ਸੱਥ ਦੇ ਥੜ੍ਹੇ 'ਤੇ ਬੈਠੇ ਬਿਸ਼ਨੇ ਬਾਬੇ ਨੇ ਲੰਘੇ ਜਾਂਦੇ ਸੁਖਚੈਨ ਨੂੰ ਆਵਾਜ਼ ਮਾਰ ਕੇ ਕਿਹਾ, 'ਉਰੇ ਆ ਪੁੱਤਰਾ।'
'ਸਤਿ ਸ੍ਰੀ ਅਕਾਲ ਬਾਬਾ ਜੀ', ਸੁਖਚੈਨ ਦੇ ਸੰਘ ਵਿਚੋਂ ਮਸਾਂ ਹੀ ਆਵਾਜ਼ ਨਿਕਲੀ, ਸੁਖਚੈਨ ਬੇਹੱਦ ਉਦਾਸ ਸੀ।
'ਕਿਵੇਂ ਘਰਵਾਲੀ ਨਾਲ ਕੋਈ ਝਗੜਾ ਹੋ ਗਿਆ, ਕੱਲ੍ਹ ਉਸ ਦੇ ਮਾਂ-ਬਾਪ ਆ ਕੇ ਲੈ ਗਏ, ਮੈਂ ਪਿੰਡ ਵਾਲਿਆਂ ਤੋਂ ਸੁਣਿਆ।'
'ਹਾਂ ਬਾਬਾ ਜੀ' ਕਹਿ ਕੇ ਸੁਖਚੈਨ ਰੋ ਪਿਆ।
ਬਿਸ਼ਨੇ ਤਾਏ ਨੇ ਬਾਂਹ ਫੜ ਕੇ ਸੁਖਚੈਨ ਨੂੰ ਗਲ ਨਾਲ ਲਾ ਲਿਆ, 'ਨਾ ਮੇਰਾ ਪੁੱਤ, ਰੋਂਦੇ ਨੀ ਹੁੰਦੇ, ਖੁੱਲ੍ਹ ਕੇ ਦੱਸ ਕੀ ਗੱਲ ਐ।'
ਸੁਖਚੈਨ ਨੇ ਸਾਰੀ ਗੱਲ ਦੱਸ ਦਿੱਤੀ।
'ਅੱਛਾ ਇਹ ਗੱਲ ਐ, ਕੁੜੀ ਰਹਿਣਾ ਚਾਹੁੰਦੀ ਐ, ਕੁੜੀ ਦੀ ਮਾਂ ਤੇ ਤਾਈ ਰਹਿਣ ਨੀਂ ਦਿੰਦੀਆਂ। ਕੋਈ ਗੱਲ ਨੀ ਪੁੱਤਰਾ, ਮੈਂ ਤੇਰੇ ਨਾਲ ਚੱਲਦਾਂ।' ਤਾਇਆ ਬਿਸ਼ਨਾ ਸੁਖਚੈਨ ਨਾਲ ਉਸ ਦੇ ਘਰ ਆ ਗਿਆ। ਸੁਖਚੈਨ ਦੇ ਬਾਪ ਨਾਲ ਸਾਰੀ ਗੱਲ ਕੀਤੀ। ਅਗਲੇ ਦਿਨ ਸੁਖਚੈਨ ਤੇ ਉਸ ਦੇ ਮਾਂ-ਬਾਪ ਨੂੰ ਲੈ ਕੇ ਤਾਇਆ ਬਿਸ਼ਨਾ ਉਸ ਦੇ ਸਹੁਰੀਂ ਚਲਿਆ ਗਿਆ।
ਸੁਖਚੈਨ ਦੀ ਵਹੁਟੀ ਚੁੱਪ ਬੈਠੀ ਸੀ। ਉਸ ਦੀ ਮਾਂ ਤੇ ਤਾਈ ਨੇ ਸੁਖਚੈਨ ਦੇ ਮਾਂ-ਬਾਪ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਤਾਏ ਬਿਸ਼ਨੇ ਨੇ ਇਸ਼ਾਰਾ ਕੀਤਾ ਜੋ ਵੀ ਬੋਲਣੈਂ ਖੁੱਲ੍ਹ ਕੇ ਬੋਲੋ। ਕਾਫ਼ੀ ਦੇਰ ਬੋਲ ਕੇ ਦੋਵੇਂ ਚੁੱਪ ਕਰ ਗਈਆਂ ਤਾਂ ਤਾਏ ਬਿਸ਼ਨੇ ਨੇ ਬੋਲਣਾ ਸ਼ੁਰੂ ਕੀਤਾ। ਭਾਈ ਕੁੜੀ ਹੁਣ ਇਨ੍ਹਾਂ ਦੀ ਐ, ਥੋਡੀ ਨੀਂ। ਨੰਦਾਂ ਤੋਂ ਬਾਅਦ ਕੁੜੀ ਰੋਟੀ ਬਰਾਤ ਨਾਲ ਖਾਂਦੀ ਐ। ਕਬੀਲਦਾਰਾਂ ਨੂੰ ਕਦੇ ਲੂਣ ਨਾਲ ਵੀ ਖਾਣੀ ਪੈਂਦੀ ਐ। ਮੈਂ ਸਾਂਝਾ ਬੰਦਾ ਬਣ ਕੇ ਆਇਐਂ, ਬਈ ਕਿਸੇ ਦਾ ਘਰ ਨਾ ਉਜੜੇ। ਗੱਲ ਜਿੰਨੀ ਛੇਤੀ ਸੰਭਾਲੀ ਜਾਵੇ ਚੰਗੀ ਐ, ਮੈਂ ਇਨ੍ਹਾਂ ਦੀ ਜ਼ਿੰਮੇਵਾਰੀ ਉਠਾਉਂਦਾ। ਕੁੜੀ ਨੂੰ ਤਿਆਰ ਕਰੋ, ਕੁਝ ਚਿਰ ਘੁਸਰ-ਮੁਸਰ ਹੁੰਦੀ ਰਹੀ, ਫਿਰ ਉਹ ਮੰਨ ਗਏ। ਤਾਇਆ ਬਿਸ਼ਨਾ ਤੇ ਸੁਖਚੈਨ ਦੇ ਮਾਂ-ਬਾਪ ਸੁਖਚੈਨ ਦੀ ਵਹੁਟੀ ਪ੍ਰੀਤ ਨੂੰ ਲੈ ਕੇ ਪਿੰਡ ਆ ਗਏ। ਤਾਏ ਬਿਸ਼ਨੇ ਦੇ ਇਸ ਕੰਮ ਦੀ ਸਾਰੇ ਪਿੰਡ ਨੇ ਪ੍ਰਸੰਸਾ ਕੀਤੀ।
-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)
ਮੋਬਾਈਲ : 98783-25301