇਵ ਸਿੰਘ ਅਰਮਾਨ
*


ਕਿਨਾਰੇ ਨੂੰ ਕਿਨਾਰੇ ਡੋਬ ਦਿੰਦੇ ਨੇ ਕਈ ਵਾਰੀ।
ਸਹਾਰੇ ਨੂੰ ਸਹਾਰੇ ਡੋਬ ਦਿੰਦੇ ਨੇ ਕਈ ਵਾਰੀ।

ਉਤਾਂਹ ਅੰਬਰ 'ਚ ਉੱਡਦੇ ਪੰਛੀਆਂ ਦੇ ਨਾਲ ਟਕਰਾ ਕੇ,
ਗ਼ੁਬਾਰੇ ਨੂੰ ਗ਼ੁਬਾਰੇ ਡੋਬ ਦਿੰਦੇ ਨੇ ਕਈ ਵਾਰੀ।

ਕਿਸੇ ਝਰਨੇ ਦੇ ਉਹਲੇ ਲੁਕਿਆ ਮਾਰੂਥਲ ਵੀ ਹੋ ਸਕਦੈ,
ਫ਼ੁਹਾਰੇ ਨੂੰ ਫ਼ੁਹਾਰੇ ਡੋਬ ਦਿੰਦੇ ਨੇ ਕਈ ਵਾਰੀ।

ਕਈ ਵਾਰੀ ਇਹ ਨਜ਼ਰਾਨੇ ਨਜ਼ਰ ਚੋਂ ਗਿਰ ਵੀ ਜਾਂਦੇ ਨੇ,
ਨਜ਼ਾਰੇ ਨੂੰ ਨਜ਼ਾਰੇ ਡੋਬ ਦਿੰਦੇ ਨੇ ਕਈ ਵਾਰੀ।

ਮੁਹੱਬਤ ਦੀ ਕਿਆਰੀ ਸੁੱਕੀ ਰਹਿ ਜਾਂਦੀ ਹੈ ਹੜ੍ਹ ਵਿਚ ਵੀ,
ਕਿਆਰੇ ਨੂੰ ਕਿਆਰੇ ਡੋਬ ਦਿੰਦੇ ਨੇ ਕਈ ਵਾਰੀ।

ਚੜ੍ਹੋ ਨਾ ਸੱਤਰੰਗੀ ਪੀਂਘ 'ਤੇ ਝੂਟਣ ਤੋਂ ਪਹਿਲਾਂ ਹੀ,
ਹੁਲਾਰੇ ਨੂੰ ਹੁਲਾਰੇ ਡੋਬ ਦਿੰਦੇ ਨੇ ਕਈ ਵਾਰੀ।


*
ਆਰ ਦੇ ਦੁੱਖ ਡੂੰਘੇ, ਪਰਲੇ ਪਾਰ ਵੀ ਤਾਂ ਨੇ ਬਿਮਾਰ।
ਕੌਣ ਜਾਣੇ ਪੀੜ, ਰਿਸ਼ਤੇਦਾਰ ਵੀ ਤਾਂ ਨੇ ਬਿਮਾਰ।

ਹਰ ਅਦਾ ਜ਼ਖਮੀ ਹੈ, ਜਲਵੇ ਹੁਸਨ ਦੇ ਨੇ ਬੇ ਕਰਾਰ।
ਤਾਪ ਚੜ੍ਹਿਆ ਸ਼ੀਸ਼ੇ ਨੂੰ, ਸ਼ਿੰਗਾਰ ਵੀ ਤਾਂ ਨੇ ਬਿਮਾਰ।

ਚਿਹਰਿਆਂ ਦੀ ਭੂਮਿਕਾ, ਦੋਹਰੀ ਹੈ ਦੋਹਰੇ ਮਾਪਦੰਡ,
ਦੋਹਰੇ ਨੇ ਕਿਰਦਾਰ, ਪਰ ਕਿਰਦਾਰ ਵੀ ਤਾਂ ਨੇ ਬਿਮਾਰ।

ਹੋ ਗਿਆ ਕਾਨੂੰਨ ਫੱਟੜ, ਸਾਂਭਦਾ ਸਰਕਾਰ ਨੂੰ,
'ਕੱਲਾ ਨਾ ਦਰਬਾਰ, ਪਹਿਰੇਦਾਰ ਵੀ ਤਾਂ ਨੇ ਬਿਮਾਰ।

ਗਮਲਿਆਂ ਨੂੰ ਹੋ ਗਿਆ ਯਰਕਾਨ ਬਦਲੀ ਰੁੱਤ ਜਦ,
ਫੁੱਲ ਖਿੜੇ ਜੋ ਪਿਆਰ ਦੇ, ਇਸ ਵਾਰ ਵੀ ਤਾਂ ਨੇ ਬਿਮਾਰ।

ਖੇਡਦੇ ਸਾਡੇ ਲਹੂ ਨਾ, ਰਹਿਣਗੇ ਕਦ ਤੀਕ ਵੈਦ,
ਜੋ ਬਣੇ ਲੁਕਮਾਨ, ਸਾਡੇ ਯਾਰ ਵੀ ਤਾਂ ਨੇ ਬਿਮਾਰ।

Ad Position 22
No active advertisement
ਪਿਛਲੀ ਖ਼ਬਰ ਲਘੂ ਕਹਾਣੀ ਖੌਫ਼ ਅਗਲੀ ਖ਼ਬਰ ਔਰਤ
Ad Position 24