ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਵਰਕਰ ਯੂਨੀਅਨ (ਸੀਟੂ) ਦੇ ਆਗੂਆਂ ਕਾਮਰੇਡ ਤਰਸੇਮ ਲਾਲ ਅਤੇ ਰਾਜ ਕੁਮਾਰ ਦੀ ਦੇਖ-ਰੇਖ ਹੇਠ ਪਿੰਡ ਲੰਡੇਰੋਡੇ ਦੀ ਇਕਾਈ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਇਕਾਈ ਦਾ ਪ੍ਰਧਾਨ ਨਰਿੰਦਰ ਕੌਰ, ਮੀਤ ਪ੍ਰਧਾਨ ਗੁਰਵਿੰਦਰ ਕੌਰ, ਸਕੱਤਰ ਅਮਨਦੀਪ ਕੌਰ ਤੇ ਮੀਤ ਸਕੱਤਰ ਮਲਕੀਤ ਕੌਰ ਚੁਣਿਆ ਗਿਆ | ਪ੍ਰਧਾਨਗੀ ਕਾਮਰੇਡ ਲਛਮਣ ਸਿੰਘ ਤੇ ਹਰਨੇਕ ਸਿੰਘ ਵਲੋਂ ਕੀਤੀ ਗਈ | ਭਰਾਤਰੀ ਜਥੇਬੰਦੀ ਵਲੋਂ ਬਲਜੀਤ ਸਿੰਘ ਨੇ ਹਾਜ਼ਰੀ ਲਵਾਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਛੇ ਮਹੀਨੇ ਪਹਿਲਾਂ ਮਨਰੇਗਾ ਕੰਮ ਵਿਚ ਕਟੌਤੀ ਕੀਤੀ ਗਈ ਸੀ, ਜਿਸ ਨਾਲ ਮਨਰੇਗਾ ਵਰਕਰਾਂ ਕੋਲੋਂ ਉਨ੍ਹਾਂ ਦਾ ਕੰਮ ਖੋਹ ਲਿਆ ਗਿਆ ਹੈ | ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਕੋਲ ਕੋਈ ਕੰਮ ਨਹੀਂ ਰਿਹਾ, ਕਿਉਂਕਿ ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਮਜ਼ਦੂਰਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਪਹਿਲਾਂ ਦੀ ਤਰ੍ਹਾਂ ਮਨਰੇਗਾ ਦਾ ਕੰਮ ਦਿੱਤਾ ਜਾਵੇ, ਮਜ਼ਦੂਰ ਨੂੰ ਸਾਰਾ ਸਾਲ ਕੰਮ ਅਤੇ 700 ਰੁਪਏ ਪ੍ਰਤੀ ਦਿਨ ਦਿਹਾੜੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮਜ਼ਦੂਰਾਂ ਨਾਲ ਧੱਕਾ ਜਾਰੀ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿਚ ਮਜ਼ਦੂਰ ਆਪਣੇ ਹੱਕਾਂ ਲਈ ਸੜਕਾਂ 'ਤੇ ਸੰਘਰਸ਼ ਸ਼ੁਰੂ ਕਰ ਦੇਣਗੇ | ਇਸ ਮੌਕੇ ਇਕਾਈ ਦੇ ਮੈਂਬਰ ਮਲਕੀਤ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਸੁਮਨਦੀਪ ਕੌਰ ਸੀਤਾ, ਵੀਰਪਾਲ ਕੌਰ, ਸੁਖਜੀਤ ਕੌਰ, ਅਮਨਦੀਪ ਅਮਨੇ, ਸੁਖਦੇਵ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |