ਫਗਵਾੜਾ, 3 ਜੂਨ (ਹਰਜੋਤ ਸਿੰਘ ਚਾਨਾ)- ਫ਼ਰਦ ਕੇਂਦਰ ਸਟਾਫ਼ ਵਲੋਂ ਅੱਜ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਦੇ ਐਲਾਨ ਨਾਲ ਫ਼ਰਦ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ | ਫ਼ਰਦ ਕੇਂਦਰ ਸਟਾਫ਼ ਦਾ ਵਫ਼ਦ ਸੰਦੀਪ ਕੌਰ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਗੁਰਚਰਨ ਕਲੇਰ ਨੂੰ ਮਿਲਿਆ ਤੇ ਤਹਿਸੀਲਦਾਰ ਫਗਵਾੜਾ ਦੇ ਨਾਮ ਇਕ ਮੰਗ ਪੱਤਰ ਦਿੱਤਾ | ਜਿਸ 'ਚ ਕਿਹਾ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਤੇ ਉੱਚ ਅਧਿਕਾਰੀਆਂ ਦੇ ਉਦਾਸੀਨ ਰਵੱਈਏ ਤੋਂ ਨਿਰਾਸ਼ ਹੋ ਕੇ ਫ਼ਰਦ ਕੇਂਦਰ ਸਟਾਫ਼ ਪੰਜਾਬ ਵਲੋਂ 3 ਜੂਨ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਦਾ ਫ਼ੈਸਲਾ ਲਿਆ ਗਿਆ ਹੈ | ਫ਼ਰਦ ਕੇਂਦਰ ਸਟਾਫ਼ ਸੰਦੀਪ ਕੌਰ, ਬੱਬਨਦੀਪ ਕੌਰ, ਗੁਰਿੰਦਰ ਸਿੰਘ, ਹਰਜੀਤ ਸਿੰਘ, ਜਯੋਤੀ ਤੇ ਕੁਸ਼ੱਲਿਆ ਨੇ ਦੱਸਿਆ ਕਿ ਪੰਜਾਬ 'ਚ ਲਗਭਗ 900 ਤੋਂ ਵੱਧ ਫ਼ਰਦ ਕੇਂਦਰ ਮੁਲਾਜ਼ਮ ਹਨ | ਜਿਨ੍ਹਾਂ 'ਚ ਜ਼ਿਲ੍ਹਾ ਮੈਨੇਜਰ, ਅਪਰੇਟਰਸ ਤੇ ਇੰਜੀਨੀਅਰ ਸ਼ਾਮਲ ਹਨ | ਜੋ ਕਿ ਪਿਛਲੇ 18 ਸਾਲਾਂ ਤੋਂ ਫ਼ਰਦ ਕੇਂਦਰਾਂ 'ਚ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਨੇ ਦੂਰ ਦਰਾਜ਼ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖ਼ਾਹਾਂ 'ਤੇ ਦਿਨ ਰਾਤ ਇੱਕ ਕਰਕੇ ਸਾਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ ਹੈ | ਇਸ ਸਬੰਧੀ ਜਦੋਂ ਸੀ.ਐਮ.ਐਸ. ਕੰਪਿਊਟਰ ਲਿਮਿ. ਕੰਪਨੀ ਦੇ ਅਧਿਕਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 31 ਅਕਤੂਬਰ 2024 ਤੋਂ ਬਾਅਦ ਕੰਪਨੀ ਦਾ ਕੰਟਰੈਕਟ ਖ਼ਤਮ ਹੋ ਚੁੱਕਾ ਹੈ | ਸਰਕਾਰ ਨੇ ਕੰਟਰੈਕਟ ਅੱਗੇ ਵਧਾਉਣ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ | ਸਰਕਾਰ ਨੇ ਕੰਪਨੀ ਨੂੰ ਵੀ ਕੋਈ ਪੇਮੈਂਟ ਰਿਲੀਜ਼ ਨਹੀਂ ਕੀਤੀ | ਜਿਸ ਕਰਕੇ ਕੰਪਨੀ ਨੇ ਅਪ੍ਰੈਲ ਤੇ ਮਈ ਦੀ ਤਨਖ਼ਾਹਾਂ ਦੇਣ ਵਿਚ ਅਸਮਰਥਤਾ ਦਿਖਾਈ ਹੈ | ਉਨ੍ਹਾਂ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਫ਼ਰਦ ਕੇਂਦਰ ਨਾਲ ਸੰਬੰਧਿਤ ਕੰਮ ਕਿਸੇ ਹੋਰ ਢੰਗ ਨਾਲ ਚਲਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਹੋਰ ਜਗ੍ਹਾ ਐਡਜਸਟ ਕੀਤਾ ਜਾਵੇ | ਸਮੂਹ ਸਟਾਫ਼ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਭਵਿੱਖ ਸਬੰਧੀ ਕੋਈ ਫ਼ੈਸਲਾ ਨਹੀਂ ਲੈ ਲੈਂਦੀ, ਉਦੋਂ ਤੱਕ ਸ਼ਾਂਤੀ ਪੂਰਵਕ ਆਪਣੇ ਦਫ਼ਤਰ 'ਚ ਰਹਿ ਕੇ ਕਲਮ ਛੋੜ ਹੜਤਾਲ ਕਰਨਗੇ |