ਪਤਾ ਨਹੀਂ ਰੱਬ ਨੇ ਉਸ ਦੇ ਨਸੀਬ ਵਿਚ ਕੀ ਲਿਖਿਆ ਸੀ। ਉਹ ਜ਼ਿੰਦਗੀ ਨੂੰ ਜਿੰਨਾ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰਦੀ ਜਿੰਦਗੀ ਉਨੀ ਹੀ ਉਲਝ ਕੇ ਰਹਿ ਜਾਂਦੀ। ਦੁੱਖਾਂ- ਦਰਦਾਂ ਦੀਆਂ ਚੀਸਾਂ ਉਸ ਦਾ ਪਿੱਛਾ ਨਹੀਂ ਸਨ ਛੱਡ ਰਹੀਆਂ। ਦੁਖਣਾ ਤੇ ਧੁਖਣਾ ਉਸ ਦਾ ਨਸੀਬ ਬਣ ਚੁੱਕਾ ਸੀ। ਉਹ ਜਿੰਨਾ ਰਿਸ਼ਤਿਆਂ ਨੂੰ ਸਹੇਜ ਕੇ ਰੱਖਦੀ, ਰਿਸ਼ਤੇ ਉਤਨੇ ਹੀ ਦੂਰ ਹੋ ਰਹੇ ਸਨ। ਉਸ ਨੂੰ ਆਪਣੀ ਮਾਂ ਦੀ ਕਹੀ ਹੋਈ ਨਸੀਹਤ ਵੀ ਬੇ-ਮਤਲਬ ਜਿਹੀ ਲੱਗ ਰਹੀ ਸੀ ਕਿ ਰਿਸ਼ਤੇ ਬਣਾਉਣਾ ਆਸਾਨ ਹੁੰਦਾ ਹੈ ਪਰ ਨਿਭਾਣਾ ਬਹੁਤ ਮੁਸ਼ਕਿਲ, ਪੈਸਾ ਕਮਾਉਣਾ ਆਸਾਨ ਹੁੰਦਾ ਹੈ ਪਰ ਉਸ ਨੂੰ ਉਚਿਤ ਉਪਭੋਗ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਸਨੂੰ ਇਹ ਦੋਵੇਂ ਗੱਲਾਂ ਸਮਝ ਆ ਜਾਣ ਉਸ ਦੇ ਪਰਿਵਾਰ ਵਿਚ ਸ਼ਾਂਤੀ ਤੇ ਸਮਾਜ ਵਿਚ ਸ਼ੋਭਾ ਹੁੰਦੀ ਹੈ। ਉਸ ਦੇ ਲਈ ਇਹ ਦੋਵੇਂ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਸਨ। ਉਸ ਨੇ ਪਰਿਵਾਰਿਕ ਰਿਸ਼ਤਿਆਂ ਨੂੰ ਰੱਜ ਕੇ ਪਿਆਰ ਦਿੱਤਾ ਸੀ ਪਰ ਉਸ ਨੂੰ ਬਣਦਾ ਮਾਣ ਨਾ ਮਿਲ ਸਕਿਆ। ਉਸ ਨੇ ਕਮਾਈ ਵੀ ਕੀਤੀ ਪਰ ਕੋਈ ਮੁੱਲ ਨਾ ਪਿਆ।
ਦੁੱਖਾਂ, ਕਲੇਸ਼ਾਂ ਦੀ ਭੱਠੀ ਵਿਚ ਧੁਖਦਿਆਂ ਉਸ ਦੀ ਉਮਰ ਲੰਘ ਗਈ ਪਰ ਸੁੱਖਾਂ ਦੇ ਪਲ ਉਸ ਨੂੰ ਨਸੀਬ ਨਾ ਹੋਏ। ਉਸ ਦੇ ਮਨ ਦਾ ਸਕੂਨ ਪਤਾ ਨਹੀਂ ਕਿੱਥੇ ਖੰਭ ਲਾ ਕੇ ਉੱਡ ਗਿਆ। ਉਹ ਆਪਣੇ ਆਪ ਨਾਲ ਸਵਾਲ ਕਰਦਿਆਂ ਸੋਚਦੀ ਕਿ ਉਸ ਦੇ ਗੁਨਾਹ ਵੱਡੇ ਹਨ ਜਾਂ ਉਸ ਨੂੰ ਨਾ ਸਮਝਣ ਵਾਲੇ ਦਾ ਕਿਰਦਾਰ ਛੋਟਾ ਹੈ। ਅਜਿਹਾ ਵਿਚਾਰ ਆਉਂਦੇ ਹੀ ਉਹ ਕਾਪੀ ਪੈਨ ਲੈ ਆਪਣੇ ਬੀਤੇ ਪਲਾਂ ਦਾ ਹਿਸਾਬ-ਕਿਤਾਬ ਲਗਾਉਣ ਲੱਗ ਪਈ। ਆਪਣੀ ਬੀਤੀ ਜ਼ਿੰਦਗੀ ਦਾ ਹਰ ਪਲ ਉਸ ਨੂੰ ਅੱਜ ਵੀ ਯਾਦ ਸੀ ਜੋ ਪੰਜਾਹ ਵਰ੍ਹੇ ਬੀਤਣ ਮਗਰੋਂ ਵੀ ਉਸ ਦਾ ਮਨ ਮਸਤਕ ਵਿਚ ਉਸੇ ਤਰ੍ਹਾਂ ਉਕਰਿਆ ਹੋਇਆ ਸੀ।
ਉਸ ਨੇ ਲਿਖਣਾ ਸ਼ੁਰੂ ਕੀਤਾ- ਵਿਆਹ ਤੋਂ ਪਹਿਲਾਂ ਜੋਬਨ ਰੁੱਤੇ ਹਰ ਕੁਆਰੀ ਕੁੜੀ ਵਾਂਗ ਉਸ ਨੇ ਵੀ ਕਈ ਸੱਜਰੇ ਸੁਪਨੇ ਵੇਖੇ ਸਨ, ਤੇ ਇਨ੍ਹਾਂ ਸੁਪਨਿਆਂ ਵਿਚ ਵਿਚਰਦੇ ਹੀ ਉਸ ਦੀ ਰਾਤ ਗੁਜ਼ਰਦੀ। ਬੇਸ਼ੱਕ ਉਸ ਦਾ ਪਰਿਵਾਰ ਪੜ੍ਹਿਆ-ਲਿਖਿਆ ਸੀ ਪਰ ਸੋਚ ਵਜੋਂ ਕਾਫੀ ਪਿਛੜਿਆ ਹੋਇਆ ਸੀ। ਜਿੱਥੇ ਕੁਆਰੀਆਂ ਧੀਆਂ ਨੂੰ ਢੇਰ ਸਾਰੀਆਂ ਸਮਾਜਿਕ ਪਾਬੰਦੀਆਂ ਵਿਚ ਕੈਦ ਰੱਖਿਆ ਜਾਂਦਾ ਸੀ। ਅਜਿਹੇ ਵਰਗ ਦੇ ਮਰਦਾਂ ਨੂੰ ਹਮੇਸ਼ਾ ਇੰਝ ਲੱਗਦਾ ਜਿਵੇਂ ਔਰਤ ਇਕ ਨਾ ਸਮਝ ਪ੍ਰਾਣੀ ਹੈ। ਉਸ ਨੂੰ ਮਰਦਾਂ ਦੇ ਬਣਾਏ ਹੋਏ ਅਸੂਲਾਂ 'ਤੇ ਹੀ ਚੱਲਣਾ ਚਾਹੀਦਾ ਹੈ। ਐਸੇ ਵਰਗ ਸਮਾਜ ਵਿਚ ਮਸਲੇ ਸਮਾਜਿਕ ਜਾਂ ਆਰਥਿਕ ਹੋਣ, ਹਰ ਫੈਸਲਾ ਮਰਦਾਂ ਲਈ ਸੁਰੱਖਿਅਤ ਹੈ। ਭਾਵ ਹਰ ਨਿਰਨਾ ਮਰਦ ਜਾਤ ਨੇ ਹੀ ਲੈਣਾ ਹੁੰਦਾ ਹੈ। ਅਜਿਹੇ ਵਰਗ ਵਿਚ ਉਸ ਨੂੰ ਔਰਤ ਦਾ ਵਜੂਦ ਬਸ ਇਕ ਪੱਥਰ ਦੀ ਮੂਰਤ ਵਾਂਗ ਜਾਪਦਾ। ਪਰ ਸਮੇਂ ਦੇ ਹਾਣ ਦੀਆਂ ਗੱਲਾਂ ਕਰਨ ਵਾਲੀ ਪ੍ਰੀਤ ਦੇ ਸੁਪਨੇ ਤਾਂ ਲੰਮੀਆਂ ਉਡਾਰੀਆਂ ਭਰਨਾ ਲੋਚਦੇ ਸਨ। ਸਜਣਾ-ਸੰਵਰਨਾ, ਘੁੰਮਣਾ-ਫਿਰਨਾ ਤੇ ਬਾਹਰਲੀ ਦੁਨੀਆਂ ਵੇਖਣ ਦਾ ਉਸ ਨੂੰ ਡਾਢ੍ਹਾ ਚਾਅ ਸੀ। ਉਹ ਜਦ ਵੀ ਕੋਈ ਅਜੇਹੀ ਖਾਹਿਸ਼ ਜ਼ਾਹਿਰ ਕਰਦੀ ਤਾਂ ਉਸ ਦੀ ਬੇਬੇ ਉਹਨੂੰ ਇਹ ਕਹਿ ਕੇ ਟਾਲ ਦਿੰਦੀ ਕਿ ਉਹ ਆਪਣੇ ਘਰ ਜਾ ਕੇ ਅਜਿਹੀਆਂ ਖਾਹਿਸ਼ਾਂ ਪੂਰੀਆਂ ਕਰੇ। ਹਰ ਕਦਮ 'ਤੇ ਉਸ ਦੀ ਹਰ ਖਾਹਿਸ਼ ਦਾ ਗਲਾ ਘੋਟ ਦਿੱਤਾ ਜਾਂਦਾ। ਘਰ ਦੀ ਛੱਤ ਉੱਤੇ ਜਾਣ 'ਤੇ ਪਾਬੰਦੀ, ਉੱਚੀ ਅੱਡੀ ਵਾਲੀ ਜੁੱਤੀ ਪਾਉਣ 'ਤੇ ਪਾਬੰਦੀ, ਸਜਣ-ਸੰਵਰਨ 'ਤੇ ਪਾਬੰਦੀ, ਦੋ ਗੁੱਤਾ ਕਰਨ 'ਤੇ ਪਾਬੰਦੀ! ਭਾਵ ਜੋਬਨ ਰੁੱਤੇ ਉਸ ਦੀ ਹਰ ਖਾਹਿਸ਼ ਦਾ ਗਲਾ ਘੋਟਿਆ ਜਾਂਦਾ। ਉਸ ਨੂੰ ਇਹ ਕਹਿ ਕੇ ਵਰਜ਼ ਦਿੱਤਾ ਜਾਂਦਾ-
ਕੁਆਰੀਆਂ ਕੁੜੀਆਂ ਨੂੰ ਇਹ ਸਭ ਸ਼ੋਭਾ ਨਹੀਂ ਦਿੰਦਾ!
ਆਪਣੇ ਅਰਮਾਨਾਂ ਦਾ ਗਲਾ ਘੁੱਟ ਹੁੰਦਾ ਵੇਖ ਕੇ ਉਹ ਬੇਹੱਦ ਖੱਪਦੀ-ਖਿੱਝਦੀ ਤੇ ਛਟਪਟਾਂਦੀ। ਆਪਣੇ ਅੰਦਰ ਮਚਦੇ ਭਾਂਬੜਾਂ ਨੂੰ ਆਪਣੇ ਹੀ ਹੰਝੂਆਂ ਨਾਲ ਠਾਰਨ ਦੀ ਕੋਸ਼ਿਸ਼ ਕਰਦੀ। ਇਨ੍ਹਾਂ ਢੇਰ ਸਾਰੀਆਂ ਪਾਬੰਦੀਆਂ ਕਾਰਨ ਹੀ ਹਰ ਪਲ ਹੱਸਣ-ਖੇਡਣ ਵਾਲੀ ਖੁਸ਼ਮਿਜਾਜ਼ ਪ੍ਰੀਤ ਖੱਪਣ ਤੇ ਖਿੱਝਣ ਲੱਗ ਗਈ।
ਇੱਥੇ ਹੀ ਬਸ ਨਹੀਂ ਸੀ ਹੁੰਦੀ, ਪਰਿਵਾਰ ਦੇ ਵੱਡੇ ਭਰਾਵਾਂ ਜਾਂ ਪਿਤਾ ਸਾਹਮਣੇ ਜਾਣ ਦੀ ਜ਼ੁਅਰਤ ਨਹੀਂ ਸੀ ਹੁੰਦੀ, ਪਤਾ ਨਹੀਂ ਕਿਹੜੀ ਕਮੀ ਨਜ਼ਰ ਆ ਜਾਵੇ ਤੇ ਉਨ੍ਹਾਂ ਦਾ ਰੋਬਦਾਰ ਭਾਸ਼ਨ ਸ਼ੁਰੂ ਹੋ ਜਾਵੇ। ਆਪਣੇ ਆਪ ਨਾਲ ਸਮਝੌਤਾ ਕਰਕੇ ਉਹ ਮੁੜ ਆਪਣੇ ਮਨ ਨੂੰ ਧਰਵਾਸ ਦੇ, ਭਵਿੱਖ ਦੇ ਸੁਨਹਿਰੀ ਸੁਪਨਿਆਂ ਵਿਚ ਗੁਆਚ ਜਾਂਦੀ। ਬੇਬੇ ਵਲੋਂ ਦਿੱਤੀਆਂ ਨਸੀਹਤਾਂ ਦੇ ਉਲਟ ਉਹ ਸੋਚਦੀ ਕਿ ਉਹ ਇਨਸਾਨ ਕਿੰਨਾ ਚੰਗਾ ਹੋਵੇਗਾ ਜਿਹੜੇ ਉਸ ਦੇ ਪਰਿਵਾਰ ਦੇ ਪਿਛੜੇ ਰੀਤੀ-ਰਿਵਾਜ਼ਾਂ ਤੋਂ ਆਜ਼ਾਦ ਕਰਕੇ ਉਸ ਨੂੰ ਨਵੀਂ ਦੁਨੀਆਂ ਦਿਖਾਏਗਾ। ਉਸ ਦੇ ਸਾਰੇ ਅਰਮਾਨਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ।
ਪ੍ਰੀਤ ਦੀ ਬੇਬੇ ਉਸ ਨੂੰ ਕੋਲ ਬਿਠਾ ਨਸੀਹਤਾਂ ਦਿੰਦੀ ਕਿ- ਔਰਤ ਦਾ ਅਸਲੀ ਘਰ ਤਾਂ ਉਸ ਦਾ ਸੁਹਰਾ ਪਰਿਵਾਰ ਹੁੰਦਾ ਹੈ ਨਾ ਕਿ ਪੇਕਿਆਂ ਦਾ ਘਰ। ਮਾਪਿਆਂ ਦਾ ਘਰ ਤਾਂ ਸਿਰਫ ਵਕਤੀ ਤੌਰ 'ਤੇ ਸਿਖਲਾਈ ਕੇਂਦਰ ਵਜੋਂ ਹੁੰਦਾ ਹੈ ਜਿੱਥੋਂ ਉਹ ਚੰਗੇ ਸੰਸਕਾਰ ਲੈ, ਪਤੀ ਦੇ ਘਰ ਦਾ ਗ੍ਰਹਿਸਥ ਜੀਵਨ ਸੰਭਾਲਣ ਯੋਗ ਬਣਦੀ ਹੈ। ਮਾਂ ਦੇ ਇਹ ਬੋਲ ਪ੍ਰੀਤ ਦੇ ਧੁਰ ਅੰਦਰ ਤੱਕ ਸਕੂਨ ਦੀਆਂ ਤਰੰਗਾਂ ਛੇੜ ਦਿੰਦੇ।
ਉਹ ਸੋਚਦੀ-ਇਕ ਦਿਨ ਉਸ ਦਾ ਵੀ ਆਪਣਾ ਘਰ ਹੋਵੇਗਾ ਜਿੱਥੇ ਉਹ ਆਪਣੀ ਮਰਜ਼ੀ ਨਾਲ ਜੀਅ ਸਕੇਗੀ ਤੇ ਆਪਣੇ ਸੁਪਨਿਆਂ ਨੂੰ ਆਪਣੀ ਮਰਜ਼ੀ ਨਾਲ ਸਾਕਾਰ ਕਰੇਗੀ...ਤੇ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਵੀ ਉਸ ਦੇ ਸਾਰੇ ਸੁਪਨੇ ਪੂਰੇ ਕਰਨ ਵਿਚ ਸਹਾਈ ਹੋਵੇਗਾ।
ਅਜਿਹੀਆਂ ਸੋਚਾਂ ਸੋਚਦਿਆਂ ਉਹ ਆਪਣੇ ਮਨ ਅੰਦਰ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੀ ਪਿਆਰੀ ਜਿਹੀ ਤਸਵੀਰ ਘੜ ਲੈਂਦੀ ਜਿਹੜੀ ਉਸ ਦੀ ਪਾਕ-ਪਵਿੱਤਰ ਰੂਹ ਵਿਚ ਜਾ ਸਮਾਂਦੀ। ਉਸ ਨੂੰ ਯਾਦ ਕਰ ਕਰ ਪ੍ਰੀਤ ਆਪਣੇ ਆਉਣ ਵਾਲੇ ਕੱਲ੍ਹ ਦੇ ਸੁਪਨਿਆਂ ਦੇ ਤਾਣੇ-ਬਾਣੇ ਬੁਣਨ ਲੱਗਦੀ।
ਉਹ ਸੋਚਦੀ-
ਮੈਂ ਉਸ ਦਾ ਹੱਥ ਫੜ ਲੰਮੀ ਉਡਾਰੀ ਮਾਰ ਸਾਰਾ ਬ੍ਰਹਿਮੰਡ ਘੁੰਮਾਂਗੀ!
ਮਨ ਵਿਚ ਆਏ ਇਸ ਵਿਚਾਰ ਨਾਲ ਉਹ ਖੁਸ਼ੀ ਨਾਲ ਬਾਗੋ-ਬਾਗ ਹੋ ਜਾਂਦੀ। ਵਿਚ ਸੁਖਦ ਜਿਹਾ ਅਹਿਸਾਸ ਉਸ ਦੇ ਰੋਮ-ਰੋਮ ਵਿਚ ਸਮਾ ਜਾਂਦਾ। ਉਸ ਦੀਆਂ ਕਲਪਨਾਵਾਂ ਦੇ ਘੋੜੇ ਖੰਭ ਲਾ ਸੱਤਵੇਂ ਅਸਮਾਨ ਤੱਕ ਪੁੱਜ ਜਾਂਦੇ। ਆਪਣੇ ਜੀਵਨ ਲਈ ਉਸ ਨੇ ਇੰਦਰ ਧਨੁਸ਼ ਤੋਂ ਵੀ ਸੋਹਣੇ ਰੰਗਾਂ ਨਾਲ ਸੁਪਨੇ ਸਜਾਏ ਸਨ...ਤੇ ਆਖਿਰ ਉਹ ਦਿਨ ਵੀ ਆ ਗਿਆ ਜਦ ਉਸ ਦਾ ਸੁਪਨਾ ਸਾਕਾਰ ਹੋਇਆ। ਪ੍ਰੀਤ ਦੇ ਸੁਪਨਿਆਂ ਦਾ ਰਾਜਕੁਮਾਰ ਉਸ ਨੂੰ ਵਿਆਹ ਕੇ ਲੈ ਗਿਆ। ਪ੍ਰੀਤ ਬੇਹੱਦ ਖੁਸ਼ ਸੀ ਉਸ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਸੀ, ਪਾਬੰਦੀਆਂ ਤੋਂ ਮੁਕਤ ਤੇ ਖੇੜਿਆਂ ਭਰੀ ਸੇਜ 'ਤੇ ਕਦਮ ਰੱਖਣ ਜਾ ਰਹੀ ਸੀ ਪਰ ਉਸ ਨੂੰ ਕੀ ਪਤਾ ਸੀ ਕਿਸਮਤ ਕੁਝ ਹੋਰ ਹੀ ਖੇਡ ਰਚਾਈ ਬੈਠੀ ਸੀ। ਆਪਣੀ ਜ਼ਿੰਦਗੀ ਨੂੰ ਲੈ ਕੇ ਜੋ ਮਹਿਲ ਉਸ ਨੇ ਉਸਾਰੇ ਸਨ, ਉਹ ਉਸ ਵੇਲੇ ਪਲ-ਛਿਣ ਵਿਚ ਹੀ ਢਹਿ-ਢੇਰੀ ਹੋ ਗਏ ਜਦ ਨਵ-ਵਿਆਹੀ ਪ੍ਰੀਤ ਦੇ ਸੁਹਰੇ ਘਰ ਪਹੁੰਚਣ 'ਤੇ ਕਿਸੇ ਨੇ ਵੀ ਉਸ ਦਾ ਸਵਾਗਤ ਨਾ ਕੀਤਾ। ਇਸ ਪੱਖੋਂ ਉਸ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਕਰਮਾ ਵੀ ਲਾਚਾਰ ਦਿਖਾਈ ਦਿੱਤਾ। ਕਰਮੇ ਦਾ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਕਰਮਾ ਏਨੀ ਛੇਤੀ ਵਿਆਹ ਕਰੇ।
ਪ੍ਰੀਤ ਨੂੰ ਕਰਮੇ ਤੋਂ ਪਤਾ ਲੱਗਾ ਕਿ ਉਸ ਦਾ ਬਾਪੂ ਉਸ ਦੇ ਬਚਪਨ ਵਿਚ ਹੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਉਸ ਦੇ ਜਾਣ ਪਿੱਛੋਂ ਇਹ ਘਰ ਕਰਮੇ ਦੀ ਕਮਾਈ ਨਾਲ ਹੀ ਚਲਦਾ ਸੀ। ਸ਼ਾਇਦ ਇਸੇ ਲਈ ਕਰਮੇ ਦੀ ਬੇਬੇ ਘਰ ਵਿਚ ਆਈ ਆਪਣੀ ਨੂੰਹ ਦਾ ਸਵਾਗਤ ਨਾ ਕਰ ਸਕੀ ਤੇ ਨਾ ਹੀ ਉਸ ਨੂੰ ਨੂੰਹ ਦੇ ਘਰ ਆਉਣ 'ਤੇ ਕੋਈ ਖੁਸ਼ੀ ਹੋਈ। ਪ੍ਰੀਤ ਨੇ ਸੱਸ ਦੇ ਅੰਦਰ ਦੇ ਭਾਵ ਉਸ ਦੇ ਚਿਹਰੇ ਤੋਂ ਪੜ੍ਹ ਲਏ ਸਨ। ਘਰ ਵਿਚ ਸੱਤ ਜੀਅ ਖਾਣ ਵਾਲੇ ਸਨ ਤੇ ਕਮਾਣ ਵਾਲਾ ਬਸ ਕਰਮਾ ਹੀ ਸੀ।
ਘਰ ਦੇ ਚੌਹਾਂ ਪਾਸਿਓਂ ਕਰਮੇ ਦੀ ਗਰੀਬੀ ਸਾਫ਼ ਝਾਕ ਰਹੀ ਸੀ ਜਿਸ ਨੂੰ ਵੇਖ ਪ੍ਰੀਤ ਦੇ ਸਾਰੇ ਸੁਪਨੇ ਮਿੱਟੀ ਹੋ ਗਏ। ਇੰਨੀ ਛੇਤੀ ਜ਼ਿੰਦਗੀ ਦਾ ਇਹ ਰੰਗ ਦੇਖਣ ਨੂੰ ਮਿਲੇਗਾ ਉਸ ਨੇ ਇਸਦੀ ਕਲਪਨਾ ਨਹੀਂ ਸੀ ਕੀਤੀ। ਉਸ ਦੇ ਸੁਪਨਿਆਂ ਦਾ ਮਹਿਲ ਚਕਨਾਚੂਰ ਹੋ ਗਿਆ। ਉਸ ਦਾ ਦਿਮਾਗ਼ ਸੁੰਨ ਤੇ ਸਰੀਰ ਪੱਥਰ ਹੋ ਗਿਆ। ਪਰ ਕਿਸਮਤ ਅੱਗੇ ਕਿਸੇ ਦੀ ਨਹੀਂ ਚੱਲਦੀ...ਇਹ ਸੋਚ, ਉਸ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ। ਕਰਮੇ ਨੂੰ ਇਕੱਲਿਆਂ ਕੰਮ ਕਰਦੇ ਦੇਖ ਪ੍ਰੀਤ ਨੂੰ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਗ਼ਰੀਬੀ ਨੇ ਕਰਮੇ ਦਾ ਪਿੱਛਾ ਨਹੀਂ ਛੱਡਣਾ। ਸੋ ਅਜਿਹੇ ਹਾਲਾਤ ਨੂੰ ਵੇਖਦੇ ਹੋਏ ਪ੍ਰੀਤ ਨੇ ਵੀ ਸ਼ੇਰਨੀ ਬਣ ਉਨ੍ਹਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕਰ ਲਿਆ।
ਪ੍ਰੀਤ ਦੀ ਕਮਾਈ ਨਾਲ ਕਰਮੇ ਦੇ ਦਿਨ ਬਦਲਣੇ ਸ਼ੁਰੂ ਹੋ ਗਏ। ਘਰ ਦੇ ਹਾਲਾਤ ਵੀ ਸੁਖਾਲੇ ਹੋਣ ਲੱਗ ਪਏ। ਦੋਨਾਂ ਦੀ ਮਿਹਨਤ ਨਾਲ ਕਰਮੇ ਦੇ ਭੈਣ-ਭਰਾ ਵੀ ਆਪਣੇ ਪੈਰਾਂ 'ਤੇ ਖੜ੍ਹੇ ਹੁੰਦੇ ਗਏ ਤੇ ਵਿਆਹੇ ਵੀ ਗਏ।
ਇਸ ਲੰਮੇ ਤੇ ਕਠਿਨ ਸੰਘਰਸ਼ ਦੌਰਾਨ ਕਰਮੇ ਦੇ ਆਪਣੇ ਬੱਚੇ ਵੀ ਜਵਾਨ ਹੋ ਗਏ। ਚੰਗੇ ਸਕੂਲਾਂ ਵਿਚ ਪੜ੍ਹ ਕੇ, ਤੇ ਚੰਗੇ ਸੰਸਕਾਰਾਂ ਵਿਚ ਪਲ ਕੇ ਉਹ ਉੱਚੇ ਅਹੁਦਿਆਂ 'ਤੇ ਪਹੁੰਚ ਗਏ। ਜਲਦੀ ਹੀ ਕਰਮੇ ਦੇ ਹਾਲਾਤ ਸੁਧਰ ਗਏ। ਗਰੀਬੀ ਕੋਹਾਂ ਪਿੱਛੇ ਛੁੱਟ ਗਈ। ਹੁਣ ਕਰਮੇ ਦਾ ਸ਼ਹਿਰ ਵਿਚ ਆਪਣਾ ਰੁਤਬਾ ਸੀ। ਇਸ ਕਾਮਯਾਬੀ ਦੇ ਨਾਲ-ਨਾਲ ਕਰਮੇ ਤੇ ਪ੍ਰੀਤ ਨਾਲ ਇਕ ਤ੍ਰਾਸਦੀ ਇਹ ਵੀ ਵਾਪਰੀ ਕਿ ਜਿਉਂ-ਜਿਉਂ ਹਾਲਾਤ ਸੁਧਰਦੇ ਗਏ ਤਿਉਂ ਤਿਉਂ ਦੋਹਾਂ ਦੇ ਪਰਿਵਾਰਿਕ ਰਿਸ਼ਤੇ ਵਿਗੜਦੇ ਗਏ। ਕਰਮਾ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਉਸ ਨੂੰ ਹੁਣ ਪ੍ਰੀਤ ਤੋਂ ਵੱਧ ਬਾਹਰਲੀ ਦੁਨੀਆ ਜ਼ਿਆਦਾ ਚੰਗੀ ਲੱਗਦੀ। ਪ੍ਰੀਤ ਨਾਲ ਹਰ ਵੇਲੇ ਖਿੱਝਣਾ-ਖਹਿਣਾ ਉਸ ਦਾ ਨਿਤ ਦਾ ਨੇਮ ਸੀ। ਪ੍ਰੀਤ ਜਿਸ ਨੇ ਹਰ ਕਦਮ 'ਤੇ ਕਰਮੇ ਦਾ ਸਾਥ ਦਿੱਤਾ ਹੁਣ ਉਹ ਉਹਦੇ ਲਈ ਅਨਪੜ੍ਹ ਗਵਾਰ ਹੋ ਗਈ ਸੀ। ਕਰਮੇ ਦੇ ਇਸ ਵਰਤਾਵ ਨਾਲ ਉਹ ਬਹੁਤ ਦੁਖੀ ਹੁੰਦੀ। ਉਸ ਦੇ ਸਵੈਮਾਣ ਨੂੰ ਗਹਿਰੀ ਸੱਟ ਵਜਦੀ। ਆਪਣੇ ਅਰਮਾਨਾਂ ਨੂੰ ਕੁਚਲ ਉਸ ਨੇ ਜੋ ਮਿਨਾਰ ਖੜ੍ਹਾ ਕੀਤਾ ਸੀ, ਢਹਿ-ਢੇਰੀ ਹੋ ਗਿਆ। ਕਰਮਾਂ ਤੇ ਪ੍ਰੀਤ ਇਕ ਛੱਤ ਥੱਲੇ ਦੋ ਅਜਨਬੀਆਂ ਦੀ ਤਰ੍ਹਾਂ ਰਹਿ ਰਹੇ ਸਨ। ਜਿਸ ਔਰਤ ਨੇ ਉਸ ਨੇ ਹਨੇਰਿਆਂ 'ਚੋਂ ਕੱਢ ਚਾਨਣ ਦਿਖਾਇਆ ਸੀ ਅੱਜ ਉਸ ਦੀ ਬੁੱਕਤ ਦੋ ਕੌਡੀ ਦੀ ਰਹਿ ਗਈ ਸੀ। ਕਰਮੇ ਦੀ ਹਰ ਸ਼ਾਮ ਘਰੋਂ ਬਾਹਰ ਹੀ ਰੰਗੀਨ ਹੁੰਦੀ। ਉਹ ਇਕ ਆਜ਼ਾਦ ਪਰਿੰਦੇ ਦੀ ਤਰ੍ਹਾਂ ਡਾਲੀ-ਡਾਲੀ ਮੰਡਰਾਉਂਦਾ ਰਹਿੰਦਾ। ਪ੍ਰੀਤ ਨੂੰ ਤਾਂ ਬਸ ਇਸੇ ਵਿਚ ਸੰਤੋਖ ਸੀ ਕਿ ਉਹ ਹਰ ਰਾਤ ਉਸ ਦੇ ਹੀ ਆਲ੍ਹਣੇ ਵਿਚ ਬਿਤਾਂਦਾ ਹੈ।
ਪ੍ਰੀਤ ਹੁਣ ਜਦ ਵੀ ਪਿਛਾਂਹ ਮੁੜ ਆਪਣੀ ਜ਼ਿੰਦਗੀ ਲਈ ਵੇਖੇ ਸੁਪਨਿਆਂ ਵੱਲ ਝਾਕਦੀ ਤਾਂ ਬਹੁਤ ਦੁਖੀ ਹੁੰਦੀ। ਉਸ ਨੇ ਸਾਰੀ ਜ਼ਿੰਦਗੀ ਨੂੰ ਜੀਅ ਕੇ ਨਹੀਂ, ਭੋਗ ਕੇ ਦੇਖਿਆ ਸੀ।
ਅੱਜ ਦੀ ਆਧੁਨਿਕ ਸੋਸਾਇਟੀ ਵਿਚ ਪੜ੍ਹੇ ਬੱਚੇ ਵੀ ਵਿਆਹੇ ਗਏ। ਇਨ੍ਹਾਂ ਦੀ ਕਾਮਯਾਬੀ ਪਿੱਛੇ ਪ੍ਰੀਤ ਦੀ ਅਣਥੱਕ ਮਿਹਨਤ ਸੀ ਜਿਸ ਸਦਕਾ ਉਹ ਸਮਾਜ ਵਿਚ ਉੱਚਾ ਮੁਕਾਮ ਹਾਸਿਲ ਕਰ ਸਕੇ। ਹੁਣ ਪੜ੍ਹੇ-ਲਿਖੇ ਬੇਟੇ ਨੂੰ ਵੀ ਪ੍ਰੀਤ ਵਿਚ ਕਮੀਆਂ ਲੱਭਣ ਲੱਗ ਪਈਆਂ। ਉਹ ਵੀ ਹੁਣ ਪ੍ਰੀਤ 'ਤੇ ਹਰ ਗੱਲ 'ਤੇ ਖਿਝਦਾ-
