ਮਲੋਟ, 25 ਸਤੰਬਰ (ਪਾਟਿਲ)-ਸਰਕਾਰੀ ਹਾਈ ਸਮਾਰਟ ਸਕੂਲ, ਮੰਡੀ ਹਰਜੀ ਰਾਮ ਦੇ ਗੇਟ ਮੂਹਰੇ ਇਕੱਤਰ ਹੋਏ ਬੱਚਿਆਂ ਨੇ ਸਕੂਲ ਦੇ ਡੀਪੀਈ ਮੰਗਲਦੀਪ ਸਿੰਘ ਦੀ ਬਦਲੀ ਦੇ ਖ਼ਿਲਾਫ਼ ਧਰਨਾ ਲਗਾ ਦਿੱਤਾ | ਧਰਨੇ ਦੌਰਾਨ ਬੱਚਿਆਂ ਦੇ ਮਾਪੇ ਅਤੇ ਸ਼ਹਿਰ ਦੇ ਹੋਰ ਮੋਹਤਬਾਰ ਵੀ ਮੌਕੇ 'ਤੇ ਆਏ, ਜਿਨ੍ਹਾਂ ਸਕੂਲ ਪਿ੍ੰਸੀਪਲ ਨਾਲ ਗੱਲਬਾਤ ਕੀਤੀ | ਪਿ੍ੰਸੀਪਲ ਨੇ ਸਕੂਲ ਦੇ ਸਮੂਹ ਅਧਿਆਪਕਾਂ ਦੀ ਹਾਜ਼ਰੀ ਵਿਚ ਕਿਹਾ ਕਿ ਡੀਪੀਈ ਮੰਗਲਦੀਪ ਸਿੰਘ ਨੇ ਬੱਚਿਆਂ ਨੂੰ ਗੁੰਮਰਾਹ ਕਰਕੇ ਸਕੂਲ ਮੂਹਰੇ ਧਰਨਾ ਲਗਵਾਇਆ ਹੈ, ਜੋ ਠੀਕ ਨਹੀਂ ਹੈ ਜਿਸਨੇ ਬੱਚਿਆਂ ਦੀ ਪੜ੍ਹਾਈ ਦਾ ਸਿੱਧਾ-ਸਿੱਧਾ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਮੰਗਲਦੀਪ ਸਿੰਘ ਮੁੱਖ ਅਧਿਆਪਕ ਨਾਲ ਵੀ ਢੰਗ ਨਾਲ ਗੱਲ ਨਹੀਂ ਕਰਦਾ | ਓਧਰ ਡੀਪੀਈ ਮੰਗਲਦੀਪ ਸਿੰਘ ਵੀ ਧਰਨੇ 'ਚ ਪੁੱਜ ਗਏ ਅਤੇ ਕਿਹਾ ਕਿ ਪਿ੍ੰਸੀਪਲ ਹਰਮੀਤ ਸਿੰਘ ਵਲੋਂ ਉਸ ਖ਼ਿਲਾਫ਼ ਫ਼ਰਜੀ ਸਬੂਤ ਬਣਾ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਸਪਾਲ ਮੌਂਗਾ ਨੂੰ ਭੇਜ ਰਿਹਾ ਹੈ | ਇਸ ਬਾਬਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਸਪਾਲ ਸਿੰਘ ਮੌਂਗਾ ਨੇ ਕਿਹਾ ਕਿ ਜੋ ਵੀ ਇਸ ਮਾਮਲੇ 'ਚ ਗਲਤ ਪਾਇਆ ਜਾਂਦਾ ਹੈ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ |