ਸੁਰਿੰਦਰ ਸਿੰਘ ਦਿੱਲੀ ਸੈਕਟਰੀਏਟ ਦੇ ਦਫ਼ਤਰ ਵਿਚ ਕਲਰਕ ਦੀ ਜਾਬ ਕਰਦਾ ਸੀ, ਅੰਮ੍ਰਿਤਧਾਰੀ ਸਿੰਘ, ਜ਼ਹਿਨੀ ਤੌਰ 'ਤੇ ਸ਼ਰੀਫ਼ ਆਦਮੀ ਆਪਣੀ ਨੌਕਰੀ ਨੂੰ ਪੂਰੀ ਤਰ੍ਹਾਂ ਸਮਰਪਿਤ, ਤਨਖ਼ਾਹ ਨਾਲ ਪੂਰੀ ਸੰਤੁਸ਼ਟੀ, ਇਕ ਖ਼ੂਬਸੂਰਤ ਪਤਨੀ ਅਤੇ ਇਕ ਤਿੰਨ ਸਾਲ ਦੀ ਸੁੰਦਰ ਪਿਆਰੀ ਬੱਚੀ ਦਾ ਪਿਤਾ, ਆਪਣੇ ਪਰਿਵਾਰ ਆਪਣੀ ਪਤਨੀ ਨੂੰ ਪੂਰੀ ਤਰ੍ਹਾਂ ਸਮਰਪਿਤ। ਪਰ ਹੋਣੀ ਵੀ ਆਦਮੀ ਦੇ ਸਮੁੱਚੇ ਔਰੇ ਦੇ ਵਿਚ ਹੀ ਮੌਜੂਦ ਰਹਿੰਦੀ ਹੈ, ਮੌਕਾ ਲਗਦਿਆਂ ਹੀ ਵਾਰ ਕਰ ਜਾਂਦੀ ਹੈ।
ਅੱਜ ਉਸ ਦਾ ਸਕੂਟਰ ਖ਼ਰਾਬ ਹੋ ਗਿਆ ਸੀ, ਮਕੈਨਿਕ ਨੂੰ ਸੰਭਾਲ ਕੇ ਬਸ ਵਿਚ ਦਫ਼ਤਰ ਆਇਆ ਸੀ, ਹੁਣ ਛੁੱਟੀ ਹੋਣ 'ਤੇ ਬਸ ਵਿਚ ਹੀ ਘਰ ਜਾ ਰਿਹਾ ਸੀ, ਪੰਜ ਸਾਢੇ ਪੰਜ ਦਾ ਟਾਈਮ ਹੋਣ ਕਰਕੇ ਬਸ ਵਿਚ ਪੂਰੀ ਭੀੜ ਸੀ। ਇਸ ਦੇ ਇਕ ਹੱਥ ਵਿਚ ਲੰਚ ਬਾਕਸ ਦੂਜੇ ਹੱਥ ਨਾਲ ਉਪਰਲੇ ਡੰਡੇ ਨੂੰ ਫੜਿਆ ਹੋਇਆ। ਦੁੱਧ ਧੋਤੀ ਚਿੱਟੀ ਕਮੀਜ਼, ਦਫ਼ਤਰੀ ਬਾਬੂ ਹੋਣ ਕਰਕੇ ਦਾੜੀ ਕੱਸ ਕੇ ਬੰਨ੍ਹੀ ਹੋਈ, ਗਲੇ ਵਿਚ ਨੀਲੀ ਟਾਈ, ਅੱਗੇ ਇਕ ਲੇਡੀ ਖੜ੍ਹੀ ਸੀ, ਉਸੇ ਤਰ੍ਹਾਂ ਡੰਡੇ ਨੂੰ ਹੱਥ ਪਾ ਕੇ, ਪੂਰਾ ਸੁਚੇਤ ਸੀ ਬਸ ਦੇ ਧੱਕਿਆਂ ਨਾਲ ਮੁਹਤਰਮਾ ਨਾਲ ਟਚ ਨਾ ਹੋ ਜਾਵਾਂ, ਪਿੱਛੇ ਕੌਣ ਹੈ ਕੋਈ ਪਤਾ ਨਹੀਂ, ਅਚਾਨਕ ਰੈੱਡ ਸਿਗਨਲ ਹੋਇਆ, ਡਰਾਈਵਰ ਨੇ ਇਕਦਮ ਬਰੇਕ ਲਗਾਈ ਸਵਾਰੀਆਂ ਨੂੰ ਝਟਕਾ ਲੱਗਿਆ ਪਿੱਛੇ ਖਲੋਤੀ ਲੜਕੀ ਦਾ ਸਿਰ ਵੀ ਅੱਗੇ ਵੱਲ ਉਲਰਿਆ, ਉਸ ਦੇ ਬੁੱਲਾਂ 'ਤੇ ਲਗੀ ਲਿਪਸਟਿਕ ਦੀ ਛਾਪ ਇਸਦੀ ਚਿੱਟੀ ਕਮੀਜ਼'ਤੇ ਛਪ ਗਈ। ਇਸ ਨੂੰ ਕੋਈ ਖ਼ਬਰ ਨਹੀਂ।
