ਉੱਤਰ ਭਾਰਤ ਦੇ ਇਕ ਖੁਸ਼ਹਾਲ ਸੂਬੇ ਵਿਚ ਇਕ ਰਾਜਾ ਹੁੰਦਾ ਸੀ। ਉਹ ਆਪਣੀ ਰਾਣੀ ਅਤੇ ਆਪਣੀ ਰਾਜਕੁਮਾਰੀ ਧੀ ਨਾਲ ਹਸੀ-ਖ਼ੁਸ਼ੀ ਆਪਣੇ ਰਾਜ ਵਿਚ ਜੀਵਨ ਬਤੀਤ ਕਰ ਰਿਹਾ ਸੀ। ਇਕ ਵਾਰ ਉਸ ਦਾ ਦਰਬਾਰ ਲੱਗਿਆ ਹੋਇਆ ਸੀ ਅਤੇ ਉਸ ਨੇ ਆਪਣੇ ਵਜ਼ੀਰਾਂ ਨੂੰ ਕਿਹਾ ਕਿ ਮੈਂ ਕਿੰਨਾ ਭਾਗਾਂ ਵਾਲਾ ਹਾਂ ਮੇਰੀ ਰਾਣੀ ਅਤੇ ਰਾਜਕੁਮਾਰੀ ਧੀ ਦੀ ਬਦੌਲਤ ਅੱਜ ਮੈਂ ਕਈ ਰਾਜਾਂ ਉੱਤੇ ਫ਼ਤਹਿ ਹਾਸਿਲ ਕਰਕੇ ਉਨ੍ਹਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ, ਪਰ ਉਸ ਦੇ ਕੁਝ ਵਜ਼ੀਰਾਂ ਨੇ ਉਸ ਦੀ ਚਾਪਲੂਸੀ ਕਰਦਿਆਂ ਕਿਹਾ ਕਿ ਗੁਸਤਾਖੀ ਮਾਫ ਮਹਾਰਾਜ ਪਰ ਇਹ ਤੁਹਾਡੀ ਬਹਾਦਰੀ, ਅਕਲਮੰਦੀ ਅਤੇ ਸੂਝ ਬੂਝ ਦਾ ਹੀ ਨਤੀਜਾ ਹੈ ਨਾ ਕਿ ਕਿਸੇ ਦੇ ਵੀ ਭਾਗਾਂ ਦਾ। ਉਸ ਵੇਲੇ ਰਾਜਾ ਚੁੱਪ ਕਰ ਗਿਆ, ਪਰ ਵਜ਼ੀਰਾਂ ਵਲੋਂ ਕਹੀ ਗੱਲ ਉਸ ਦੇ ਜ਼ਿਹਨ ਵਿਚ ਘੁੰਮਦੀ ਰਹੀ। ਹੌਲੀ ਹੌਲੀ ਉਸ ਦੇ ਸੁਭਾਅ ਵਿਚ ਤਬਦੀਲੀ ਆਉਣ ਲੱਗੀ। ਉਹ ਆਪਣੀ ਰਾਜਕੁਮਾਰੀ ਧੀ ਅਤੇ ਰਾਣੀ ਨਾਲ ਮਾੜਾ ਵਤੀਰਾ ਕਰਨ ਲੱਗਿਆ ਅਤੇ ਸੋਚਣ ਲੱਗਿਆ ਕਿ ਜੋ ਵੀ ਰਾਜਭਾਗ ਉਹ ਭੋਗ ਰਿਹਾ ਹੈ ਉਹ ਸਿਰਫ ਉਸ ਦੀ ਬਹਾਦਰੀ ਅਤੇ ਅਕਲਮੰਦੀ ਕਰਕੇ ਹੀ ਹੈ। ਇਕ ਵਾਰ ਉਹ ਆਪਣੀ ਰਾਣੀ ਅਤੇ ਰਾਜਕੁਮਾਰੀ ਧੀ ਨਾਲ ਕਿਸੇ ਹੋਰ ਸੂਬੇ ਦੇ ਸਮਾਗਮ ਵਿਚੋਂ ਸ਼ਿਰਕਤ ਕਰਕੇ ਆਪਣੇ ਰਾਜ ਵੱਲ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਉਨ੍ਹਾਂ ਨੂੰ ਇਕ ਬੇਹਦ ਗ਼ਰੀਬ ਬਜ਼ੁਰਗ ਮਿਲਿਆ ਅਤੇ ਰਾਣੀ ਨੇ ਕਾਫਲਾ ਰੁਕਵਾ ਕੇ ਉਸ ਨੂੰ ਸੋਨੇ ਦੀਆਂ ਕੁਝ ਮੋਹਰਾਂ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਸ਼ਾਇਦ ਇਸ ਦੇ ਘਰ ਕੋਈ ਚੰਗੇ ਭਾਗਾਂ ਵਾਲੀ ਔਰਤ ਜਾਂ ਧੀ ਨਹੀਂ ਹੋਵੇਗੀ ਜਿਸ ਕਰਕੇ ਇਸ ਦੇ ਅਜਿਹੇ ਹਾਲ ਹੋ ਗਏ, ਇਹ ਗੱਲ ਸੁਣਦਿਆਂ ਹੀ ਰਾਜਾ ਭੜਕ ਗਿਆ ਅਤੇ ਕਹਿਣ ਲੱਗਿਆ ਕਿ ਤੈਨੂੰ ਕੀ ਲੱਗਦਾ ਹੈ ਕਿ ਅੱਜ ਜੋ ਮੈਂ ਰਾਜਭਾਗ ਭੋਗ ਰਿਹਾ ਹਾਂ ਉਹ ਸਭ ਤੇਰੀ ਅਤੇ ਤੇਰੀ ਰਾਜਕਮਾਰੀ ਧੀ ਕਰਕੇ ਹੈ। ਰਾਣੀ ਨੇ ਕਿਹਾ ਕਿ ਅਜਿਹਾ ਹੋ ਵੀ ਸਕਦਾ ਹੈ ਇਸ ਵਿਚ ਕੋਈ ਵੱਡੀ ਗੱਲ ਨਹੀਂ ਤਾਂ ਰਾਜਾ ਹੋਰ ਭੜਕ ਗਿਆ ਤੇ ਉਸ ਨੇ ਕਿਹਾ ਕਿ ਜੇਕਰ ਤੁਹਾਨੂੰ ਦੋਵਾਂ ਨੂੰ ਇੱਥੇ ਜੰਗਲ ਵਿਚ ਹੀ ਛੱਡ ਦਵਾਂ ਤਾਂ ਫਿਰ ਤੁਹਾਡੇ ਭਾਗ ਕੀ ਹੋਣਗੇ ਅਤੇ ਮੇਰੇ ਕੀ, ਇਹ ਤੈਨੂੰ ਪਤਾ ਲੱਗ ਜਾਵੇਗਾ। ਗੁੱਸੇ ਤੇ ਹੰਕਾਰ ਨਾਲ ਭਰਿਆ ਰਾਜਾ ਆਪਣੀ ਰਾਣੀ ਅਤੇ ਰਾਜਕੁਮਾਰੀ ਧੀ ਨੂੰ ਜੰਗਲ ਵਿਚ ਹੀ ਛੱਡ ਕੇ ਚਲਾ ਗਿਆ।
ਉੱਥੇ ਖਲੋਤਾ ਗ਼ਰੀਬ ਬਜ਼ੁਰਗ ਇਹ ਸਾਰਾ ਕਾਰਾ ਦੇਖ ਰਿਹਾ ਸੀ ਅਤੇ ਉਸ ਨੇ ਭਰੀਆਂ ਅੱਖਾਂ ਨਾਲ ਰਾਣੀ ਅਤੇ ਰਾਜਕੁਮਾਰੀ ਵੱਲ ਦੇਖਿਆ ਤੇ ਪੁੱਛਣ ਲੱਗਿਆ ਕਿ ਹੁਣ ਤੁਸੀਂ ਕੀ ਕਰੋਗੇ ਬੇਟਾ। ਉਸ ਬਜ਼ੁਰਗ ਦੇ ਸ਼ਬਦ ਸੁਣਦੇ ਹੀ ਰਾਣੀ ਨੇ ਕਿਹਾ ਕਿ ਤੁਸੀਂ ਮੇਰੇ ਪਿਤਾ ਵਾਂਗ ਹੋ ਮੈਨੂੰ ਤੁਸੀਂ ਇਨੇ ਸਤਿਕਾਰ ਤੇ ਫਿਕਰ ਨਾਲ ਪੁੱਛਿਆ ਹੈ ਤਾਂ ਕੀ ਅਸੀਂ ਤੁਹਾਡੇ ਨਾਲ ਰਹਿ ਸਕਦੇ ਹਾਂ। ਉਸ ਗ਼ਰੀਬ ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ ਤਾਂ ਇਕ ਟੁੱਟੀ ਝੋਂਪੜੀ ਹੈ ਤੇ ਖਾਣ ਲਈ ਦਾਣੇ ਨਹੀਂ ਤੁਸੀਂ ਮੇਰੇ ਨਾਲ ਜਾ ਕੇ ਕੀ ਕਰੋਗੇ ਤਾਂ ਰਾਣੀ ਨੇ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ਜੋ ਰੁੱਖੀ ਸੁੱਖੀ ਤੁਸੀਂ ਖਾਂਦੇ ਹੋ ਅਸੀਂ ਵੀ ਖਾ ਲਵਾਂਗੇ ਪਰ ਘੱਟੋ-ਘੱਟ ਮੇਰੀ ਧੀ ਦੇ ਸਿਰ ਤੇ ਛੱਤ ਤਾਂ ਹੋਵੇਗੀ। ਬਜ਼ੁਰਗ ਨੇ ਕਿਹਾ ਕਿ ਠੀਕ ਹੈ ਤੁਸੀਂ ਮੇਰੇ ਘਰ ਚਲੋ ਅਤੇ ਉਨ੍ਹਾਂ ਨੂੰ ਆਪਣੀ ਝੋਪੜੀ ਵੱਲ ਲੈ ਤੁਰਿਆ। ਉੱਥੇ ਪਹੁੰਚ ਕੇ ਰਾਣੀ ਤੇ ਉਸ ਦੀ ਰਾਜਕੁਮਾਰੀ ਧੀ ਨੇ ਦੇਖਿਆ ਕਿ ਗ਼ਰੀਬ ਬਜ਼ੁਰਗ ਦੀ ਝੋਂਪੜੀ ਵੀ ਖਸਤਾ ਹਾਲਤ ਸੀ ਪਰ ਉਨ੍ਹਾਂ ਹਿੰਮਤ ਨਹੀਂ ਹਾਰੀ ਅਤੇ ਉਸ ਨੂੰ ਹੀ ਸਵਾਰਨ ਵਿਚ ਲੱਗ ਗਈਆਂ। ਉਨ੍ਹਾਂ ਉਸ ਝੋਂਪੜੀ ਨੂੰ ਵੀ ਸਾਫ ਸੁਥਰਾ ਕਰਕੇ ਰਹਿਣ ਯੋਗ ਬਣਾਇਆ ਅਤੇ ਉਸ ਬਜ਼ੁਰਗ ਤੋਂ ਸੂਈ ਧਾਗਾ ਮੰਗ ਕੇ ਉਸ ਦੇ ਕੱਪੜੇ ਵੀ ਸਿਉਂ ਦਿੱਤੇ। ਦੋਵੇਂ ਮਾਵਾਂ ਧੀਆਂ ਘਰ ਨੂੰ ਸਵਾਰਨ ਤੇ ਕੰਮ ਕਾਜ ਵਿਚ ਹੱਥ ਵਟਾਉਣ ਲੱਗੀਆਂ ਅਤੇ ਬਜ਼ੁਰਗ ਹੁਣ ਘਰੋਂ ਬਾਹਰ ਜਾ ਕੇ ਪਹਿਲਾਂ ਨਾਲੋਂ ਜਿਆਦਾ ਮਿਹਨਤ ਕਰਨ ਯੋਗ ਬਣ ਗਿਆ ਕਿਉਂਕਿ ਉਸ ਨੂੰ ਬਣਿਆ ਬਣਾਇਆ ਭੋਜਨ ਅਤੇ ਸਾਫ ਸੁਥਰੇ ਕੱਪੜੇ ਪਾਉਣ ਨੂੰ ਮਿਲਣ ਲੱਗੇ। ਰਾਣੀ ਅਤੇ ਉਸ ਦੀ ਧੀ ਦੇ ਪੈਰ ਝੋਂਪੜੀ 'ਚ ਪੈਣ ਦੇ ਕੁਝ ਸਮੇਂ ਬਾਅਦ ਹੀ ਜਿਵੇਂ ਉਸ ਬਜ਼ੁਰਗ ਦੇ ਵੀ ਦਿਨ ਫਿਰਨ ਲੱਗੇ। ਇਕ ਦਿਨ ਰਾਣੀ ਨੇ ਕਿਹਾ ਕਿ ਪਿਤਾ ਜੀ ਮੈਨੂੰ ਇਕ ਕੱਪੜੇ ਦਾ ਟੁਕੜਾ ਲਿਆ ਦਿਓ ਮੈਂ ਉਸ ਤੇ ਕੁਝ ਕੰਮ ਕਰਨਾ ਹੈ ਤੇ ਬਜ਼ੁਰਗ ਨੇ ਰਾਣੀ ਨੂੰ ਕੱਪੜਾ ਲਿਆ ਦਿੱਤਾ। ਰਾਣੀ ਅਤੇ ਉਸ ਦੀ ਧੀ ਨੇ ਉਸ ਦੇ ਕੁਝ ਰੁਮਾਲ ਬਣਾ ਕੇ ਉਸ ਤੇ ਅਜਿਹੀ ਕਢਾਈ ਕੀਤੀ ਕਿ ਬਜ਼ੁਰਗ ਦੇਖ ਕੇ ਹੈਰਾਨ ਰਹਿ ਗਿਆ। ਰਾਣੀ ਨੇ ਕਿਹਾ ਕਿ ਪਿਤਾ ਜੀ ਇਨ੍ਹਾਂ ਰੁਮਾਲਾਂ ਨੂੰ ਤੁਸੀਂ ਬਾਜ਼ਾਰ ਵਿਚ ਵੇਚ ਦਿਓ ਅਤੇ ਬਜ਼ੁਰਗ ਰਮਾਲ ਵੇਚਣ ਤੁਰ ਪਿਆ। ਸ਼ਹਿਰ 'ਚ ਉਸ ਨੂੰ ਇਕ ਵਪਾਰੀ ਮਿਲਿਆ ਜਿਸ ਨੇ ਦੇਖਿਆ ਕਿ ਬਜ਼ੁਰਗ ਕੋਲ ਬੜੇ ਸੁੰਦਰ ਕਢਾਈ ਵਾਲੀਆਂ ਰੁਮਾਲਾਂ ਹਨ ਅਤੇ ਉਸ ਨੇ ਚੰਗੇ ਭਾਅ ਤੇ ਉਸ ਦੇ ਰੁਮਾਲਾਂ ਖਰੀਦ ਲਈਆਂ ਅਤੇ ਬਜ਼ੁਰਗ ਖੁਸ਼ੀ-ਖੁਸ਼ੀ ਪੈਸੇ ਲੈ ਕੇ ਘਰ ਪਰਤ ਆਇਆ। ਰਾਣੀ ਨੇ ਕਿਹਾ ਕਿ ਪਿਤਾ ਜੀ ਜੋ ਪੈਸੇ ਹੁਣ ਤੁਹਾਨੂੰ ਮਿਲੇ ਹਨ ਉਨ੍ਹਾਂ ਸਾਰੇ ਪੈਸਿਆਂ ਦਾ ਇਕ ਵੱਡਾ ਕੱਪੜਾ ਸਾਨੂੰ ਲਿਆ ਕੇ ਦੇ ਦਿਓ। ਬਜ਼ੁਰਗ ਨੇ ਅਜਿਹਾ ਹੀ ਕੀਤਾ ਅਤੇ ਰਾਣੀ ਅਤੇ ਉਸ ਦੀ ਧੀ ਨੇ ਦਰਜਨਾਂ ਰੁਮਾਲ ਸ਼ਾਨਦਾਰ ਕਢਾਈ ਕੱਢ ਕੇ ਤਿਆਰ ਕਰ ਦਿੱਤੇ ਜਿਨ੍ਹਾਂ ਨੂੰ ਵੇਚ ਕੇ ਬਜ਼ੁਰਗ ਨੂੰ ਚੰਗੇ ਪੈਸੇ ਮਿਲ ਗਏ। ਹੁਣ ਉਸ ਵਪਾਰੀ ਨੇ ਬਜ਼ੁਰਗ ਨਾਲ ਹੱਥ ਮਿਲਾ ਲਿਆ ਤੇ ਕਿਹਾ ਕਿ ਉਹ ਉਸ ਨੂੰ ਹੀ ਰੁਮਾਲ ਲਿਆ ਕੇ ਦਵੇ, ਬਦਲੇ ਵਿਚ ਉਸ ਨੂੰ ਉਹ ਚੰਗਾ ਮਿਹਨਤਾਨਾ ਦਿੰਦਾ ਰਹੇਗਾ। ਰਾਣੀ ਅਤੇ ਉਸ ਦੀ ਧੀ ਦੇ ਤਿਆਰ ਕੀਤੇ ਰੁਮਾਲ ਬੜੇ ਚੰਗੇ ਭਾਅ ਵਿਕਣ ਲੱਗੇ ਤੇ ਰੁਮਾਲਾਂ ਦੀ ਦੂਰ ਦੂਰ ਤੱਕ ਚਰਚਾ ਹੋਣ ਲੱਗੀ। ਪੈਸੇ ਇਕੱਠੇ ਕਰਕੇ ਉਨ੍ਹਾਂ ਖੁਦ ਦਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਜੋ ਥੋੜ੍ਹੇ ਸਮੇਂ ਵਿਚ ਹੀ ਕਾਫੀ ਪ੍ਰਫੁੱਲਿਤ ਹੋ ਗਿਆ ਅਤੇ ਬਜ਼ੁਰਗ ਹੁਣ ਰਾਣੀ ਅਤੇ ਉਸ ਦੀ ਰਾਜਕੁਮਾਰੀ ਧੀ ਨੂੰ ਆਪਣੇ ਬੱਚਿਆਂ ਵਾਂਗ ਇੱਜ਼ਤ ਮਾਣ ਨਾਲ ਰੱਖਣ ਲੱਗਿਆ। ਉਹ ਇਕ ਚੰਗਾ ਅਮੀਰ ਪਰਿਵਾਰ ਬਣ ਚੁੱਕਿਆ ਸੀ। ਉਨ੍ਹਾਂ ਰੁਮਾਲਾਂ ਦੇ ਨਾਲ ਨਾਲ ਕੱਪੜੇ ਦਾ ਹੋਰ ਵਪਾਰ ਵੀ ਸ਼ੁਰੂ ਕਰ ਦਿੱਤਾ ਜਿਸ ਨਾਲ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ। ਇਕ ਦਿਨ ਉਨ੍ਹਾਂ ਸੋਚਿਆ ਕਿ ਹੁਣ ਮਾਤਾ ਰਾਣੀ ਦੀ ਉਨ੍ਹਾਂ ਉੱਤੇ ਪੂਰੀ ਕਿਰਪਾ ਹੈ ਇਸ ਲਈ ਕਿਉਂ ਨਾ ਮੰਦਰ ਵਿਚ ਲੰਗਰ ਲਾ ਦਿੱਤਾ ਜਾਵੇ। ਬਜ਼ੁਰਗ, ਰਾਣੀ ਅਤੇ ਉਸ ਦੀ ਧੀ ਧੂਮ ਧਾਮ ਨਾਲ ਜਸ਼ਨ ਮਨਾਉਂਦੇ ਹੋਏ ਮੰਦਰ 'ਚ ਲੰਗਰ ਲਾ ਰਹੇ ਸੀ ਅਤੇ ਜਦੋਂ ਗ਼ਰੀਬਾਂ ਨੂੰ ਲੰਗਰ ਵੰਡ ਰਹੇ ਸੀ ਤਾਂ ਰਾਣੀ ਨੇ ਦੇਖਿਆ ਕਿ ਗ਼ਰੀਬਾਂ ਦੀ ਲਾਈਨ ਵਿਚ ਲੰਗਰ ਲੈਣ ਲਈ ਉਸ ਦਾ ਰਾਜਾ ਪਤੀ ਵੀ ਬੈਠਾ ਹੈ, ਜਿਸ ਨੂੰ ਕੋਹੜ ਹੋ ਚੁੱਕਿਆ ਸੀ। ਰਾਣੀ ਨੂੰ ਪਛਾਣਦੇ ਹੀ ਉਹ ਭੁੱਬਾਂ ਮਾਰ ਕੇ ਰੋਣ ਲੱਗਿਆ। ਉਸ ਨੇ ਰਾਣੀ ਦੇ ਅਤੇ ਆਪਣੀ ਧੀ ਦੇ ਪੈਰ ਫੜ ਲਏ ਤੇ ਕਹਿਣ ਲੱਗਿਆ ਕਿ ਮੇਰੇ ਤੋਂ ਬੱਜਰ ਗੁਨਾਹ ਹੋ ਗਿਆ, ਜੋ ਇਨ੍ਹਾਂ ਭਾਗਾਂ ਵਾਲੇ ਪੈਰਾਂ ਨੂੰ ਆਪਣੇ ਮਹਿਲਾਂ ਵਿਚੋਂ ਬਾਹਰ ਤੋਰ ਦਿੱਤਾ। ਉਸ ਨੇ ਰਾਣੀ ਨੂੰ ਸਾਰੀ ਕਹਾਣੀ ਦੱਸੀ ਕਿ ਉਨ੍ਹਾਂ ਨੂੰ ਜੰਗਲ 'ਚ ਛੱਡਣ ਮਗਰੋਂ ਉਸ ਨੇ ਇਕ ਨ੍ਰਿਤਕੀ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਆਪਣੇ ਰਾਜਭਾਗ ਦੀ ਕੁੰਜੀ ਸਾਂਭ ਦਿੱਤੀ, ਪਰ ਉਸ ਨੇ ਆਪਣੀਆਂ ਐਸ਼ਪ੍ਰਸਤੀ ਵਿਚ ਉਸ ਦੇ ਰਾਜ ਭਾਗ ਨੂੰ ਦਿਨਾਂ ਵਿਚ ਹੀ ਬਰਬਾਦੀ ਵੱਲ ਤੋਰ ਦਿੱਤਾ ਅਤੇ ਉਸ ਨੂੰ ਹੀ ਧੱਕੇ ਮਾਰ ਕੇ ਰਾਜ ਮਹਿਲ ਵਿਚੋਂ ਬਾਹਰ ਕੱਢ ਦਿੱਤਾ ਅਤੇ ਅੱਜ ਉਹ ਇਸ ਹਾਲਾਤ ਵਿਚ ਆ ਗਿਆ ਹੈ। ਰਾਣੀ ਅਤੇ ਉਸ ਦੀ ਧੀ ਨਾਲ ਮੌਜੂਦ ਬਜ਼ੁਰਗ ਨੇ ਰਾਜੇ ਨੂੰ ਕਿਹਾ ਕਿ ਰਾਜਨ ਦੇਖ ਹੁਣ ਤੈਨੂੰ ਅਹਿਸਾਸ ਹੋ ਗਿਆ ਕਿ ਤੇਰੀ ਰਾਣੀ ਅਤੇ ਤੇਰੀ ਰਾਜਕੁਮਾਰੀ ਧੀ ਦੇ ਭਾਗਾਂ ਕਰਕੇ ਹੀ ਤੇਰਾ ਰਾਜਭਾਗ ਸੀ ਤੂੰ ਇਨ੍ਹਾਂ ਨੂੰ ਠੋਕਰ ਮਾਰੀ ਅਤੇ ਰਾਜ ਭਾਗ ਨੇ ਤੈਨੂੰ ਠੋਕਰ ਮਾਰ ਦਿੱਤੀ। ਰਾਣੀ ਅਤੇ ਉਸ ਦੀ ਧੀ ਨੇ ਵੱਡਾ ਦਿਲ ਦਿਖਾਉਂਦੇ ਹੋਏ ਰਾਜੇ ਨੂੰ ਫਿਰ ਅਪਣਾ ਲਿਆ ਅਤੇ ਆਪਣੇ ਆਲੀਸ਼ਾਨ ਘਰ ਵਿਚ ਉਸ ਨੂੰ ਲੈ ਗਏ। ਉਸ ਦਾ ਇਲਾਜ ਕਰਵਾਇਆ ਅਤੇ ਉਸ ਨੂੰ ਫਿਰ ਰਾਜਿਆਂ ਵਰਗੀ ਜ਼ਿੰਦਗੀ ਦਿੱਤੀ। ਹੁਣ ਰਾਜੇ ਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਉਸ ਦਾ ਰਾਜ ਭਾਗ ਵੀ ਉਸ ਦੀ ਰਾਣੀ ਅਤੇ ਉਸ ਦੀ ਰਾਜਕੁਮਾਰੀ ਧੀ ਕਰਕੇ ਹੀ ਸੀ ਅਤੇ ਉਨ੍ਹਾਂ ਦੁਬਾਰਾ ਆ ਕੇ ਵੀ ਉਸ ਨੂੰ ਫਿਰ ਤੋਂ ਰਾਜਾ ਬਣਾ ਦਿੱਤਾ। ਇਹ ਕਹਾਣੀ ਸਮਾਜ ਵਿਚ ਬੈਠੇ ਉਨ੍ਹਾਂ ਹੰਕਾਰੀ ਰਾਜਿਆਂ ਲਈ ਇਕ ਵੱਡੀ ਨਸੀਹਤ ਵੀ ਹੈ ਜੋ ਹੰਕਾਰ ਵਿਚ ਆ ਕੇ ਆਪਣੇ ਘਰ ਦੀ ਰਾਣੀ ਔਰਤ ਅਤੇ ਰਾਜਕੁਮਾਰੀ ਧੀ ਨੂੰ ਠੋਕਰ ਮਾਰ ਦਿੰਦੇ ਹਨ ਅਤੇ ਸਮਝ ਲੈਂਦੇ ਹਨ ਕਿ ਉਸ ਦਾ ਰਾਜ ਭਾਗ ਸਿਰਫ ਉਸ ਦੀ ਅਕਲਮੰਦੀ ਦਾ ਫਲ ਹੈ।
-ਮੋਬਾਈਲ : 94632-00019