'ਤੁਸੀਂ ਬਹੁਤ ਬੋਲਦੇ ਹੋ...ਤੁਹਾਨੂੰ ਟੋਕਾ-ਟਾਕੀ ਕਰਨ ਦੀ ਬਹੁਤ ਆਦਤ ਹੈ...ਮੈਂ ਬੱਚਾ ਨਹੀਂ ਹਾਂ, ਮੈਨੂੰ ਪੈਰ-ਪੈਰ 'ਤੇ ਸਮਝਾਉਂਦੇ ਹੋ...ਘੱਟ ਬੋਲਿਆ ਕਰੋ।'
ਪੁੱਤ ਦੇ ਇਹ ਲਫਜ਼ ਉਸ ਦਾ ਕਲੇਜਾ ਵਿੰਨ ਦਿੰਦੇ। ਉਹ ਖਾਮੋਸ਼ ਹੋ ਜ਼ਹਿਰ ਦਾ ਘੁੱਟ ਭਰ ਲੈਂਦੀ। ਜਿਸ ਔਲਾਦ ਨੂੰ ਚੱਲਣਾ ਸਿਖਾਇਆ, ਬੋਲਣਾ ਸਿਖਾਇਆ, ਸਮਾਜ ਵਿਚ ਵਿਚਰਨ ਦੇ ਤੌਰ-ਤਰੀਕੇ ਸਿਖਾਏ, ਆਪਣੀ ਹਰ ਖਾਹਿਸ਼ ਦੀ ਚਿਤਾ ਜਲਾ ਜਿਨ੍ਹਾਂ ਦੇ ਸਾਰੇ ਚਾਅ ਪੂਰੇ ਕੀਤੇ, ਅੱਜ ਮੈਂ ਉਸ ਦੇ ਲਈ ਵੀ ਗਵਾਰ ਬਣ ਗਈ। ਔਰਤ ਦੀ ਇਹ ਕਮਜ਼ੋਰੀ ਹੈ ਕਿ ਉਹ ਸਾਰੇ ਸਮਾਜ ਨਾਲ ਲੜ ਸਕਦੀ ਹੈ ਪਰ ਆਪਣੀ ਔਲਾਦ ਅੱਗੇ ਹਾਰ ਜਾਂਦੀ ਹੈ। ਕਰਮਾ ਤਾਂ ਪਹਿਲਾਂ ਹੀ ਓਪਰਾ ਹੋ ਚੁੱਕਾ ਸੀ ਪਰ ਹੁਣ ਤਾਂ ਪੁੱਤ ਵੀ ਬੇਗਾਨਾ ਜਾਪਣ ਲੱਗ ਪਿਆ। ਘਰ-ਗ੍ਰਹਿਸਥੀ ਸਾਂਭਣ ਵਿਚ ਪ੍ਰੀਤ ਨੇ ਕਰਮੇ ਤੋਂ ਕਈ ਗੁਣਾ ਜ਼ਿਆਦਾ ਮਿਹਨਤ ਕੀਤੀ ਸੀ, ਪਰ ਫਲ ਨਹੀਂ ਮਿਲਿਆ।
ਪ੍ਰੀਤ ਸੋਚਣ ਲੱਗੀ ਔਰਤ ਦੀ ਜ਼ਿੰਦਗੀ ਆਦਮੀ ਬਿਨਾਂ ਅਧੂਰੀ ਹੈ ਤੇ ਮਰਦ ਦੀ ਔਰਤ ਬਿਨਾਂ। ਇਹ ਰਿਸ਼ਤੇ ਇਕ-ਦੂਜੇ ਨੂੰ ਸਮਝਣ ਵਿਚ ਅਸਮਰਥ ਕਿਉਂ ਰਹਿੰਦੇ ਹਨ। ਰਿਸ਼ਤਾ ਭਾਵੇਂ ਬਾਪ ਦਾ ਹੋਵੇ ਜਾਂ ਭਰਾ ਦਾ, ਪਤੀ ਦਾ ਹੋਵੇ ਜਾਂ ਪੁੱਤ ਦਾ, ਹਰ ਰਿਸ਼ਤੇਦਾਰ ਨੇ ਪ੍ਰੀਤ ਨੂੰ ਨਾਸਮਝ ਤੇ ਗਵਾਰ ਕਰਾਰ ਦਿੱਤਾ। ਪਰ ਸੱਚਾਈ ਇਹ ਹੈ ਕਿ ਪ੍ਰੀਤ ਨੇ ਹਰ ਰਿਸ਼ਤੇ ਨਾਲ ਇਮਾਨਦਾਰੀ ਨਿਭਾਈ। ਹਰ ਕਦਮ 'ਤੇ ਕੁਰਬਾਨੀ ਦਿੱਤੀ। ਸ਼ਾਇਦ ਇਹ ਹੀ ਹੈ ਔਰਤ ਦੀ ਜ਼ਿੰਦਗੀ। ਏਨਾ ਲਿਖ ਪ੍ਰੀਤ ਨੇ ਕਾਪੀ ਬੰਦ ਕਰ ਦਿੱਤੀ।
-275-ਏ, ਮੀਆਂ ਰੋਡ, ਪ੍ਰੀਤ ਨਗਰ, ਨੇੜੇ ਗੁਰਦੁਆਰਾ ਅੰਗਦ ਦੇਵ ਜੀ, ਜੰਮੂ।
ਮੋਬਾਈਲ : 91 77809-42256