ਘਰ ਆ ਕੇ ਥਕਾਵਟ ਦਾ ਮਾਰਿਆ ਆਪਣਾ ਸਾਰਾ ਕਵਰ ਉਤਾਰ ਕੇ ਸਣੇ ਕਮੀਜ਼ ਜਿਹੜੀ ਉਸਨੇ ਦਰਵਾਜ਼ੇ ਦੀ ਪਿਛਲੀ ਕਿੱਲੀ ਉਤੇ ਟੰਗ ਦਿੱਤੀ ਸੀ, ਪਾਣੀ ਪੀ ਕੇ ਦੂਸਰੇ ਕਮਰੇ ਵਿਚ ਟੀ.ਵੀ. ਦੇਖਣ ਬਹਿ ਗਿਆ। ਪਤਨੀ ਚਾਹ ਲਿਆਈ, ਖ਼ਬਰਾਂ ਸੁਣਦਾ ਪੀਂਦਾ ਰਿਹਾ, ਪਤਨੀ ਕਿੱਲੀ ਟੰਗੇ ਕੱਪੜਿਆਂ ਵਿਚੋਂ ਧੋਣ ਯੋਗ ਕੱਪੜੇ ਉਤਾਰਨ ਲੱਗੀ, ਚਿੱਟੀ ਕਮੀਜ਼ ਉਸ ਨੇ ਨਹੀਂ ਉਤਾਰੀ ਕਿਉਂਕਿ ਉਹ ਸਫ਼ੇਦ ਕਮੀਜ਼ ਦੋ ਦਿਨ ਚਲਾ ਲੈਂਦਾ ਸੀ, ਇਕਦਮ ਪਤਨੀ ਦੀ ਨਜ਼ਰ ਕਮੀਜ਼ 'ਤੇ ਲੱਗੇ ਹੋਏ ਲਾਲ ਬੁੱਲਾਂ ਦੇ ਨਿਸ਼ਾਨ 'ਤੇ ਪਈ। ਇਕਦਮ ਚੋਂਕ ਗਈ। ਹੈਰਾਨੀ ਅਤੇ ਗੁੱਸੇ ਨਾਲ ਭਰ ਗਈ। ਪਤੀ ਦੀ ਸ਼ਰਾਫ਼ਤ ਦਾ ਮੁਖੌਟਾ ਉਤਰ ਚੁੱਕਿਆ ਸੀ, ਰਾਤ ਖਾਣਾ ਖਾ ਕੇ ਮੇਰੀ ਤਬੀਅਤ ਠੀਕ ਨਹੀਂ ਹੈ, ਕਹਿਕੇ ਸੌਂ ਗਈ ਸੀ, ਸਵੇਰੇ ਤਿਆਰੀ ਵੇਲੇ ਸੁਰਿੰਦਰ ਸਿੰਘ ਨੂੰ ਕਮੀਜ਼ ਨਹੀਂ ਮਿਲੀ ਪੁੱਛਿਆ। ਉਹ ਤਾਂ ਤੁਹਾਡੇ ਬਸ 'ਤੇ ਆਣ-ਜਾਣ ਕਰਕੇ ਮੈਂ ਸੋਚਿਆ ਧੋ ਦਿੰਦੀ ਆਂ, ਤੁਹਾਨੂੰ ਦੂਸਰੀ ਦਿੰਦੀ ਹਾਂ, ਅੰਦਰ ਕੀ ਹੈ ਉਹ ਬੇਖ਼ਬਰ ਸੀ। ਲੰਚ ਬਾਕਸ ਲੈ ਕੇ ਸਕੂਟਰ 'ਤੇ ਦਫ਼ਤਰ। ਇਸ ਦੇ ਜਾਣ ਤੋਂ ਬਾਅਦ ਪਤਨੀ ਨੇ ਫ਼ੋਨ ਕਰਕੇ ਆਪਣੇ ਭਰਾ ਅਤੇ ਮਾਤਾ ਨੂੰ ਬੁਲਾਇਆਂ ਕਮੀਜ਼ ਸਾਹਮਣੇ ਰੱਖ ਦਿੱਤੀ ਭਰਾ ਕਹਿਣ ਲੱਗਾ ਇਨ੍ਹਾਂ ਲੋਕਾਂ ਨੇ ਧਰਮ ਨੂੰ ਤਾਂ ਮਖੌਲ ਬਣਾਇਆ ਹੋਇਐ, ਤੂ ਸਾਡੇ ਨਾਲ ਚੱਲ।
ਦੋ ਘੰਟੇ ਬਾਅਦ ਸੁਰਿੰਦਰ ਸਿੰਘ ਨੂੰ ਦਫ਼ਤਰ ਦੇ ਪਤੇ 'ਤੇ ਤਲਾਕ ਦਾ ਨੋਟਿਸ ਪਹੁੰਚ ਗਿਆ ਸੀ, ਕਾਫ਼ੀ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਅਦਾਲਤ ਦੇ ਨਿਯਮਾਂ ਅਨੁਸਾਰ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਨੇ ਪਏ, ਅੱਖਾਂ ਵਿਚ ਅੱਥਰੂ ਸਨ। ਬੱਚਾ ਮਾਂ ਕੋਲ ਰਹੇਗਾ, ਇਤਨੇ ਰੁਪਏ ਮਹੀਨਾ ਬਤੌਰ ਖਰਚਾ ਬੱਚੀ ਦਾ ਪਿਤਾ ਹਰ ਮਹੀਨੇ ਭਰੇਗਾ, ਇਹ ਅਦਾਲਤ ਦਾ ਹੁਕਮ ਸੀ।
-ਮੋਬਾਈਲ : 73550-14055