ਉਂਝ ਤਾਂ ਸਰਦਾਰ ਹੁਣੀ ਆਮ ਕਰਕੇ ਫ਼ਸਲ ਬਾੜੀ ਦਾ ਹਿਸਾਬ ਰੱਖਣ ਲਈ ਫਾਰਮ 'ਤੇ ਹੀ ਰਹਿੰਦੇ ਹਨ, ਪਰ ਕੁੜੀਆਂ ਦੇ ਸਕੂਲ ਅਤੇ ਕਾਲਜ ਦੇ ਕਰਤਾ-ਧਰਤਾ ਹੋਣ ਕਰਕੇ, ਦੂਜੇ ਚੌਥੇ ਅਧਿਆਪਕਾਂ ਦੇ ਆਉਣ-ਜਾਣ ਦਾ ਸਮਾਂ ਚੈੱਕ ਕਰਨ ਲਈ ਜੀਪ ਦੁੜਾਣੀ ਪੈ ਜਾਂਦੀ ਏ, ਜਾਂ ਤਨਖਾਹ ਦੇ ਚੈੱਕ ਦੇਣ ਤੋਂ ਪਹਿਲਾਂ ਕਟੌਤੀ ਦੀ ਰਕਮ ਨਕਦ ਵਸੂਲ ਕਰ ਕੇ ਖਾਤੇ ਵਿਚ ਪਾਉਂਦਿਆਂ ਈ ਦਿਹਾੜੀ ਲੱਗ ਜਾਂਦੀ ਏ, ਜਾਂ ਚਰਿਤਰਹੀਣਤਾ ਦੇ ਦੋਸ਼ ਹੇਠ ਕੱਢ ਕੇ ਨਵੀਂ ਅਧਿਆਪਕਾ ਭਰਤੀ ਕਰਨ ਲਈ ਸ਼ਹਿਰ ਗਿਆਂ ਥੋੜ੍ਹਾ ਬਹੁਤ ਸਮਾਂ ਲੱਗ ਹੀ ਜਾਂਦਾ ਆ।
ਉਂਝ ਤਾਂ ਸਰਦਾਰ ਹੁਣੀ ਡੇਰ੍ਹੀ ਵਿਚਲੀਆਂ ਵਿਦੇਸ਼ੀ ਜਿਣਸ ਦੀਆਂ ਮੱਝਾਂ ਗਾਈਆਂ ਦਾ ਧਿਆਨ ਰੱਖਣ ਲਈ ਆਮ ਕਰਕੇ ਫਾਰਮ 'ਤੇ ਹੀ ਰਹਿੰਦੇ ਹਨ, ਪਰ ਮੱਸਿਆ, ਪੁੰਨਿਆਂ, ਸੰਗਰਾਦ, ਗੁਰਪੁਰਬ ਤੇ ਹੋਰ ਦਿਨ-ਦਿਹਾੜੇ, ਆਪਣੇ ਨਾਂਅ ਥੱਲੇ ਉਸਾਰੇ ਗੁਰਦੁਆਰੇ ਵਿਚ ਰੱਖੇ ਪਾਠ ਦੇ ਭੋਗ ਸਮੇਂ ਆਪਣੇ ਸਕੂਲ ਦੇ ਬੱਚੇ ਗੁਰਦਵਾਰੇ ਬਿਠਾ ਕੇ, ਢਾਡੀਆਂ ਦੀਆਂ ਵਾਰਾਂ ਸੁਣਨ ਅਤੇ ਪ੍ਰਸ਼ਾਦ ਵਰਤਣ ਤੱਕ ਉਨ੍ਹਾਂ ਨੂੰ ਆਪ ਵੀ ਉਥੇ ਹੀ ਬਿਰਾਜੇ ਰਹਿਣਾ ਪੈਂਦਾ ਏ, ਜਾਂ ਦੇਸ਼-ਵਿਆਪੀ ਪ੍ਰਬੰਧਕ ਕਮੇਟੀ ਦੇ ਕਾਰਕੁਨ ਹੋਣ ਨਾਤੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦਾ ਨਿਰੀਖਣ ਕਰਨ ਲਈ ਸਮੇਂ-ਸਮੇਂ ਲੰਮੇ ਦੌਰਿਆਂ 'ਤੇ ਜਾਣਾ ਈ ਪੈਂਦਾ ਐ।
ਉਂਝ ਤਾਂ ਸਰਦਾਰ ਹੋਣਾਂ ਨੂੰ ਫਾਰਮ ਵਿਚ ਚਲਦੇ ਮੁਰਗੀਖਾਨੇ ਦਾ ਵੀ ਫਿਕਰ ਐ ਪਰ ਇਲਾਕੇ ਦੇ ਇਕੋ-ਇਕ ਜਨ-ਸੇਵਕ ਹੋਣ ਕਰਕੇ ਸਰਕਾਰੇ, ਦਰਬਾਰੇ, ਅਦਾਲਤੀਂ, ਦਫ਼ਤਰੀਂ ਕਿਸੇ ਨਾ ਕਿਸੇ ਨਾਲ ਗਿਆਂ, ਕੁਝ ਇਕ ਦਿਨ ਰਾਜਧਾਨੀਆਂ ਵਿਚ ਰਹਿ ਕੇ ਵੀ ਲੋਕਾਂ ਦੇ ਕਾਰਜ ਸੁਆਰਨੇ ਈ ਪੈਂਦੇ ਹਨ।
ਉਂਝ ਤਾਂ ਸਰਦਾਰ ਹੋਰੀਂ ਫਾਰਮ ਵਿਚ ਚਲਦੇ ਤਿੰਨ ਟਰੈਕਟਰਾਂ, ਜੀਪ, ਕਾਰ, ਮੋਟਰਸਾਈਕਲ ਦੀ ਮਸ਼ੀਨਰੀ ਨੂੰ ਵਿਗੜਨ ਤੋਂ ਬਚਾਈ ਰੱਖਣ ਦਾ ਪੂਰਾ-ਪੂਰਾ ਯਤਨ ਕਰਦੇ ਹਨ ਪਰ ਗੁਰੂ ਦੀ ਨਗਰੀ ਵਿਚ ਚਲਦੇ ਸੋਲਾਂ ਸਤਾਰਾਂ ਟਰੱਕਾਂ ਵਿਚੋਂ ਕਿਸੇ ਨਾ ਕਿਸੇ ਦੀ ਕੀਤੀ ਘਟਨਾ-ਦੁਰਘਟਨਾ ਨੂੰ ਸੰਭਾਲਣ ਲਈ ਵੀ ਸਮਾਂ ਖ਼ਰਚ ਕਰਨਾ ਈ ਪੈਂਦਾ ਹੈ ਜਾਂ ਫਾਰਮ 'ਚੋਂ ਆਲੂ ਭਰ ਕੇ ਕਲਕੱਤੇ, ਬੰਬਈ, ਜੈਪੁਰ ਲੱਥੀਆਂ ਗੱਡੀਆਂ ਦੀ ਰਕਮ ਵਸਲੂਣ ਲਈ ਗਿਆਂ ਨੂੰ ਫਾਰਮੀ ਸੂਰਾਂ ਦੀ ਵਧੀ ਗਿਣਤੀ ਤੋਂ ਪੱਲਾ ਛੁਡਵਾਉਣ ਲਈ ਇਕ ਅੱਧ ਮਹੀਨਾ ਰੁਕਣਾ ਵੀ ਪੈਂ ਜਾਂਦਾ ਹੈ।
ਆਪਣੀ ਛਤਰ-ਛਾਇਆ ਹੇਠ ਚਲਦੀਆਂ 'ਸੰਸਥਾਵਾਂ' ਦੀ ਮਾਲੀ ਸਹਾਇਤਾਂ ਲਈ ਉਗਰਾਹੀ ਕਰਨ ਲਈ ਕਿਤੇ ਦੂਰ ਪਾਰ ਦੇਸ਼ਾਂ ਨੂੰ ਗਏ ਹੋਣ ਤਾਂ ਵੀ ਸਭ ਕਿਸਮ ਦੀਆਂ ਸਰਕਾਰਾਂ ਦਾ ਆਇਆ ਗਿਆ ਮੰਤਰੀ ਉਨ੍ਹਾਂ ਕੋਲ ਹੀ ਠਹਿਰਦਾ ਹੈ, ਇਸ ਲਈ ਸਭਨਾਂ ਦਾ ਵਿਚਾਰ ਇਹੋ ਕਿ ਆਮ ਕਰਕੇ ਸਰਦਾਰ ਹੁਰੀਂ ਫਾਰਮ ਵਿਚ ਹੀ ਰਹਿੰਦੇ ਹਨ, ਉਂਝ।
-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ,
ਜ਼ਿਲ੍ਹਾ : ਹੁਸ਼ਿਆਰਪੁਰ
ਸੰਪਰਕ : 94655-74866