ਪੰਜਾਬ ਨੂੰ ਭਾਰਤ ਦਾ 'ਅੱਵਲ' ਸੂਬਾ ਬਣਾਉਣ ਲਈ ਪੰਜਾਬੀਆਂ ਨੇ ਪਹਿਲਾਂ ਪੰਜਾਬ ਵਿਚ ਰਹਿ ਕੇ ਆਪਣਾ ਹੁੱਦਾ ਦਿਖਾਇਆ ਤੇ ਫਿਰ ਵਿਦੇਸ਼ਾਂ ਵਿਚ ਜਾ ਕੇ। ਦੇਸ਼ ਦੇ ਅੰਨ-ਭੰਡਾਰ ਵਿਚ, ਦੇਸ਼ ਦੀ ਸੀਮਾ ਦੀ ਰਖਵਾਲੀ ਵਿਚ ਜਾਂ ਕਿਸੇ ਵੀ ਤਰ੍ਹਾਂ ਦੇ ਕੌਮੀ ਸੰਕਟ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਕੁੱਲ ਦੁਨੀਆ ਪਹਿਲਾਂ ਹੀ ਜਾਣਦੀ ਹੈ। ਬਾਹਰਲੇ ਮੁਲਕਾਂ ਵਿਚ ਜਾ ਕੇ ਪੰਜਾਬੀਆਂ ਨੇ ਬੜੀਆਂ ਕਮਾਈਆਂ ਕੀਤੀਆਂ, ਬੜੀਆਂ ਤਰੱਕੀਆਂ ਕੀਤੀਆਂ, ਬੜੇ-ਬੜੇ ਨਾਂਅ ਕਮਾਏ ਤੇ ਦਿਨ ਰਾਤ ਇਕ ਕੀਤਾ। ਇਸ ਤੋਂ ਵੀ ਵੱਡੀ ਗੱਲ ਕਿ ਵਿਦੇਸ਼ਾਂ ਵਿਚ ਰਹਿ ਕੇ ਵੀ ਪੰਜਾਬੀਆਂ ਨੇ ਪਿੱਛੇ ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਪਿੰਡ ਦਾ, ਆਪਣੇ ਸਮਾਜ ਦਾ, ਆਪਣੇ ਲੋਕਾਂ ਦਾ ਤੇ ਆਪਣੇ ਪਿਛੋਕੜ ਦਾ ਏਨਾ ਖਿਆਲ ਰੱਖਿਆ, ਏਨੀ ਮਦਦ ਕੀਤੀ ਕਿ ਉਸ ਦੀ ਸਿਫ਼ਤ ਕਰਨੀ ਬਣਦੀ ਹੈ। ਮੁਲਕਾਂ ਤੇ ਦੁਸ਼ਮਣ ਦੇ ਹਮਲੇ ਵਿਚ, ਕੁਦਰਤੀ ਆਫ਼ਤਾਂ ਵਿਚ, ਬਿਮਾਰੀ ਭੁਚਾਲ ਜਾਂ ਕਿਸੇ ਵੀ ਹੋਰ ਤ੍ਰਾਸਦੀ ਵਿਚ, ਪੰਜਾਬ ਦੇ ਅੰਦੋਲਨਾਂ, ਧਰਨਿਆਂ, ਮੋਰਚਿਆਂ, ਟੂਰਨਾਮੈਂਟਾਂ, ਮੇਲਿਆਂ, ਮਸਾਵਿਆਂ, ਧਾਰਮਿਕ, ਸਮਾਜਿਕ ਸਮਾਗਮਾਂ ਵਿਚ, ਗ਼ਰੀਬ ਮਾਪਿਆਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ, ਕਿਸੇ ਬਿਮਾਰ ਦੀ ਮਦਦ, ਕਿਸੇ ਹੋਣਹਾਰ ਦੀ ਪੜ੍ਹਾਈ ਵਿਚ, ਜਾਣੀਂ ਕਿ ਹਰ ਸੰਕਟ, ਹਰ ਲੋੜ ਵਿਚ ਪ੍ਰਵਾਸੀ ਪੰਜਾਬੀਆਂ ਵਲੋਂ ਸਹਾਇਤਾ ਦੀਆਂ ਉਦਾਹਰਨਾਂ ਮੌਜੂਦ ਹਨ। ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਵਿਚ ਪ੍ਰਵਾਸੀ ਪੰਜਾਬੀਆਂ ਨੇ ਕਮਾਲ ਕਰ ਕੇ ਦਿਖਾ ਦਿੱਤੀ ਹੈ ਤੇ ਪੰਜਾਬ ਦੇ ਦੁਆਬੇ ਦੀ ਤਾਂ ਕਾਇਆ ਹੀ ਪਲਟ ਦਿੱਤੀ ਹੈ। ਬਾਹਰਲੇ ਮੁਲਕਾਂ ਵਿਚ ਘੁੱਗ ਜ਼ਿੰਦਗੀ ਦਾ ਆਨੰਦ ਮਾਣਦੇ ਪੰਜਾਬੀ, ਪੰਜਾਬ ਵਾਲੇ ਪਿਛੋਕੜ ਨੂੰ ਅੱਜ ਵੀ ਆਪਣੀ ਜ਼ਿੰਦਗੀ ਦਾ ਅਸਲ ਰੂਪ ਮੰਨਦੇ ਹਨ। ਉਸ ਜ਼ਿੰਦਗੀ ਦੀਆਂ ਯਾਦਾਂ ਨੂੰ ਉਹ ਸੀਨੇ ਨਾਲ ਲਾਈ ਫਿਰਦੇ ਹਨ, ਭੁੱਲਣ ਜਾਂ ਛੱਡਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦੇ ਘਰਾਂ ਵਿਚ, ਉਨ੍ਹਾਂ ਦੇ ਵਿਆਹ-ਸ਼ਾਦੀਆਂ ਵਿਚ ਤੇ ਹੋਰ ਘਰੇਲੂ ਸਮਾਗਮਾਂ ਵਿਚ, ਗੁਰੂ ਘਰਾਂ ਵਿਚ ਪੰਜਾਬੀ ਆਪਸ ਵਿਚ ਜਦ ਇਕੱਠੇ ਹੋ ਕੇ ਬੈਠਦੇ ਹਨ ਤਾਂ ਉਹ ਸਿਰਫ਼ ਤੇ ਸਿਰਫ਼ ਆਪਣੇ ਪੰਜਾਬ ਵਿਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ ਦੁਹਰਾਉਂਦੇ ਹਨ ਤੇ ਗੱਲਾਂ ਕਰਦੇ-ਕਰਦੇ ਭਾਵੁਕ ਹੋ ਜਾਂਦੇ ਹਨ। ਜ਼ਿੰਦਗੀ ਦੀਆਂ ਮੌਜ਼ਾਂ ਮਾਣਦੇ ਤੇ ਖੁਸ਼ਹਾਲੀ ਦੇ ਬੁੱਲ੍ਹੇ ਲੁੱਟਦੇ ਪੰਜਾਬੀ ਆਪਣੇ ਪੰਜਾਬ ਵਾਪਸ ਆਉਣ ਲਈ ਮੱਛੀ ਵਾਂਗ ਤੜਪਦੇ ਹਨ ਤੇ ਪੰਜਾਬ ਦੀ ਸੁੱਖ ਮੰਗਦੇ ਹਨ, ਪਰ ਪਿਆਰ ਦਾ ਇਹ ਜਜ਼ਬਾ ਉਨ੍ਹਾਂ ਤੋਂ ਅੱਗੇ ਉਨ੍ਹਾਂ ਦੇ ਬੱਚਿਆਂ ਤੱਕ ਵੀ ਪਹੁੰਚੇਗਾ ਕਿ ਬਸ ਹੈ? ਮੇਰੀ ਨਿੱਜੀ ਜ਼ਿੰਦਗੀ 'ਚੋਂ ਇਕ ਉਦਾਹਰਨ ਹੈ ਕਿ ਮੇਰੀਆਂ ਦੋ ਲੜਕੀਆਂ ਵਿਦੇਸ਼ਾਂ ਵਿਚ ਵਸੀਆਂ ਹੋਈਆਂ ਹਨ, ਖ਼ੁਸ਼ਹਾਲ ਦੁਨੀਆ ਦੀ ਹਰ ਸਹੂਲਤ ਉਨ੍ਹਾਂ ਨੂੰ ਰੱਬ ਨੇ ਬਖ਼ਸ਼ੀ ਹੋਈ ਹੈ। ਕੁਝ ਮਹੀਨੇ ਪਹਿਲਾਂ ਉਹ ਦੋਵੇਂ ਸਮੇਤ ਪਰਿਵਾਰ ਸਾਨੂੰ ਮਿਲਣ ਲਈ ਆਈਆਂ। ਉਨ੍ਹਾਂ ਦੇ ਬੱਚੇ ਬਾਹਰਲੇ ਜੰਮਪਲ ਹਨ ਤੇ ਪਹਿਲੀ ਵਾਰ ਪੰਜਾਬ ਆਏ ਸਨ। ਗਨੀਮਤ ਰਹੀ ਕਿ ਉਹ ਥੋੜ੍ਹੀ ਬਹੁਤ ਪੰਜਾਬੀ ਸਮਝਦੇ ਸਨ ਤੇ ਬੋਲ ਵੀ ਲੈਂਦੇ ਸਨ। ਕਰੀਬ ਦੋ ਮਹੀਨੇ ਉਹ ਸਾਡੇ ਕੋਲ ਰਹੇ ਤੇ ਇਸ ਅਰਸੇ ਵਿਚ ਸਾਡੇ ਸਮਾਜ ਨੇ ਤੇ ਸਾਡੇ ਵਿਹਾਰ ਨੇ ਉਨ੍ਹਾਂ ਵਿਚ ਜੋ ਤਬਦੀਲੀਆਂ ਲਿਆਂਦੀਆਂ ਤੇ ਅਸੀਂ ਉਨ੍ਹਾਂ ਨੂੰ ਜੋ ਨਿਰੋਲ ਪੰਜਾਬੀ ਜ਼ਿੰਦਗੀ ਵਿਚ ਲੰਘਾਇਆ, ਉਸ ਦਾ ਜ਼ਿਕਰ ਇਸ ਲੜੀ ਵਿਚ ਕਰਨਾ ਬਣਦਾ ਹੈ। ਬੱਚੇ ਉਹ ਭਾਵੇਂ ਸਾਡੇ ਸਨ ਪਰ ਮਹਿਮਾਨ ਸਾਰੇ ਪਿੰਡ ਦੇ ਸਨ। ਕਦੀ ਕਿਸੇ ਦੇ ਘਰ, ਕਦੀ ਕਿਸੇ ਦੇ ਵਿਹੜੇ, ਕਦੀ ਕਿਸੇ ਦੇ ਖੂਹ ਤੇ ਕਦੀ ਕਿਸੇ ਦੀ ਹਵੇਲੀ ਵਿਚ, ਕਦੀ ਕਿਸੇ ਦੇ ਗੱਡੇ 'ਤੇ ਝੂਟੇ, ਕਦੀ ਕਿਸੇ ਦੇ ਟਰੈਕਟਰ 'ਤੇ। ਕਦੀ ਕਿਸੇ ਦਿਉਂ ਰੋਟੀ ਖਾ ਆਏ, ਕਦੀ ਕਿਸੇ ਦਿਉਂ ਸੇਵੀਆਂ, ਕਦੀ ਸੁੱਖੇ ਹੁਣਾਂ ਦੀ ਬੱਕਰੀ ਦੇ ਸ਼ਲਾਰੂ (ਬੱਚੇ) ਚੁੱਕ ਲਿਆਏ ਤੇ ਕਦੀ ਲੰਬੜਾਂ ਦਿਉਂ ਕਤੂਰੇ। ਬਾਹਰ ਹਰੇ-ਭਰੇ ਖੇਤਾਂ ਵਿਚ ਜਾ ਕੇ, ਦਰਿਆ ਦੇ ਕੰਢੇ ਘੁੰਮ-ਫਿਰ ਕੇ, ਮਛੇਰਿਆਂ ਦੀਆਂ ਕਿਸ਼ਤੀਆਂ ਦੇਖ ਕੇ, ਰੇਤੇ ਵਾਲੀ ਟਰਾਲੀ ਵਿਚ ਚੜ੍ਹ ਕੇ, ਖੇਤਾਂ ਵਿਚ ਗੰਨਿਆਂ ਦੀਆਂ ਪੂਲੀਆਂ 'ਤੇ ਬਹਿ ਕੇ, ਗਰਮ-ਗਰਮ ਗੁੜ ਖਾ ਕੇ ਉਹ ਕਿੰਨੇ ਖੁਸ਼ ਹੁੰਦੇ ਸਨ। ਅਸੀਂ ਉਨ੍ਹਾਂ ਨੂੰ ਰਾਤ ਨੂੰ ਲੋਕਾਂ ਦੇ ਘਰਾਂ ਵਿਚੋਂ ਲੱਭ ਕੇ ਲਿਆਉਂਦੇ ਸਾਂ, ਪਿੰਡ ਦੇ ਬੱਚਿਆਂ ਨਾਲ ਯਾਰੀਆਂ ਪਾਈ ਫਿਰਦੇ ਸਨ, ਉਨ੍ਹਾਂ ਨਾਲ ਲੁਕਣ-ਮੀਚੀਆਂ, ਬੰਟੇ, ਪਿੱਠੂ ਖੇਡਦੇ ਸਨ, ਇਥੋਂ ਤੱਕ ਕਿ ਉਨ੍ਹਾਂ ਤੋਂ ਗਾਲਾਂ ਕੱਢਣੀਆਂ ਵੀ ਸਿੱਖ ਗਏ ਸਨ ਤੇ ਸਪੇਰਿਆਂ ਦੇ ਘਰਾਂ ਵਿਚੋਂ ਜੂੰਆਂ ਵੀ ਚੜ੍ਹਾ ਲਿਆਉਂਦੇ ਸਨ। ਅਸੀਂ ਵੀ ਉਨ੍ਹਾਂ ਨੂੰ ਇਕ ਗਿਣੀ-ਮਿੱਥੀ ਸਕੀਮ ਤਹਿਤ ਖੁੱਲ੍ਹੀ ਛੋਟ ਦਿੱਤੀ ਹੋਈ ਸੀ ਤੇ ਪੰਜਾਬ ਦੀ ਜਿਊਂਦੀ-ਜਾਗਦੀ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਣ ਦਾ ਪੂਰਾ ਮੌਕਾ ਅਸੀਂ ਉਨ੍ਹਾਂ ਨੂੰ ਦੇਣਾ ਚਾਹੁੰਦੇ ਸੀ। ਉਨ੍ਹਾਂ ਵਿਚੋਂ ਇਕ ਬੱਚਾ ਤਾਂ ਹਰ ਰੋਜ਼ ਆਪਣੀ ਡਾਇਰੀ ਵੀ ਲਿਖਦਾ ਸੀ। ਹੌਲੀ-ਹੌਲੀ ਬੱਚੇ ਪੰਜਾਬੀ ਕਾਫੀ ਬੋਲਣ ਲੱਗ ਪਏ, ਪੰਜਾਬੀ ਖੇਡਾਂ ਖੇਡਣ ਲੱਗ ਪਏ, ਭੱਠੀ ਤੋਂ ਦਾਣੇ ਉਹ ਆਪੇ ਹੀ ਭੁਨਾਅ ਲਿਆਉਂਦੇ ਸੀ, ਖੂਹ ਤੋਂ ਜਾ ਕੇ ਗੰਨੇ, ਛੱਲੀਆਂ, ਮੂਲੀਆਂ, ਝੱਟ ਲੈ ਆਉਂਦੇ ਸੀ, ਦਹੀਂ ਵਾਲੀ ਲੱਸੀ ਡੀਕਾਂ ਲਾ ਕੇ ਪੀਂਦੇ ਸੀ। ਘਰ ਵਿਚ ਵੀ ਉਨ੍ਹਾਂ ਦੇ ਖਾਣ ਲਈ ਅਸੀਂ ਸਾਗ, ਮੱਕੀ ਦੀ ਰੋਟੀ, ਮੇਥਿਆਂ ਵਾਲੀ ਰੋਟੀ, ਸ਼ੱਕਰ, ਘਿਓ, ਲੱਸੀ, ਮੱਖਣ ਤੇ ਹੋਰ ਸਭ ਵਿਰਾਸਤੀ ਖੁਰਾਕਾਂ ਉਨ੍ਹਾਂ ਨੂੰ ਖੁਆਉਂਦੇ ਸੀ ਤੇ ਉਨ੍ਹਾਂ ਬਾਰੇ ਦੱਸਦੇ ਵੀ ਸੀ। ਪੰਜਾਬ ਦੀਆਂ ਸਾਰੀਆਂ ਰੁਚੀਆਂ ਵਿਚ ਉਹ ਦਿਲਚਸਪੀ ਲੈਣ ਲੱਗ ਪਏ ਸਨ ਤੇ ਆਪਣੀਆਂ ਡਾਇਰੀਆਂ ਵਿਚ ਲਿਖ ਲੈਂਦੇ ਸੀ। ਪਹਿਲੀ ਪੌੜੀ ਦਾ ਪਾਠ ਉਨ੍ਹਾਂ ਨੂੰ ਨਾਨੀ ਨੇ ਸਿਖਾ ਦਿੱਤਾ ਸੀ ਪਰ ਗੁਰਮੁਖੀ ਨੂੰ ਉਹ ਅੰਗਰੇਜ਼ੀ ਵਿਚ ਉਚਾਰਦੇ ਸੀ। ਆਪਣੇ ਮੋਟਰ ਸਾਈਕਲ ਪਿੱਛੇ ਮੈਂ ਆਪਣੇ ਪਿੰਡ ਦੇ ਮਿਸਤਰੀ ਤੋਂ ਕੈਰੀਅਰ ਵਰਗਾ ਜੁਗਾੜ ਬਣਵਾ ਲਿਆ ਸੀ ਤੇ ਤਿੰਨੋਂ ਬੱਚੇ ਉਸ 'ਤੇ ਬਿਠਾ ਕੇ ਮੈਂ ਖੇਤਾਂ ਵਿਚ, ਕੱਚੇ ਰਾਹਾਂ ਵਿਚ ਤੇ ਆਲੇ-ਦੁਆਲੇ ਵਿਚ ਉਨ੍ਹਾਂ ਨੂੰ ਖੂਬ ਘੁਮਾਇਆ। ਉਨ੍ਹਾਂ ਦਿਨਾਂ ਵਿਚ ਮੈਂ ਵੀ ਆਪਣੇ ਕੰਮ ਤੋਂ ਛੁੱਟੀਆਂ ਕੀਤੀਆਂ ਹੋਈਆਂ ਸਨ ਤੇ ਮੇਰੇ ਲਈ ਬੱਚਿਆਂ ਨੂੰ ਘੁਮਾਉਣਾ, ਦਿਖਾਉਣਾ ਤੇ ਸਮਝਾਉਣਾ ਮੇਰੇ ਆਪਣੇ ਕੰਮ ਤੋਂ ਵੀ ਜ਼ਿਆਦਾ ਜ਼ਰੂਰੀ ਸੀ। ਦਿਨ ਝੱਟ ਲੰਘ ਗਏ। ਜਾਣ ਲੱਗੇ ਉਹ ਏਨਾ ਰੋਏ ਕਿ ਸਾਨੂੰ ਵੀ ਉਦਾਸ ਕਰ ਗਏ। ਪਿੰਡ ਦੇ ਆਪਣੇ ਸਾਰੇ ਯਾਰਾਂ-ਦੋਸਤਾਂ ਨੂੰ ਮਿਲ ਕੇ ਗਏ ਤੇ ਵਾਅਦਾ ਕਰਕੇ ਗਏ ਕਿ ਅਗਲੀਆਂ ਛੁੱਟੀਆਂ ਵਿਚ ਉਹ ਫਿਰ ਆਉਣਗੇ। ਮੈਨੂੰ ਉਹ ਬੱਚੇ ਪੰਜਾਬ ਦੀ ਨਿੱਘੀ ਜ਼ਿੰਦਗੀ ਨਾਲ ਕਾਫੀ ਹੱਦ ਤੱਕ ਜੁੜਦੇ ਨਜ਼ਰ ਆਏ ਤੇ ਮੈਨੂੰ ਆਪਣਾ ਮਿਸ਼ਨ 'ਮਿਲਾਪ' ਕਾਫੀ ਹੱਦ ਤੱਕ ਕਾਮਯਾਬ ਹੁੰਦਾ ਦਿਖਿਆ।
ਬੱਚਿਆਂ ਦੇ ਆਉਣ ਤੋਂ ਪਹਿਲਾਂ ਮੈਂ ਆਪਣੇ ਪੇਂਡੂਆਂ ਵਿਚ ਬਹੁਤ ਘੱਟ ਵਿਚਰਦਾ ਸੀ ਤੇ ਪੇਂਡੂ ਸੱਭਿਆਚਾਰ ਵਿਚ ਬਹੁਤਾ ਘੁਲਦਾ-ਮਿਲਦਾ ਨਹੀਂ ਸੀ। ਮੈਂ ਉਨ੍ਹਾਂ ਘਰਾਂ ਵਿਚ ਪਹਿਲਾਂ ਕਦੀ ਨਹੀਂ ਸੀ ਗਿਆ ਜਿਨ੍ਹਾਂ ਵਿਚੋਂ ਹਰ ਸ਼ਾਮ ਮੈਂ ਬੱਚਿਆਂ ਨੂੰ ਲੱਭ ਕੇ ਲਿਆਉਂਦਾ ਸੀ। ਇਸ ਲਈ ਮੇਰੀ ਉਨ੍ਹਾਂ ਪਰਿਵਾਰਾਂ ਨਾਲ ਕੁਝ-ਕੁਝ ਨੇੜਤਾ ਹੋ ਗਈ। ਕਦੀ-ਕਦੀ ਉਹ ਆਪ ਵੀ ਬੱਚਿਆਂ ਨੂੰ ਸਾਡੇ ਘਰ ਛੱਡਣ ਲਈ ਆਉਣ ਲੱਗ ਪਏ। ਦੋ ਮਹੀਨੇ ਦੇ ਉਕਤ ਅਰਸੇ ਵਿਚ ਮੈਂ ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੇਂਡੂ ਵਿਰਸਾ ਦਿਖਾਇਆ। ਪੱਠੇ ਕੁਤਰਨ ਵਾਲੀ ਗੇੜੀ, ਗੰਨੇ ਪੀੜਨ ਵਾਲਾ ਵੇਲਣਾ, ਉਤੇ ਉਹ ਆਪ ਬਲਦ ਹੱਕਣ ਦੇ ਬੜੇ ਚਾਹਵਾਨ ਰਹਿੰਦੇ ਸਨ, ਮੱਝ ਦਾ ਦੁੱਧ ਕੋਲ ਬੈਠ ਕੇ ਚੁਆ ਕੇ ਲਿਆਉਂਦੇ ਸਨ, ਖੇਤਾਂ ਨੂੰ ਜਦੋਂ ਪਾਣੀ ਲਗਦਾ ਸੀ ਤਾਂ ਉਸ ਵਿਚ ਬੜੀ ਦਿਲਚਸਪੀ ਲੈਂਦੇ ਸਨ ਤੇ ਬੂਟ ਲਾਹ ਕੇ ਗਿੱਲੇ ਖੇਤਾਂ ਵਿਚ ਵੜ ਜਾਂਦੇ ਸਨ। ਕੱਚੇ ਰਾਹਾਂ ਵਿਚ ਫਿਰਨ ਦਾ ਬੜਾ ਅਨੰਦ ਲੈਂਦੇ ਸਨ ਘਰ ਵਿਚ ਵੀ ਤਿਤਲੀਆਂ ਫੜਦੇ ਰਹਿੰਦੇ ਸਨ। ਮੈਂ ਇਸ ਤਰ੍ਹਾਂ ਦੇ ਹਾਲਾਤ ਵਿਚ ਉਨ੍ਹਾਂ ਦੀਆਂ ਹਜ਼ਾਰਾਂ ਫੋਟੋਆਂ ਖਿੱਚੀਆਂ ਤੇ ਵਤਨ ਵਾਪਸੀ ਵੇਲੇ ਉਨ੍ਹਾਂ ਨੂੰ ਵੱਖਰੀਆਂ-ਵੱਖਰੀਆਂ ਐਲਬਮਾਂ ਬਣਾ ਕੇ ਦਿੱਤੀਆਂ। ਪੰਜਾਬੀ ਕੱਪੜੇ ਸਿਵਾ ਕੇ ਦਿੱਤੇ, ਪੰਜਾਬੀ ਲਿਖਣੀ ਸਿਖਣ ਲਈ ਕਾਇਦੇ ਵੀ ਲੈ ਕੇ ਦਿੱਤੇ। ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੇ ਪਿੰਡ ਦੇ ਉਹ ਲੋਕ ਜੋ ਉਨ੍ਹਾਂ ਬੱਚਿਆਂ ਕਰਕੇ ਸਾਡੇ ਨੇੜੇ ਹੋਏ ਸਨ, ਮੈਨੂੰ ਹੁਣ ਹੁੰਮ-ਹੁਮਾ ਕੇ ਮਿਲਦੇ ਹਨ। ਸੰਗਰਾਂਦ ਵਾਲੇ ਦਿਨ ਮੈਂ ਜਦ ਗੁਰੂ ਘਰ ਮੱਥਾ ਟੇਕਣ ਜਾਂਦਾ ਹਾਂ, ਤਾਂ ਉਹ ਸਾਰੇ ਮੈਨੂੰ ਬੜੀ ਉਚੇਚ ਨਾਲ ਮਿਲਦੇ ਹਨ ਜੋ ਮੈਨੂੰ ਬੜਾ ਚੰਗਾ ਲਗਦਾ ਹੈ। ਬਹੁਤ ਹੀ ਚੰਗਾ ਮੈਨੂੰ ਉਦੋਂ ਲੱਗਾ ਜਦੋਂ ਬੀਤੇ ਐਤਵਾਰ ਉਨ੍ਹਾਂ ਵਿਚੋਂ ਇਕ ਪਤੀ-ਪਤਨੀ ਆਪਣੀ ਲੜਕੀ ਦੇ ਵਿਆਹ ਦਾ ਕਾਰਡ ਦੇਣ ਲਈ ਸਾਡੇ ਘਰ ਆਏ ਤੇ ਲੱਡੂਆਂ ਦਾ ਡੱਬਾ ਲਿਆ ਕੇ ਸਾਡੇ ਟੇਬਲ 'ਤੇ ਰੱਖ ਦਿੱਤਾ, 'ਲੜਕੀ ਦਾ ਵਿਆਹ ਹੈ ਜੀ, ਬਰਾਤ ਦੇ ਸਵਾਗਤ ਮੌਕੇ ਭਾਵੇਂ ਘੜੀ ਦੀ ਘੜੀ ਜ਼ਰੂਰ ਆਇਓ।'
-ਪਿੰਡ ਥੰਮਣਵਾਲ (ਫਿਲੌਰ)
ਮੋਬਾਈਲ : 98722-56005